ਕੀ Punjab ਦੇ 3 ਕਰੋੜ ਲੋਕ ਆਪਣੇ ਭਵਿੱਖ ਦੇ ਨੇਤਾ ਦੀ ਚੋਣ ’ਚ ਫਿਰ ਖਾਣਗੇ ਧੋਖਾ?

ਪੀਕੇ, ਕੇਜਰੀਵਾਲ, ਅਮਰਿੰਦਰ, ਸਿੱਧੂ ਜਾਂ ਸੁਖਬੀਰ ਕਿਸ ’ਤੇ ਹੋਵੇਗਾ ਭਰੋਸਾ

ਜੀਓ ਪੰਜਾਬ ਬਿਊਰੋ

ਅੰਮ੍ਰਿਤਪਾਲ ਸਿੰਘ ਧਾਲੀਵਾਲ

ਚੰਡੀਗਡ਼੍ਹ, 24 ਮਾਰਚ

ਪੰਜਾਬ ਵਿੱਚ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਨੀਤੀਕ ਮਹੌਲ ਗਰਮਾਉਣ ਲੱਗਾ ਹੈ। ਸੱਤਾ ਦੇ ਸ਼ਿਕਾਰੀਆਂ ਨੇ ਨਵੇਂ ਵਾਅਦਿਆਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸਿਆਸੀ ਮੰਚ ’ਤੇ ਅਜਿਹੀ ਧੂੜ ਉਡਾਈ ਜਾਵੇ ਜਿਸ ਨਾਲ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾਉਣਾ ਮੁਸ਼ਕਿਲ ਨਾ ਰਹੇ। ਦੇਖਿਆ ਜਾਵੇ ਤਾਂ ਪੰਜਾਬ ਦੀ ਧਰਤੀ ’ਤੇ ਠੀਕ ਪੰਜ ਸਾਲ ਪਹਿਲਾਂ ਵੀ ਜਦੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਮਹੌਲ ਗਰਮਾਉਣ ਲੱਗਾ ਸੀ ਤਾਂ ਸੱਤਾ ਦੇ ਮੈਦਾਨ ਵਿੱਚ ਤਿੰਨ ਸਿਆਸੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਤਿੰਨ ਧਿਰੀ ਲੜਾਈ ਦਿਖਾਈ ਦੇ ਰਹੀ ਸੀ। ਇਸ ਲਈ ਸਾਰੀਆਂ ਧਿਰਾਂ ਵੱਲੋਂ ਹੁੱਬ ਕੇ ਲੋਕਾਂ ਨੂੰ ਝੂਠੇ ਸੱਚੇ ਲਾਰਿਆਂ, ਦਾਅਵਿਆਂ ਅਤੇ ਵਾਅਦਿਆਂ ਰਾਹੀਂ ਭਰਮਾਉਣ ਦਾ ਯਤਨ ਕੀਤਾ।

