ਬਾਲਟੀ ਚੋਣ ਨਿਸ਼ਾਨ ‘ਤੇ ਹੀ ਚੋੜ ਲੜੇਗਾ ਅਕਾਲੀ ਦਲ (SAD)

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 26 ਮਾਰਚ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ (SAD) ਦੇ ਵਿਰੋਧੀਆਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਦੇ ਮੰਤਰੀ ਦੇ ਉਸ ਹੁਕਮ ‘ਤੇ ਰੋਕ ਲਗਾ ਦਿੱਤੀ ਜਿਸ ਰਾਹੀਂ ਅਕਾਲੀ ਦਲ ਨੂੰ ਚੋਣਾਂ ਲੜਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ।

ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਤੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਮੰਤਰੀ ਨੇ 16 ਮਾਰਚ 2021 ਨੁੰ ਇਕ ਹੁਕਮ ਜਾਰੀ ਕੀਤਾ ਸੀ। ਜਿਸ ਤਹਿਤ ਅਕਾਲੀ ਦਲ ਦੇ ਖਿਲਾਫ ਵੱਡੀ ਸਾਜ਼ਿਸ਼ ਰਚੀ ਗਈ ਸੀ। ਉਹਨਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਦਿੱਲੀ ਸਰਕਾਰ ਦੇ ਇਹਨਾਂ ਹੁਕਮਾਂ ਨੂੰ ਦਿੱਲੀ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ। ਅੱਜ ਦਿੱਲੀ ਹਾਈ ਕੋਰਟ ਦੇ ਜੱਜ ਰਾਜੀਵ ਸਹਾਏ ਐਂਡਲੋਅ ਅਤੇ ਅਮਿਤ ਬਾਂਸਲ ਦੇ ਦੋ ਮੈਂਬਰੀ ਬੈਂਚ ਦੀ ਅਦਾਲਤ ਵਿਚ ਸੁਣਵਾਈ ਸੀ।

ਉਹਨਾਂ ਦੱਸਿਆ ਕਿ ਹਾਈ ਕੋਰਟ ਨੇ ਦਿੱਲੀ ਸਰਕਾਰ ਦੇ ਉਸ ਹੁਕਮ ਯਾਨੀ ਨੋਟੀਫਿਕੇਸ਼ਨ ‘ਤੇ ਰੋਕ ਲਗਾ ਦਿੱਤੀ ਹੈ ਜਿਸਦਾ ਮਕਸਦ ਸਿਰਫ ਸ਼ੋ੍ਰਮਣੀ ਅਕਾਲੀ ਦਲ ਨੁੰ ਖੱਜਲ ਖੁਆਰ ਕਰਨਾ ਸੀ।

ਦਿੱਲੀ ਗੁਰਦੁਆਰਾ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ  ਪਹਿਲਾਂ ਦੀ ਸਥਿਤੀ ਬਹਾਲ ਹੋ ਗਈ ਹੈ ਜਿਸ ਮੁਤਾਬਕ 2013 ਅਤੇ 2017 ਦੀਆਂ ਚੋਣਾਂ ਹੋਈਆਂ ਹਨ। ਉਹਨਾਂ ਕਿਹਾ ਕਿ  ਕਾਨੁੰਨ ਤੌਰ ‘ਤੇ ਉਹ ਸਥਿਤੀ ਆ ਗਈ ਹੈ।

ਇਸ ਲਈ ਪਿਛਲੀਆਂ ਚੋਣਾਂ ਵਾਂਗ ਹੀ ਐਤਕੀਂ ਵੀ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਬਾਲਟੀ ਚੋਣ ਨਿਸ਼ਾਨ ਅਲਾਟ ਹੋਣਾ ਚਾਹੀਦਾ ਹੈ ਤੇ ਹੋਵੇਗਾ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ  ਬਾਲਟੀ ਦੇ ਚੋਣ ਨਿਸ਼ਾਨ ‘ਤੇ ਹੀ ਚੋਣਾਂ ਲੜਨਗੇ।

ਇਸ ਮੌਕੇ ਸਿਰਸਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਖੁਦ ਮੰਨਿਆ ਸੀ ਕਿ ਉਹਨਾਂ ਨੇ ਆਪ ਸਰਕਾਰ ਨਾਲ ਤਾਲਮੇਲ ਕਰ ਕੇ ਅਕਾਲੀ ਦਲ ਨੁੰ ਚੋਣਾਂ ਲੜਨ ਤੋਂ ਰੋਕਣ ਵਾਸਤੇ ਕਿਹਾ ਸੀ ਤੇ ਆਪ ਸਰਕਾਰ ਨੇ ਉਹਨਾਂ ਦੀ ਗੱਲ ਮੰਨ ਲਈ ਸੀ ਜਿਸ ਤਹਿਤ ਗੁਰਦੁਆਰਾ ਚੋਣਾਂ ਦੇ ਮੰਤਰੀ ਨੇ ਹੁਕਮ ਜਾਰੀ ਕੀਤੇ ਸਨ।

ਉਹਨਾਂ ਕਿਹਾ ਕਿ  ਜੀ ਕੇ ਤੇ ਹੋਰ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਈ ਹੈ ਜਦੋਂ ਹਾਈ ਕੋਰਟ ਨੇ ਉਹ ਗੈਰ ਕਾਨੁੰਨੀ ਹੁਕਮ ਰੱਦ ਕਰ ਦਿੱਤੇ ਹਨ।

Jeeo Punjab Bureau

Leave A Reply

Your email address will not be published.