ਨਵਾਂ ਉਤਪਾਦ ‘VERKA DAIRY WHITENER’ ਲਾਂਚ, ਹੋਟਲਾਂ, ਘਰਾਂ ਤੇ ਸਫਰ ਕਰਨ ਵਾਲੇ ਯਾਤਰੂਆਂ ਲਈ ਹੋਵੇਗਾ ਸਹਾਈ ਸਿੱਧ

43

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 25 ਮਾਰਚ

ਡੇਅਰੀ ਮਾਰਕੀਟ ਵਿੱਚ ਆਪਣੇ ਉਚ ਮਿਆਰਾਂ ਅਤੇ ਵੱਖ-ਵੱਖ ਉਤਪਾਦਾਂ ਦੀ ਕਿਸਮ ਨਾਲ ਲੋਕਾਂ ਵਿੱਚ ਮਕਬੂਲ ਅਦਾਰੇ ਮਿਲਕਫੈਡ ਪੰਜਾਬ ਵੱਲੋਂ ਅੱਜ ਇਕ ਹੋਰ ਨਵੀਂ ਪੁਲਾਂਘ ਪੁੱਟਦਿਆਂ ਆਪਣਾ ਨਵਾਂ ਉਤਪਾਦ ‘ਵੇਰਕਾ ਡੇਅਰੀ ਵ੍ਹਾਈਟਨਰ’ ਲਾਂਚ ਕੀਤਾ ਗਿਆ।

ਸਹਿਕਾਰਤਾ ਮੰਤਰੀਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਇਥੇ ਮਿਲਕਫੈਡ ਦੇ ਮੁੱਖ ਦਫਤਰ ਵਿਖੇ ਵਧੀਕ ਮੁੱਖ ਸਕੱਤਰ ਸਹਿਕਾਰਤਾ ਕੇ.ਸਿਵਾ ਪ੍ਰਸਾਦ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ ਅਤੇ ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਦੀ ਹਾਜ਼ਰੀ ਵਿੱਚ ‘ਵੇਰਕਾ ਡੇਅਰੀ ਵ੍ਹਾਈਟਨਰ’ ਦੇ ਚਾਰ ਵੱਖ-ਵੱਖ ਭਾਰ ਵਰਗਾਂ ਦੇ ਪੈਕੇਟ ਲਾਂਚ ਕੀਤੇ ਗਏ ਜਿਨ੍ਹਾਂ ਵਿੱਚ 200 ਗ੍ਰਾਮ, 500 ਗ੍ਰਾਮ, ਇਕ ਕਿਲੋ ਅਤੇ ਸਾਢੇ ਸੱਤ ਕਿਲੋ ਦੀ ਪੈਕਿੰਗ ਸ਼ਾਮਲ ਸੀ।

ਮਿਲਕਫੈਡ ਪੰਜਾਬ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੇਰਕਾ ਵੱਲੋਂ ਲਾਂਚ ਕੀਤਾ ਡੇਅਰੀ ਵ੍ਹਾਈਟਨਰ ਕਿਸੇ ਵੀ ਥਾਂ ਚਾਹ, ਕਾਫੀ, ਦੁੱਧ ਬਣਾਉਣ ਲਈ ਸਿਰਫ ਗਰਮ ਪਾਣੀ ਮਿਲਾ ਕੇ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦੁੱਧ ਦੀ ਸਾਂਭ ਸੰਭਾਲ ਅਤੇ ਇਸ ਨੂੰ ਲਿਜਾਣਾ ਔਖਾ ਹੋਣ ਕਰਕੇ ਡੇਅਰੀ ਵ੍ਹਾਈਟਨਰ ਬਦਲ ਸਾਬਤ ਹੋਵੇਗਾ। ਇਕ ਕਿਲੋ ਵੇਰਕਾ ਡੇਅਰੀ ਵ੍ਹਾਈਟਨਰ ਤੋਂ 10 ਕਿਲੋ ਤਰਲ ਦੁੱਧ ਬਣਾਇਆ ਜਾ ਸਕਦਾ ਹੈ। ਇਸ ਵਿੱਚ ਖੰਡ 18 ਫੀਸਦੀ, ਫੈਟ 20 ਫੀਸਦੀ ਤੇ ਪ੍ਰੋਟੀਨ 22 ਫੀਸਦੀ ਹੈ। ਇਸ ਦੀ ਵਿਸ਼ੇਸਤਾ ਹੈ ਕਿ ਇਹ ਉਚ ਘੁਲਣਸ਼ੀਲਤਾ ਵਾਲਾ ਉਤਪਾਦ ਹੈ ਜੋ ਕਿ ਚਾਹ, ਦੁੱਧ, ਸ਼ੇਕ ਆਦਿ ਪੀਣ ਵਾਲੇ ਪਦਾਰਥ ਨੂੰ ਗਾੜਾ ਬਣਾਉਦਾ ਹੈ ਅਤੇ ਇਸ ਦੀ ਵਰਤੋਂ ਪੀਣ ਵਾਲੇ ਪਦਾਰਥਾਂ ਨੂੰ ਦੁੱਧ ਦਾ ਅਸਲੀ ਸਵਾਦ ਅਤੇ ਖੁਸ਼ਬੂ ਦਿੰਦੀ ਹੈ। ਕੀਮਤ ਪੱਖੋਂ ਇਹ ਵੀ ਉਪਭੋਗਤਾਵਾਂ ਲਈ ਵਾਜਬ ਅਤੇ ਲਾਹੇਵੰਦ ਹੈ।