ਉਸ ਸਮੇਂ ਪੰਜਾਬ ਦੀ ਫਿਜ਼ਾ ਵਿੱਚ ਅਚਾਨਕ ਹੀ ਕੁੱਝ ਨਾਹਰੇ ਗੁੰਜਣ ਲੱਗੇ ਸਨ। ਜਿਨ੍ਹਾਂ ਵਿੱਚ ਕੌਫੀ ਵਿਦ ਕੈਪਟਨ, ਪੰਜਾਬ ਦਾ ਕੈਪਟਨ, ਹਰ ਘਰ ਰੁਜ਼ਗਾਰ, ਕਰਜ਼ਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ, ਨਸ਼ਿਆਂ ਦਾ ਲੱਕ ਚਾਰ ਹਫਤਿਆਂ ’ਚ ਤੋੜਨਾਂ, ਕੇਬਲ ਮਾਫੀਆ, ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ ਦਾ ਭੋਗ ਪਾਉਣਾ ਵਗੈਰਾ ਵਗੈਰਾ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨਾਹਰੇ ਦੇਸ਼ ਦੇ ਮੰਨੇ ਪ੍ਰਮੰਨੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਲਵਾਏ ਗਏ ਸਨ। ਇਨ੍ਹਾਂ ਵਿੱਚੋਂ ਕਿੰਨੇ ਕੁ ਪੂਰੇ ਹੋਏ ਇਨ੍ਹਾਂ ਦਾ ਪਾਰ ਨਿਤਾਰਾ ਲੋਕਾਂ ਨੇ ਸਾਲ ਕੁ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਖੁਦ ਬ ਖੁਦ ਕਰ ਦੇਣਾ ਹੈ। ਕਿਉਂਕਿ ਚੋਣਾਂ ’ਚ ਸਿਰਫ਼ ਅਮਲਾਂ ਦੇ ਨਬੇੜੇ ਹੁੰਦੇ ਤੇ ਕਾਠ ਦੀ ਹਾਂਡੀ ਵਾਰ ਵਾਰ ਚੜ੍ਹਦੀ ਦੇਖੀ ਵੀ ਨਹੀਂ। ਪਰ ਸਦਕੇ ਜਾਈਏ ਪੰਜਾਬ ਦੇ ਲੋਕਾਂ ਦੇ ਕਿ ਜਿਸ ਸਰਕਾਰ ਨੇ ਚਾਰ ਸਾਲਾਂ ਵਿੱਚ ਲੋਕਾਂ ਨੂੰ ਨਿਰਾਸ਼ ਕੀਤਾ ਹੋਵੇ ਉਹੀ ਪਾਰਟੀ ਮੁੜ ਤੋਂ ਸੱਤਾ ਹਾਸਲ ਕਰਨ ਦੇ ਸੁਪਨੇ ਲੈਣ ਲੱਗੀ ਹੈ। ਸੁਪਨੇ ਲਵੇ ਵੀ ਕਿਉਂ ਨਾ ਕਿਉਂਕਿ ਹਾਕਮ ਧਿਰ ਨੂੰ ਰਾਜਨੀਤਕ ਮੈਦਾਨ ਤਾਂ ਸਾਫ ਦਿਖਾਈ ਦੇ ਰਿਹਾ ਹੈ।

ਪੰਜਾਬ ਵਿੱਚ ਤੀਜੀ ਧਿਰ ਵਜੋਂ ਉਭਰਨ ਦੇ ਸੁਪਨੇ ਪਾਲ ਰਹੀ ਆਮ ਆਦਮੀ ਪਾਰਟੀ ਨੂੰ ਕੋਈ ਕੱਦਾਵਰ, ਸਾਫ ਕਿਰਦਾਰ ਵਾਲਾ ਤੇ ਪੰਜਾਬੀਆਂ ਦੇ ਭਰੋਸੇਵਾਲਾ ਅਜਿਹਾ ਚਿਹਰਾ ਹੀ ਦਿਖਾਈ ਨਹੀਂ ਦੇ ਰਿਹਾ ਜਿਸ ਦੇ ਮੋਢਿਆਂ ’ਤੇ ਬੰਦੂਕ ਰੱਖ ਕੇ ਵੋਟਰਾਂ ਨੂੰ ਫੁੰਡਣ ਕੇ ਸੱਤਾ ਹਾਸਲ ਕੀਤੀ ਜਾਵੇ। ਇਹ ਪੰਜਾਬ ਦੀ ਤਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਲੀਡਰ ਵਿਹੂਣੇ ਦਿਸ ਰਹੀਆਂ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਕ੍ਰਿਕਟਰ ਤੋਂ ਸਿਆਸਤ ਵਿੱਚ ਆਏ ਤੇ ਬੜਬੋਲੇ ਨਵਜੋਤ ਸਿੰਘ ਸਿੱਧੂ ’ਤੇ ਹੀ ਟੇਕ ਲਾਈ ਬੈਠੀਆਂ ਹਨ। ਕਾਂਗਰਸੀ ਸਮਝਦੇ ਹਨ ਕਿ ਜੇਕਰ ਨਵਜੋਤ ਸਿੰਘ ਸਿੱਧੂ ਸਾਲ 2022 ਦੀਆਂ ਚੋਣਾਂ ਦੀ ਅਗਵਾਈ ਕਰੇ ਤਾਂ ਲੋਕਾਂ ਦੀਆਂ ਅੱਖਾਂ ’ਚ ਮੁੜ ਤੋਂ ਘੱਟਾ ਪਾਉਣ ’ਚ ਕਾਮਯਾਬ ਹੋ ਸਕਦੇ ਹਾਂ ਤੇ ਆਮ ਆਦਮੀ ਪਾਰਟੀ ਵੀ ਸਮਝਦੀ ਹੈ ਕਿ ਕਾਂਗਰਸ ਵੱਲੋਂ ਨੁੱਕਰੇ ਲਾਇਆ ਸਿੱਧੂ ਜੇਕਰ ਇੱਕ ਵਾਰੀ ਝਾੜੂ ਫੜ ਲਵੇ ਬਾਕੀਆਂ ਨੂੰ ਪੂੰਝ ਕੇ ਰੱਖ ਦਿਆਂਗੇ। ਖੈਰ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਨਿਰਾਸ਼ ਨੌਜਵਾਨਾਂ, ਮਾਫੀਆ ਦੇ ਕਬਜ਼ੇ ਹੇਠ ਆਏ ਕਾਰੋਬਾਰੀਆਂ, ਕਾਨੂੰਨ ਵਿਵਸਥਾ ਦੀ ਲੜਖੜਾਉਂਦੀ ਸਥਿਤੀ ਤੇ ਖੁਦਕੁਸ਼ੀਆਂ ਦੇ ਰਾਹ ਪਏ ਅੰਨਦਾਤੇ ਦੀਆਂ ਆਸਾਂ ’ਤੇ ਕਿੰਨਾ ਕੂ ਖਰਾ ਉਤਰਦਾ ਹੈ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ। ਬਿਨਾਂ ਸ਼ੱਕ ਸਾਲ 2017 ਵਿੱਚ ਸੱਤਾਹੀਣ ਹੋਣੇ ਅਕਾਲੀਆਂ ਦੇ ਹਾਲ ਦੀ ਘੜੀ ਸਿਆਸੀ ਤੌਰ ’ਤੇ ਪੈਰ ਉਖੜੇ ਹੋਏ ਹੀ ਦਿਖਾਈ ਦੇ ਰਹੇ ਹਨ ਤੇ ਕਿਸਾਨੀ ਅੰਦੋਲਨ ਨੇ ਭਾਰਤੀ ਜਨਤਾ ਪਾਰਟੀ ਦੀ ਤਾਂ ਫੱਟੀ ਹੀ ਪੋਚ ਕੇ ਰੱਖ ਦਿੱਤੀ ਹੈ।

