ਕਿਸਾਨ ਅੰਦੋਲਨ ਨੂੰ ਦੇਸ਼ ਪੱਧਰ ਉਤੇ ਮਜ਼ਬੂਤ ਕਰਨਾ ਹੀ ਅਗਲੀ ਰਣਨੀਤੀ : ਰੁਲਦੂ ਸਿੰਘ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 25 ਮਾਰਚ

ਸੰਯਕੁਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਸਬੰਧੀ ਅੱਜ ਇਥੇ ਕਿਸਾਨ ਭਵਨ ਵਿਖੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਦੇਸ਼ ਵਿਚ ਭਾਰਤ ਬੰਦ ਦੀ ਮੁਕੰਮਲ ਤਿਆਰੀ ਹੋ ਚੁੱਕੀ ਹੈ ਅਤੇ ਇਸ ਜਬਰਦਸਤ ਬੰਦ ਰਾਹੀਂ ਭਾਜਪਾ ਸਰਕਾਰ ਖਿਲਾਫ ਦੇਸ਼ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਲੋਕਾਂ ਦਾ ਗੁੱਸਾ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਲੜੇ ਜਾ ਰਹੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਪੂਰੇ ਦੇਸ਼ ਦੀਆਂ ਟਰੇਡ ਯੂਨੀਅਨਾਂ, ਮੁਲਾਜ਼ਮ ਜਥੇਬੰਦੀਆਂ, ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਅਤੇ ਵਪਾਰੀਆਂ ਦੀਆਂ ਜਥੇਬੰਦੀਆਂ ਨੇ ਉਤਰਦੇ ਹੋਏ ਇਹ ਸਾਬਤ ਕਰ ਦਿੱਤਾ ਹੈ ਕਿ ਸਾਰੇ ਦੇਸ਼ ਦੇ ਆਮ ਲੋਕ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸੌੜੀ ਰਾਜਨੀਤੀ ਉਤੇ ਚਲਦੀ ਹੋਈ ਹੁਣ ਕਿਸਾਨ ਅੰਦੋਲਨ ਨੂੰ ਕੋਰੋਨਾ ਦਾ ਬਹਾਨੇ ਖਤਮ ਕਰਨ ਦੇ ਮਨਸੂਬੇ ਪਾਲ ਰਹੀ ਹੈ, ਪਰ ਇਹ ਕਿਸਾਨ ਅੰਦੋਲਨ ਸਰਕਾਰ ਦੇ ਕਿਸੇ ਵੀ ਜਬਰ, ਜੁਲਮ ਜਾਂ ਅਖੌਤੀ ਬਿਮਾਰੀਆਂ ਦੇ ਖੜੇ ਜਾ ਰਹੇ ਬਹਾਨੇ ਨਾਲ ਖਤਮ ਨਹੀਂ ਹੋਵੇਗਾ।  ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕੋਰੋਨਾ ਦੇ ਨਾਮ ਉਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੀ ਕੋਰੋਨਾ ਸਿਰਫ ਸਕੂਲਾਂ ਵਿੱਚ ਹੀ ਜਾਂਦਾ, ਕੀ ਉਹ ਸ਼ਰਾਬ ਦੇ ਠੇਕਿਆਂ ਉਤੇ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਚੋਣਾਂ ਵਾਲੇ ਰਾਜਾਂ ਵਿਚ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਪਰ ਉਥੇ ਕੋਈ ਪਾਬੰਦੀਆਂ ਨਹੀਂ ਲਗਾਈਆਂ ਗਈਆਂ। ਸਿਰਫ ਅੰਦੋਲਨ ਵਾਲੇ ਸੂਬਿਆਂ ਵਿਚ ਹੀ ਅਜਿਹਾ ਕੀਤਾ ਜਾ ਰਿਹਾ ਹੈ। ਕੋਰੋਨਾ ਦੀਆਂ ਕੋਈ ਵੀ ਪਾਬੰਦੀਆਂ ਬਰਦਾਸਤ ਨਹੀਂ ਕੀਤੀਆਂ ਜਾਣਗੀਆਂ।

 ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ਼ ਮੌਕੇ 23 ਮਾਰਚ ਹੋਏ ਵੱਡੇ ਸਮਾਗਮਾਂ ਵਿੱਚ ਨੌਜਵਾਨਾਂ ਪੂਰੇ ਉਤਸਾਹ ਨਾਲ ਅੰਦੋਲਨ ਵਿੱਚ ਉਤਰੇ ਹਨ। ਉਨ੍ਹਾਂ ਕਿਹਾ ਕਿ ਕੁਝ ਕੁ ਲੋਕਾਂ ਵੱਲੋਂ ਪਿਛਲੇ ਸਮੇਂ ਦੌਰਾਨ ਇਹ ਪ੍ਰਚਾਰ ਕਰਨ ਦੀ ਕੋਸ਼ਿਸ ਕੀਤੀ ਗਈ ਕਿ ਕਿਸਾਨ ਆਗੂਆਂ ਅਤੇ ਨੌਜਵਾਨਾਂ ਵਿੱਚ ਕੋਈ ਫਰਕ ਪੈ ਰਿਹਾ ਹੈ, 23 ਮਾਰਚ ਨੂੰ ਨੌਜਵਾਨਾਂ ਦੀ ਸ਼ਮੂਲੀਅਤ ਨੇ ਸਿੱਧ ਕਰ ਦਿੱਤਾ ਕਿ ਕਿਸਾਨ ਆਗੂਆਂ ਅਤੇ ਨੌਜਵਾਨਾ ਵਿੱਚ ਕੋਈ ਫਰਕ ਨਹੀਂ ਹੈ, ਨੌਜਵਾਨ ਹੀ ਇਸ ਅੰਦੋਲਨ ਨੂੰ ਅੱਗੇ ਵਧਾ ਰਹੇ ਹਨ।

