Congress ਆਗੂਆਂ ਵਲੋਂ ਵਾਰ-ਵਾਰ ਅਮਰਿੰਦਰ ਦੀ ਤੁਲਨਾ ਮਹਾਨ ਗੁਰੂ ਸਾਹਿਬਾਨ ਨਾਲ ਕਰਨਾ ਬਰਦਾਸ਼ਤ ਤੋਂ ਬਾਹਰ

“ਅਮਰਿੰਦਰ ਫੌਰਨ ਖਾਲਸਾ ਪੰਥ ਤੋਂ ਮੁਆਫੀ ਮੰਗਣ ਤੇ ਪਾਪੀ ਕਾਂਗਰਸੀਆਂ ਵਿਰੁੱਧ ਸਖਤ ਕਾਰਵਾਈ ਕਰਨ”

” ਅਮਰਿੰਦਰ ਆਪਣੇ ਆਪ ਨੂੰ ਗੁਰੂ ਸਾਹਿਬਾਨ ਦੇ ਬਰਾਬਰ ਅਖਵਾਉਣ  ਵਾਲਿਆਂ ਦਾ ਹਸ਼ਰ ਇਤਿਹਾਸ ਵਿਚੋਂ ਪੜ੍ਹ ਲੈਣ “

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 25 ਮਾਰਚ

ਸ਼੍ਰੋਮਣੀ ਅਕਾਲੀ ਦਲ (Shiromani Akali Dal) (SAD) ਦੇ ਤਿੰਨ ਸੀਨੀਅਰ ਆਗੂਆਂ ਨੇ ਅੱਜ ਕਾਂਗਰਸੀ ਆਗੂਆਂ ਵੱਲੋਂ ਵਾਰ-ਵਾਰ ਕੈਪਟਨ  ਅਮਰਿੰਦਰ ਸਿੰਘ ਦੀ ਤੁਲਨਾ ਗੁਰੂ ਸਾਹਿਬਾਨ ਨਾਲ ਕਰਨ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਮੁੱਖ ਮੰਤਰੀ  ਨੂੰ  ਪੁੱਛਿਆ ਕੀ ਉਹ ਸੱਚਮੁੱਚ  ਸਿੱਖ ਇਤਿਹਾਸ,ਸਿੱਖ ਪ੍ਰੰਪਰਾਵਾਂ, ਸਿੱਖ ਧਾਰਮਿਕ ਜਜ਼ਬੇ ਅਤੇ ਸਿੱਖ ਮਰਿਆਦਾ ਬਾਰੇ ਜਾਣੂੰ ਨਹੀਂ ਹਨ ? “ਜੇ ਤੁਸੀਂ  ਖਾਲਸਾ ਪੰਥ ਦੀਆਂ ਮਹਾਨ ਰਵਾਇਤਾਂ ਤੇ ਵਿਲੱਖਣ ਇਤਿਹਾਸ ਬਾਰੇ ਜਾਣੂੰ ਹੋ ਤਾਂ ਫਿਰ ਤੁਸੀਂ ਆਪਣੇ ਪਾਰਟੀ ਦੇ ਚਾਪਲੂਸਾਂ ਦੇ ਮੂਹੋਂ ਆਪਣੀ ਬਰਾਬਰੀ ਮਹਾਨ ਗੁਰੂ  ਸਾਹਿਬਾਨ ਨਾਲ ਕਿਓਂ ਕਰਵਾ ਰਹੇ ਹਨ ? ਕੀ ਮੀਡੀਆ ਵਿਚ ਇਹਨਾਂ ਬਾਰੇ ਇੰਨੀਆਂ ਵੱਡਿਆਂ  ਖਬਰਾਂ ਆਉਣ ਅਤੇ ਬਵਾਲ ਖੜੇ ਹੋਣ ਦੇ ਬਾਅਦ  ਵੀ ਤੁਸੀਂ ਇਹ ਦਿਖਾਵਾ ਕਰੋਗੇ ਕਿ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੇ ਸਾਥੀ ਕਿਵੇਂ ਤੁਹਾਨੂੰ ਮਹਾਨ ਗੁਰੂ ਸਾਹਿਬਾਨ ਦੇ ਬਰਾਬਰ ਦੱਸ ਰਹੇ ਹਨ? ਉਂਝ ਤੁਸੀਂ ਨਿੱਕੀ ਮੋਟੀ ਗੱਲ ਤੇ ਵੀ ਮੀਡੀਆ ਵਿਚ ਚਲੇ ਜਾਂਦੈ ਹੋ ਪਰ ਇਸ ਅਤੀ   ਸੰਵੇਦਨਸ਼ੀਲ ਮੁੱਦੇ ਤੇ ਆਖਿਰ ਤੁਸੀਂ ਇਹ ਚੁੱਪੀ ਕਿਓਂ ਧਾਰੀ ਹੋਈ ਹੈ ?”