ਇਹ ਵੀ ਗੱਲ ਵਿਚਾਰਨ ਵਾਲੀ ਹੈ ਕਿ ਪੰਜ ਸਾਲ ਪਹਿਲਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭਰੋਸੇਯੋਗਤਾ ’ਤੇ ਸਵਾਲੀਆ ਨਿਸ਼ਾਨ ਨਹੀਂ ਸੀ ਲੱਗਿਆ। ਕਿਉਂਕਿ ਹੁਣ ਚਾਰ ਸਾਲਾਂ ਦੇ ਸਾਸ਼ਨ ਤੋਂ ਬਾਅਦ ਆਮ ਲੋਕ ਹੀ ਨਹੀਂ ਸਗੋਂ ਕੈਪਟਨ ਦੇ ਇਰਦ ਗਿਰਦ ਰਹਿਣ ਵਾਲੇ ਵੀ ਅਕਸਰ ‘ਆਫ ਦਾ ਰਿਕਾਰਫ’ ਆਖ ਹੀ ਦਿੰਦੇ ਹਨ ਕਿ ਇਸ ਵਾਰੀ ਦਾ ਕੈਪਟਨ ਸਾਲ 2002 ਵਾਲਾ ਕੈਪਟਨ ਨਹੀਂ ਹੈ। ਇਹ ਗੱਲ ਤਾਂ ਕੈਪਟਨ ਵਜ਼ਾਰਤ ਦੇ ਕਈ ਮੰਤਰੀਆਂ ਨੇ ਸਰਕਾਰ ਬਣਨ ਦੇ ਕੁੱਝ ਮਹੀਨਿਆਂ ਬਾਅਦ ਹੀ ਕਹਿਣੀ ਸ਼ੁਰੂ ਕਰ ਦਿੱਤੀ ਸੀ। ਪੰਜਾਬ ਦੀ ਸਿਆਸੀ ਪਿੱਚ ’ਤੇ ਦੇਸ਼ ਦੇ ਚਰਚਿਤ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਬੈਟਿੰਗ ਸ਼ੁਰੂ ਕਰ ਦਿੱਤੀ ਹੈ। ਸੱਤਾ ਦੇ ਖਿਲਾੜੀਆਂ ਦੀਆਂ ਰਿਹਰੱਸਲਾਂ ਹੋਣ ਲੱਗੀਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਮੁੜ ਤੋਂ ਆਪਣਾ ਸਲਾਹਕਾਰ ਨਿਯੁਕਤ ਕਰਕੇ ਕਾਂਗਰਸ ਦੇ ਸੱਤਾ ’ਚ ਆਉਣ ਦਾ ਮੁਢ ਬੰਨ੍ਹਣ ਦੇ ਨਿਰਦੇਸ਼ ਦਿੱਤੇ ਹਨ। ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਕਲਾ ਦਾ ਮੁਜ਼ਾਹਰਾ ਕਰਨ ਲਈ ਸਭ ਤੋਂ ਪਹਿਲਾਂ ਅਫਸਰਾਂ ਦੀਆਂ ਮੀਟਿੰਗਾਂ ਸ਼ੁਰੂ ਕੀਤੀਆਂ ਅਤੇ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਪੜਚੋਲ ਕਰਨ ਲੱਗਿਆ। ਕਾਂਗਰਸ ਦੇ ਵਿਧਾਇਕਾਂ ਨਾਲ ਹੀ ਚੋਣ ਰਣਨੀਤੀਕਾਰ ਨੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।

