ਪਿਆਰ ਦੀ ਭਾਸ਼ਾ ਸੱਭ ਨਹੀਂ ਸਮਝਦੇ

ਜੀਓ ਪੰਜਾਬ ਬਿਊਰੋ

ਲੇਖਕ- ਪ੍ਰਭਜੋਤ ਕੌਰ ਢਿੱਲੋਂ

ਪਿਆਰ ਦੀ ਭਾਸ਼ਾ ਅਤੇ ਪ੍ਰੀਭਾਸ਼ਾ ਹਰ ਕੋਈ ਨਹੀਂ ਸਮਝ ਸਕਦਾ।ਜਿਹੜੇ ਪਿਆਰ ਦੀ ਭਾਸ਼ਾ ਨਹੀਂ ਸਮਝਦੇ ਉਹ ਖੂੰਖਾਰ ਜਾਨਵਰਾਂ ਵਰਗੇ ਹੁੰਦੇ ਹਨ।ਉਨ੍ਹਾਂ ਨਾਲ ਜਿੰਨਾ ਮਰਜ਼ੀ ਪਿਆਰ ਕਰੋ ਉਹ ਡੰਗ ਮਾਰਨ ਤੋਂ ਨਹੀਂ ਹੱਟਦੇ।ਜਦੋਂ ਤੁਸੀਂ ਦੂਸਰਿਆਂ ਨੂੰ ਗਲਤ ਸਾਬਤ ਕਰਨ ਲੱਗ ਜਾਂਦੇ ਹੋ ਅਤੇ ਆਪ ਸਭ ਤੋਂ ਚੰਗੇ ਸਮਝਣ ਲੱਗ ਜਾਂਦੇ ਹੋ ਤਾਂ ਪਿਆਰ ਨੂੰ ਸਮਝਣ ਅਤੇ ਕਰਨ ਦੀ ਤਾਕਤ ਅਤੇ ਭਾਵਨਾ ਖਤਮ ਹੋ ਜਾਂਦੀ।ਇੱਕ ਬੜੀ ਪੁਰਾਣੀ ਕਹਾਣੀ ਹੈ,ਬਿਛੂਆਂ ਦੀ ਕਤਾਰ ਜਾ ਰਹੀ ਸੀ,ਕਿਸੇ ਨੇ ਪੁੱਛਿਆ ਕਿ ਤੁਹਾਡਾ ਲੀਡਰ ਕੌਣ ਹੈ?ਉਸਨੇ ਜਵਾਬ ਦਿੱਤਾ ਕਿ ਉਂਗਲ ਲਗਾਕੇ ਵੇਖ,ਜਿਹੜਾ ਡੰਗ ਮਾਰੇਗਾ ਉਹ ਹੀ ਸਾਡਾ ਲੀਡਰ ਹੈ।ਇਸ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਇਵੇਂ ਦੀ ਸੋਚ ਵਾਲੇ ਲੋਕ ਹੋਣਗੇ ਤਾਂ ਉਹ ਤੁਹਾਡੀ ਕਹੀ ਗਈ ਹਰ ਗੱਲ ਦਾ ਇਵੇਂ ਦਾ ਮਤਲਬ ਕੱਢਣਗੇ ਕਿ ਤੁਹਾਨੂੰ ਡੰਗ ਮਾਰਨਗੇ।ਉਹ ਭਾਵਨਾਵਾਂ ਅਤੇ ਪਿਆਰ ਦੀ ਭਾਸ਼ਾ ਨਹੀਂ ਸਮਝਦੇ, ਉਨ੍ਹਾਂ ਦੀ ਫਿਤਰਤ ਡੰਗ ਮਾਰਨਾ ਹੈ,ਉਹ ਡੰਗ ਮਾਰੇ ਬਗੈਰ ਨਹੀਂ ਰਹਿ ਸਕਦਾ।