ਅਕਾਲੀ ਆਗੂ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਤੇ ਕੈਪਟਨ ਦੀ ਵਜ਼ਾਰਤ ਵਿਚ ਉਹਨਾਂ ਦੇ ਸੀਨੀਅਰ ਸਾਥੀ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਤੇ ਹੁਣ ਭੋਆ ਤੋਂ ਕਾਂਗਰਸੀ ਐਮ ਐੱਲ ਏ ਜੁਗਿੰਦਰ ਪਾਲ ਵੱਲੋਂ  ਕੈਪਟਨ ਅਮਰਿੰਦਰ ਸਿੰਘ ਦੀ ਤੁਲਨਾ ਮਹਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਕਰਨ ਉੱਤੇ ਆਪਣੀ ਪਾਰਟੀ ਦਾ ਸਖਤ ਪ੍ਰਤੀਕਰਮ  ਪ੍ਰਗਟ ਕਰ ਰਹੇ ਸਨ। ਕੱਲ ਜੁਗਿੰਦਰ ਪਾਲ  ਮੀਡੀਆ  ਨਾਲ ਗੱਲ ਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਸਿੰਘ ਦੀ ਤਰੀਫ ਕਰਦਿਆਂ ਇਸ ਹੱਦ ਤੱਕ ਚਲੇ ਗਏ ਸਨ ਕਿ ਉਹਨਾਂ ਨੂੰ “ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ  ਦੇਵ ਜੀ ਮਹਾਰਾਜ ਵਾਂਗ  ਦਿਲ  ਦਾ  ਸੱਚਾ ਇਨਸਾਨ” ਹੀ ਐਲਾਨ ਦਿੱਤਾ। ਅਕਾਲੀ ਆਗੂਆਂ ਨੇ ਕਿਹਾ ਕਿ ਕੈਪਟਨ ਵੱਲੋਂ ਫੌਰੀ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਉਹ ਇਸ ਮਾਮਲੇ ਨੂੰ ਧਾਰਮਿਕ ਪੱਧਰ ਤੇ ਉਠਾਉਣਗੇ।

ਆਪਣੇ ਬਿਆਨ ਵਿਚ  ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ ਅਤੇ ਜਥੇਦਾਰ ਮਹੇਸ਼ ਇੰਦਰ  ਸਿੰਘ ਗਰੇਵਾਲ ਨੇ ਮੁੱਖ ਮੰਤਰੀ ਤੋਂ ਪੁੱਛਿਆ ਕਿ ਕੀ ਬਤੌਰ ਸਿੱਖ ਉਹ ਇਹ ਨਹੀਂ ਜਾਣਦੇ ਕਿ ਸਿੱਖ ਇਤਿਹਾਸ ਤੇ ਸਿੱਖੀ ਪ੍ਰੰਪਰਾਵਾਂ ਤੋਂ ਵਾਕਿਫ ਕੋਈ ਵੀ ਮਨੁੱਖ ਕਦੇ ਵੀ ਆਪਣੀ ਤੁਲਨਾ ਰੱਬੀ ਜੋਤ ਮਹਾਨ ਗੁਰੂ ਨਾਲ ਕਰਨ ਜਾਂ ਕਿਸੇ ਹੋਰ ਦੇ ਮੂਹੋਂ ਕਰਵਾਉਣ ਬਾਰੇ ਸੋਚ ਵੀ ਨਹੀਂ ਸਕਦਾ। ਅਜਿਹੀ ਤੁਲਨਾ ਕਰਨਾ ਜਾਂ ਕਰਵਾਉਣ ਜਾਂ ਆਪਣੀ ਤੁਲਨਾ ਗੁਰੂ ਸਾਹਿਬਾਨ ਨਾਲ ਹੁੰਦੀ ਸੁਣ ਕੇ ਚੁੱਪ ਰਹਿਣਾ ਤੇ ਇਤਰਾਜ਼ ਨਾ ਕਰਨਾ – ਇਹ ਸਭ ਕੁੱਝ ਸਿੱਖੀ ਮਰਿਆਦਾ   ਅਨੁਸਾਰ  ਇੱਕ ਬੱਜਰ  ਪਾਪ ਹੈ। “