ਸੰਘਾ ਨੇ ਅੱਗੇ ਦੱਸਿਆ ਕਿ ਲੋਕਾਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਵੇਰਕਾ ਨੇ ਪ੍ਰਸਿੱਧ ਹਲਦੀ ਦੁੱਧ ਦੀ ਸ਼ੁਰੂਆਤ ਕੀਤੀ ਹੈ ਅਤੇ ਖਪਤਕਾਰਾਂ ਦੀ ਸਹੂਲਤ ਲਈ ਪ੍ਰਸਿੱਧ ਪੀਓ ਨੂੰ ਨਵੀਂ ਸਹੂਲਤ ਵਾਲੀ ਪੀ.ਪੀ. (ਪੌਲੀਪ੍ਰੋਪਾਈਲਾਈਨ) ਬੋਤਲ ਵਿੱਚ ਲਾਂਚ ਕੀਤਾ ਹੈ। ਅਜੋਕੇ ਸਮੇਂ ਵਿੱਚ ਸਿਹਤਮੰਦ, ਪ੍ਰਤੀਰੋਧੀ ਗਤੀਸ਼ੀਲਤਾ ਵੱਲ ਵੱਦੇ ਖਪਤਕਾਰਾਂ ਦੇ ਰੁਝਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਵੇਰਕਾ ਨੇ ਹਾਲ ਵਿੱਚ ਹੀ ਕੁਦਰਤੀ ਫਰੂਟ ਫਲੇਵਰਾਂ ਜਿਵੇ ਕਿ ਸਟ੍ਰਆਬੇਰੀ, ਪਿੰਕ ਗੁਆਵਾ, ਲੀਚੀ ਵਿੱਚ ਨੈਚੂਰਲ ਫਰੂਟ ਆਈਸ ਕਰੀਮ ਲਾਂਚ ਕੀਤੀ ਸੀ। ਇਹ ਸਾਰੇ ਵੇਰਕਾ ਉਤਪਾਦ ਪ੍ਰਚੂਨ ਦੁਕਾਨਾਂ ਅਤੇ ਵੇਰਕਾ ਬੂਥਾਂ ‘ਤੇ ਉਪਲੱਬਧ ਹਨ।

ਮਿਲਕਫੈਡ ਵੱਲੋਂ 254 ਕਰੋੜ ਰੁਪਏ ਦੀ ਲਾਗਤ ਨਾਲ ਕਈ ਵਿਕਾਸ ਅਤੇ ਵਿਸਥਾਰ ਪ੍ਰਾਜੈਕਟ ਜਲੰਧਰ, ਲੁਧਿਆਣਾ, ਮੁਹਾਲੀ ਅਤੇ ਪਟਿਆਲਾ ਡੇਅਰੀਆਂ ਵਿਖੇ ਚੱਲ ਰਹੇ ਹਨ। ਪੰਜਾਬ ਸਰਕਾਰ ਅਤੇ ਨਾਬਾਰਡ ਵਲੋਂ ਦਿੱਤੀ ਗਈ 138 ਕਰੋੜ ਦੀ ਆਰਥਿਕ ਸਹਾਇਤਾ ਨਾਲ ਬੱਸੀ ਪਠਾਣਾ ਵਿਖੇ ਸ਼ੁਰੂ ਕੀਤਾ ਮੈਗਾ ਡੇਅਰੀ ਪ੍ਰਾਜੈਕਟ ਪ੍ਰਗਤੀ ਅਧੀਨ ਹੈ ਜਿਸ ਦੇ ਇਸ ਸਾਲ ਜੂਨ ਮਹੀਨੇ ਪੂਰਾ ਹੋਣ ਦੀ ਸੰਭਾਵਨਾ ਹੈ।

Jeeo Punjab Bureau

Leave A Reply

Your email address will not be published.