ਪਿਆਰ ਦੀ ਭਾਸ਼ਾ ਬਹੁਤ ਸਾਰੇ ਜਾਨਵਰ,ਪਸ਼ੂ  ਅਤੇ ਪੰਛੀ ਵੀ ਸਮਝਦੇ ਹਨ।ਘਰ ਵਿੱਚ ਪਾਲਤੂ ਕੁੱਤਾ ਆਪਣੇ ਮਾਲਕ ਦੇ ਪਿਆਰ ਨੂੰ ਸਮਝਦਾ ਹੈ ਕਿਉਂਕਿ ਉਹ ਉਸ ਨੂੰ ਰੋਟੀ ਦਿੰਦਾ ਹੈ ਪੇਟ ਭਰਨ ਨੂੰ। ਇਨਸਾਨ ਨੂੰ ਕੁੱਤਾ ਵਧੇਰੇ ਚੰਗਾ ਹੈ,ਇਥੇ ਮਾਪੇ ਬਹੁਤ ਸਾਰਾ ਵਕਤ ਅਤੇ ਬਹੁਤ ਸਾਰਾ ਪੈਸਾ ਔਲਾਦ ਤੇ ਲਗਾ ਦਿੰਦੇ ਹਨ ਅਤੇ ਔਲਾਦ ਬ੍ਰਿਧ ਆਸ਼ਰਮ ਛੱਡ ਆਉਂਦੀ ਹੈ ਜਾਂ ਫਿਰ ਘਰ ਵਿੱਚ ਜਿਉਣਾ ਔਖਾ ਕਰ ਦਿੰਦੀ ਹੈ।ਮਾਪੇ ਬਹੁਤ ਦੇਰ ਪਿਆਰ ਨਾਲ ਸਭ ਠੀਕ ਕਰਨਾ ਚਾਹੁੰਦੇ ਹਨ,ਪਰ ਨੂੰਹ ਪੁੱਤ ਇਸ ਨੂੰ ਉਨ੍ਹਾਂ ਦੀ ਕਮਜ਼ੋਰੀ ਸਮਝਣ ਲੱਗ ਜਾਂਦੇ ਹਨ।ਪਿਆਰ ਨੂੰ ਤਾਕਤ ਬਣਾਕੇ ਜਿਉਣ ਦੀ ਹਿੰਮਤ ਕਰਨੀ ਚਾਹੀਦੀ ਹੈ।ਯਾਦ ਰੱਖੋ ਸਾਰੇ ਪਿਆਰ ਦੀ ਭਾਸ਼ਾ ਨਹੀਂ ਸਮਝ ਸਕਦੇ।ਸਿਨੀਅਰ ਸਿਟੀਜ਼ਨ ਐਕਟ ਵਿੱਚ ਮਾਪਿਆਂ ਦੇ ਹੱਕ ਵਿੱਚ ਸਖਤ ਕਾਨੂੰਨ ਹੈ।ਆਪਣੀ ਜਾਇਦਾਦ ਨੂੰ ਕਿਸੇ ਵੀ ਦਬਾਅ ਹੇਠਾਂ ਆਕੇ ਕਰਵਾਉਣ ਦੀ ਗਲਤੀ ਨਹੀਂ ਕਰਨੀ ਚਾਹੀਦੀ।ਜਿਹੜੇ ਨੂੰਹ ਪੁੱਤ ਇੰਜ ਪਿਆਰ ਨਹੀਂ ਕਰਦੇ ਅਤੇ ਪਿਆਰ ਦੀ ਭਾਸ਼ਾ ਨਹੀਂ ਸਮਝਦੇ,ਉਹ ਕਦੇ ਵੀ ਨਹੀਂ ਸਮਝਣਗੇ।ਜੇਕਰ ਉਹ ਪਿਆਰ ਦੀ ਭਾਸ਼ਾ ਨਾ ਸਮਝਣ ਵਾਲਿਆਂ ਵਿੱਚ ਹਨ ਤਾਂ ਪੈਸੇ ਅਤੇ ਜਾਇਦਾਦ ਦੇਕੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।ਉਹ ਪਿਆਰ ਦੀ ਭਾਸ਼ਾ ਸਮਝਣ ਵਾਲਿਆਂ ਦੀ ਸ਼੍ਰੇਣੀ ਦੇ ਨਹੀਂ ਹਨ।ਜਿਹੜੇ ਪੁੱਤ ਮਾਪਿਆਂ ਨੂੰ ਪਿਆਰ ਅਤੇ ਸਤਿਕਾਰ ਨਹੀਂ ਦਿੰਦੇ, ਉਹ ਜਾਣੇ ਅਣਜਾਣੇ ਪਤਨੀ ਮਾਪਿਆਂ ਦੀ ਬੇਇਜ਼ਤੀ ਕਰਨ ਦੀ ਇਜਾਜ਼ਤ ਦੇ ਰਹੇ ਹੁੰਦੇ ਹਨ।ਜਿਹੜਾ ਲੜਕਾ, ਪਤਨੀ ਦੇ ਨਾਲ ਬੈਠਕੇ ਮਾਪਿਆਂ ਵਿੱਚ ਨੁਕਸ ਕੱਢਦਾ ਹੈ,ਉਹ ਮਾਪਿਆਂ ਨੂੰ ਪਿਆਰ ਨਹੀਂ ਕਰ ਸਕਦਾ ਅਤੇ ਉਹ ਪਿਆਰ ਦੀ ਭਾਸ਼ਾ ਨਹੀਂ ਸਮਝ ਸਕਦਾ।ਮਦਰ ਟਰੇਸਾ ਅਨੁਸਾਰ,”ਜੇ ਤੁਸੀਂ ਲੋਕਾਂ ਨੂੰ ਪਰਖਦੇ ਹੀ ਰਹੋਗੇ ਤਾਂ ਉਨ੍ਹਾਂ ਨਾਲ ਪਿਆਰ ਕਰਨ ਲਈ ਤੁਹਾਡੇ ਕੋਲ ਸਮਾਂ ਹੀ ਨਹੀਂ ਬਚੇਗਾ।”