ਅਕਾਲੀ ਆਗੂਆਂ ਨੇ ਅੱਗੇ ਚੱਲ ਕੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਖੀ ਮਾਣ ਮਰਿਆਦਾ ਅਤੇ ਮਹਾਨ ਗੁਰੂ ਸਾਹਿਬਾਨ ਪ੍ਰਤੀ ਇੰਨੀ ਸ਼ਹਿਨਸ਼ਾਹੀ ਲਾ-ਪਰਵਾਹੀ ਦਿਖਾਈ ਹੈ। “ਇਸ ਤੋਂ  ਪਹਿਲਾਂ ਕੈਪਟਨ ਅਮਰਿੰਦਰ ਸਿੰਘ ਇੱਕ ਜਨਤਕ ਇੱਕਠ ਵਿਚ ਪਾਵਨ ਗੁਰਬਾਣੀ ਨੂੰ ਹੱਥ ਵਿਚ ਲੈ ਕੇ , ਦਸਮੇਸ਼ ਪਿਤਾ ਜੀ ਨਾਲ ਸਬੰਧਿਤ ਤਖਤ ਸ਼੍ਰੀ ਦਮਦਮਾ ਸਾਹਿਬ ਨੂੰ ਹਾਜ਼ਿਰ ਨਾਜ਼ਿਰ ਦੱਸ ਕੇ ਦਸਮੇਸ਼ ਪਿਤਾ ਦੇ ਚਰਨਾਂ ਦੀਆਂ ਝੂਠੀਆਂ ਸੌਂਹਾਂ ਖਾਣ ਤੱਕ ਜਾ ਚੁੱਕੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਕਿਓਂਕਿ ਉਹਨਾਂ ਦਾ ਉਹ ਝੂਠ ਚੱਲ  ਗਿਆ ਸੀ  ਤੇ ਕਿਸੇ ਨੇ ਅਜੇ ਤੱਕ ਉਹਨਾਂ ਵੱਲੋਂ ਗੁਰੂ ਮਾਹਰਾਜ ਦੇ ਚਰਨਾਂ ਦੀ ਝੂਠੀ  ਸੋਂਹ ਖਾਣ ਤੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ, ਇਸ ਲਈ ਉਹ ਹੁਣ ਉਹ ਆਪਣੀ ਤੁਲਨਾ ਵੀ ਮਹਾਨ ਗੁਰੂ ਸਾਹਿਬਾਨ ਨਾਲ  ਕਰਵਾ ਸਕਦੇ ਹਨ ਤੇ ਇਸ ਨਾਲ ਕਿਸੇ  ਸਿੱਖ ਦੀਆਂ ਧਾਰਮਿਕ ਭਾਵਨਾਵਾਂ ਨੂੰ ਕੋਈ ਠੇਸ ਨਹੀਂ ਪਹੁੰਚੇਗੀ। ਅਜਿਹਾ ਸੋਚ ਕੇ ਕੈਪਟਨ ਸਿੱਖ ਕੌਮ ਦੇ ਮਨਾਂ ਅੰਦਰ ਗੁਰੂ ਸਾਹਿਬਾਨ ਲਈ ਅਥਾਹ ਸਤਿਕਾਰ ਤੇ ਸ਼ਰਧਾ ਪ੍ਰਤੀ ਬੇਮੁਖੀ ਦਿਖਾ ਰਹੇ ਹਨ।

ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਜਾਂ ਤਾਂ  ਮੁੱਖ ਮੰਤਰੀ ਇਸ ਗੱਲ ਦਾ ਜਵਾਬ ਦੇਣ ਕਿ ਉਹਨਾਂ ਦੇ ਚੇਲਿਆਂ ਵੱਲੋਂ ਕੀਤੀ ਗਈ ਇੰਨੀ ਵੱਡੀ ਭੁੱਲ ਉੱਤੇ ਉਹ ਅਜੇ ਤੱਕ  ਇੰਨੀ ਸਾਜ਼ਿਸ਼ੀ  ਚੁੱਪੀ ਕਿਓਂ ਧਾਰਨ ਕਰੀ  ਬੈਠੇ ਹਨ ਜਾਂ ਫਿਰ  ਉਹ ਖਾਲਸਾ ਪੰਥ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਅਕਾਲੀ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕੇ ਆਪਣੇ ਆਪ ਨੂੰ ਗੁਰੂ ਸਦਵਾਉਣ ਜਾਂ ਮਹਾਨ ਗੁਰੂ ਸਾਹਿਬਾਨ ਦੇ ਬਰਾਬਰ ਕਹਾਉਣ  ਵਾਲਿਆਂ ਦਾ ਸਿੱਖ ਇਤਿਹਾਸ ਵਿਚ ਕੀ ਹਸ਼ਰ ਹੁੰਦਾ ਆਇਆ ਹੈ।

“ਕੈਪਟਨ ਅਮਰਿੰਦਰ ਸਿੰਘ ਦੂਜਿਆਂ ਤੋਂ ਆਪਣੀ ਤੁਲਨਾ ਗੁਰੂ ਮਹਾਰਾਜ ਨਾਲ ਕਰਵਾ ਕੇ ਤੇ ਇਸ ਗੱਲ ਤੇ ਆਪ ਚਲਾਕੀ ਵਾਲੀ ਚੁੱਪ ਧਾਰ ਕੇ ਸਿਰਫ ਇਹ ਦੇਖਣਾ ਚਾਹੰਦੇ ਹਨ ਕਿ ਉਹਨਾਂ ਦਾ ਇਹ ਕੁਫਰ ਖਾਲਸਾ ਪੰਥ ਕਿਸ ਹੱਦ ਤੱਕ ਬਰਦਾਸ਼ਤ ਜਾਂ ਨਜ਼ਰ ਅੰਦਾਜ਼  ਕਰਦਾ ਹੈ। ਉਹਨਾਂ ਦਾ ਖਿਆਲ ਹੈ ਕਿ ਜੇ ਇਸ ਗੱਲ ਤੇ ਬਹੁਤਾ ਬਵਾਲ ਨਾ ਖੜਾ ਹੋਇਆ ਤਾਂ ਉਹ ਇਸ ਤਰਾਂ ਕਰਕੇ ਆਪਣਾ ਅਕਸ ਇਕ ਸੱਚੇ ਸੁਚੇ ਮਹਾਪੁਰਸ਼ ਵਾਲਾ ਅਤੇ ਗੁਰੂ ਸਾਹਿਬਾਨ ਵਰਗਾ ਬਣਾਉਣ ਵਿਚ ਕਾਮਯਾਬ ਹੋ  ਜਾਣਗੇ। ਸਾਨੂੰ ਹੈਰਾਨੀ ਹੈ ਕਿ ਉਹਨਾਂ ਨੂੰ ਅਜਿਹਾ ਲਗਦਾ ਹੈ ਕਿ ਖਾਲਸਾ ਪੰਥ ਆਪਣੇ ਮਹਾਨ ਗੁਰੂ ਸਾਹਿਬਾਨ ਪ੍ਰਤੀ ਅਜਿਹੇ ਬੱਜਰ ਪਾਪ ਵੱਲ ਗਫ਼ਲਤ ਦਿਖਾਏਗਾ ਅਤੇ ਮੁੱਖ ਮੰਤਰੀ ਆਪਣੇ ਇਸ ਕੋਝੇ ਹਥਕੰਡੇ ਵਿਚ  ਕਾਮਯਾਬ ਹੋ ਜਾਣਗੇ।”

ਅਕਾਲੀ  ਆਗੂਆਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਇਸ ਕੁਕਰਮ ਲਈ ਫੌਰਨ ਸਿੱਖ ਕੌਮ ਤੋਂ ਮੁਆਫੀ ਮੰਗਣ ਅਤੇ ਦੋਸ਼ੀ ਆਗੂਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ  ਕਰਨ ਨਹੀਂ ਤਾਂ ਉਹ ਖਾਲਸਾ ਪੰਥ ਦੇ  ਰੋਹ ਦਾ ਟਾਕਰਾ ਕਰਨ ਲਈ ਤਿਆਰ ਰਹਿਣ।

Jeeo Punjab Bureau

Leave A Reply

Your email address will not be published.