ਦੇਸ਼ ਦੇ ਕੁਝ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਕਿਸਾਨ ਆਗੂਆਂ ਵੱਲੋਂ ਭਾਜਪਾ ਵਿਰੁੱਧ ਕੀਤੇ ਗਏ ਚੋਣ ਪ੍ਰਚਾਰ ਸਬੰਧੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਸੂਬਿਆਂ ਵਿੱਚ ਲੋਕਾਂ ਵੱਲੋਂ ਕਿਸਾਨ ਅੰਦੋਲਨ ਨੂੰ ਭਰਪੂਰ ਸਮਰਥਨ ਦਿੰਦੇ ਹੋਏ ਇਸ ਅੰਦੋਲਨ ਸ਼ਾਮਲ ਹਨ। ਖਾਸ ਤੌਰ ਉਤੇ ਬੰਗਾਲ ਅਤੇ ਅਸਾਮ ਵਿਚ ਲੋਕਾਂ ਨੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੇ ਹੋਏ ਭਾਜਪਾ ਉਮੀਦਵਾਰ ਅਤੇ ਆਗੂਆਂ ਸਥਾਨਕ ਲੋਕਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ, ਭਾਜਪਾ ਨੂੰ ਟਿਕਟਾਂ ਦੇਣ ਲਈ ਉਮੀਦਵਾਰ ਵੀ ਨਹੀਂ ਲਭ ਰਹੇ।

ਕੁਲ ਹਿੰਦ ਕਿਸਾਨ ਮਹਾਂ ਸਭਾ ਦੇ ਕੌਮੀ ਮੀਤ ਪ੍ਰਧਾਨ ਅਤੇ ਹਰਿਆਣਾ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰੇਮ ਸਿੰਘ ਗਹਿਲਾਵਤ ਨੇ ਕਿਹਾ ਕਿ ਪਿਛਲੇ ਦਿਨੀਂ ਇਕ ਸੰਸਥਾ ਵੱਲੋਂ ਤਾਮਿਲਨਾਡੂ ਵਿੱਚ ਕਰਵਾਏ ਗਏ ਸਰਵੇ ਵਿੱਚ ਸਾਹਮਣੇ ਆਇਆ ਹੈ ਕਿ 80 ਫੀਸਦੀ ਲੋਕਾਂ ਨੇ ਕਿਸਾਨੀ ਕਾਨੂੰਨਾਂ ਦੇ ਸਵਾਲ ਉਤੇ ਸਰਕਾਰ ਦਾ ਵਿਰੋਧ ਜਿਤਾਇਆ ਹੈ। ਭਾਜਪਾ ਜੋ ਪਿਛਲੇ ਸਮੇਂ ਇਹ ਪ੍ਰਚਾਰ ਕਰਦੀ ਰਹੀ ਹੈ ਕਿ ਇਹ ਕਿਸਾਨ ਅੰਦੋਲਨ ਕੁਝ ਸੂਬਿਆਂ ਦਾ ਹੈ, ਪਰ ਇਸ ਸਰਵੇ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਅੰਦੋਲਨ ਦੇਸ਼ ਵਾਸੀਆਂ ਦਾ ਜਨ ਅੰਦੋਲਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਿਸਾਨ ਅੰਦੋਲਨ ਪੂਰੀ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ ਅਤੇ ਸਮੂਚਾ ਭਾਰਤ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਖਿਲਾਫ ਸੜਕਾਂ ਉਤੇ ਉਤਰਿਆ ਹੋਇਆ ਹੈ।

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਬਲਕਰਨ ਸਿੰਘ ਬੱਲੀ ਅਤੇ ਸੂਬਾ ਕਮੇਟੀ ਮੈਂਬਰ ਕੰਵਲਜੀਤ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਹ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਕਿ ਇਹ ਕਾਨੂੰਨ ਲਾਗੂ ਹੋਣ ਨਾਲ ਐਮਐਸਪੀ ਜਾਰੀ ਰਹੇਗੀ ਅਤੇ ਖਤਮ ਨਹੀਂ ਹੋਵੇਗੀ, ਪਰ ਮੋਦੀ ਸਰਕਾਰ ਨੇ ਜਦ ਗੈਸ ਸਿਲੰਡਰ ਉਤੇ ਸਿੱਧੀ ਸਬਸਿਡੀ ਲੋਕਾਂ ਦੇ ਖਾਤਿਆਂ ਵਿੱਚ ਪਾਉਣ ਦਾ ਐਲਾਨ ਕੀਤਾ ਸੀ ਤਾਂ ਉਸ ਸਮੇਂ ਵੀ ਕਿਹਾ ਸੀ ਕਿ ਸਬਸਿਡੀ ਖਤਮ ਨਹੀਂ ਹੋਵੇਗੀ, ਪਰ ਹੁਣ ਲੋਕਾਂ ਨੂੰ ਕੋਈ ਸਬਸਿਡੀ ਨਹੀਂ ਮਿਲ ਰਹੀ ਅਤੇ ਹੁਣ ਗੈਸ, ਡੀਜ਼ਲ ਪੈਟਰੋਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕਿਸੇ ਵੀ ਗੱਲ ਉਤੇ ਦੇਸ਼ ਵਾਸੀਆਂ ਨੂੰ ਕੋਈ ਯਕੀਨ ਨਹੀਂ ਰਿਹਾ। ਇਸ ਮੌਕੇ ਕਰਨੈਲ ਸਿੰਘ ਮਾਨਸਾ, ਜਤਿੰਦਰ ਸਿੰਘ ਹਾਜ਼ਰ ਸਨ।

Jeeo Punjab Bureau

Leave A Reply

Your email address will not be published.