ਹਰ ਕੋਈ ਵਕਤ ਬਦਲ ਗਏ ਦੀ ਗੱਲ ਕਰਦਾ ਹੈ।ਉਸ ਵਕਤ ਨਾਲ ਮਾਪਿਆਂ ਨੂੰ ਵੀ ਬਦਲ ਜਾਣਾ ਚਾਹੀਦਾ ਹੈ।ਆਪਣੀ ਜ਼ਿੰਦਗੀ ਮਰਜ਼ੀ ਨਾਲ ਜਿਉ,ਜਦੋਂ ਨੂੰਹ ਪੁੱਤ ਆਪਣੀ ਜ਼ਿੰਦਗੀ ਵਿੱਚ ਦਖਲ ਨਹੀਂ ਦੇਣ ਦਿੰਦੇ ਤਾਂ ਉਹ ਕਿਹੜੇ ਹੱਕ ਨਾਲ ਮਾਪਿਆਂ ਦੀ ਜ਼ਿੰਦਗੀ ਵਿੱਚ ਦਖਲ ਦਿੰਦੇ ਹਨ।ਇਸ ਬਾਰੇ ਜਿਵੇਂ ਸਪੱਸ਼ਟ ਉਹ ਕਹਿੰਦੇ ਹਨ ਉਵੇਂ ਹੀ ਸਾਫ਼ ਸਾਫ਼ ਕਹਿਣਾ ਵਧੇਰੇ ਚੰਗਾ ਹੈ।ਬਜ਼ੁਰਗਾਂ ਦੀਆਂ ਗੱਲਾਂ ਸੋਲਾਂ ਆਨੇ ਸੱਚ ਹਨ ਉਹ ਕਹਿ ਗਏ ਨੇ ਕਿ ਜਿਵੇਂ ਦਾ ਮੂੰਹ ਹੈ ਉਵੇਂ ਦੀ ਚਪੇੜ ਮਾਰੋ।ਬਿਛੂ ਕਦੇ ਡੰਗ ਮਾਰਨ ਤੋਂ ਨਹੀਂ ਹਟੇਗਾ,ਲੜਣ ਵਾਲਾ ਲੜਾਈ ਕਰਨ ਦੀ ਸਥਿਤੀ ਬਣਾ ਲਵੇਗਾ,ਸੂਰ ਨੂੰ ਜਿੰਨਾ ਮਰਜ਼ੀ ਨਹਾਉ,ਉਹ ਗੰਦ ਵਿੱਚ ਹੀ ਲਿਟੇਗਾ।ਜਿਸਦੀ ਫਿਤਰਤ ਲੜਾਈ ਦੀ ਹੋਵੇ,ਇੰਨਾ ਲਈ ਬਹੁਤ ਢੁੱਕਵੀਂ ਗੱਲ ਹੈ ਕਿ ਮੈਂ ਤੇਰੇ ਘਰ ਨਹੀਂ ਵੱਸਣਾ ਤੇਰੀ ਰੋਟੀ ਖਾਂਦੇ ਦੀ ਦਾੜ੍ਹੀ ਹਿਲਦੀ ਹੈ।ਇਸਨੂੰ ਮੰਨਕੇ ਚੱਲੋ ਕਿ ਪਿਆਰ ਦੀ ਭਾਸ਼ਾ ਸਭ ਨਹੀਂ ਸਮਝਦੇ।

From Prabhjot Kaur Dillon

Contact No. 9815030221

Jeeo Punjab Bureau

Leave A Reply

Your email address will not be published.