ਪੰਜਾਬ ਦੇ ਲੋਕਾਂ ਨੂੰ ਨਾਹਰਿਆਂ ਨਾਲ ਭਰਮਾ ਕੇ ਕਾਂਗਰਸ ਨੂੰ ਸਾਲ 2017 ਵਿੱਚ ਸੱਤਾ ’ਤੇ ਬਿਠਾਉਣ ਵਾਲਾ ਪ੍ਰਸ਼ਾਂਤ ਕਿਸ਼ੋਰ ਆਪਣੀ ਨਵੀਂ ਰਣਨੀਤੀ ਵਿੱਚ ਕਿੰਨਾ ਕਾ ਕਾਮਯਾਬ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕਾਂਗਰਸ ਦੇ ‘ਪੀਕੇ’ ਦੀਆਂ ਗਤੀਵਿਧੀਆਂ ਤੋਂ ਨਵੀਂ ਚਰਚਾ ਨਹੀਂ ਛਿੜੀ ਸਗੋਂ ਵਿਰੋਧੀ ਪਾਰਟੀਆਂ ਨੇ ਵੀ ਚੋਣ ਰਣਨੀਤੀਕਾਰ ਅਤੇ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇ ਕੁੱਝ ਵਿਧਾਇਕਾਂ ਤੇ ਮੰਤਰੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਹੈ ਕਿ ਪੀਕੇ ਦੀਆਂ ਤਾਜ਼ਾ ਗਤੀਵਿਧੀਆਂ ਤੋਂ ਇੰਝ ਜਾਪਣ ਲੱਗਾ ਹੈ ਜਿਵੇਂ ਸਰਕਾਰ ਅਤੇ ਪਾਰਟੀ ਦੋਵੇਂ ਹੀ ਆਉਟ ਸੋਰਸ ਕਰ ਦਿੱਤੇ ਹੋਣ। ਵਿਧਾਇਕਾਂ ਨੂੰ ਇਹ ਵੀ ਖਦਸ਼ਾ ਹੈ ਕਿ ਪੀਕੇ ਦਾ ਠੱਪਾ ਲਗਵਾ ਕੇ ਟਿਕਟ ਵੀ ਕਟਵਾਈ ਜਾ ਸਕਦੀ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਬੁਲਾਰੇ ਬੀਰਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੇ ਕੁਫਰ ਦੇ ਨਾਟਕ ਦਾ ਮੰਚਨ ਪੰਜਾਬ ਦੇ ਅਣਖੀ ਲੋਕ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦੇਣਗੇ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਜ਼ਾ ਬਿਆਨ ਰਾਹੀਂ ਕਿਹਾ ਕਿ ਸੂਬੇ ਨੂੰ ਚਲਾਉਣ ਅਤੇ ਸੈਨਾ ਵਿੱਚ ਰਹਿਣ ਦਾ ਤਜਰਬਾ 2022 ਤੋਂ ਅੱਗੇ ਸੂਬੇ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਮੱਦਦਗਾਰ ਸਾਬਤ ਹੋਵੇਗਾ। ਮੁੱਖ ਮੰਤਰੀ ਨੇ ਸੀ-ਵੋਟਰ ਸਰਵੇਖਣ ਜਿਸ ਨੇ 2022 ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮ ਪਾਰਟੀ ਨੂੰ ਅੱਗੇ ਹੋਣ ਦੀ ਗੱਲ ਕਹੀ ਸੀ, ਨੂੰ ਰੱਦ ਕਰਦਿਆਂ ਕਿਹਾ ਕਿ ਇਹ ਕੇਜਰੀਵਾਲ ਦੀ ਭਾੜੇ ਦੀ ਸ਼ੋਸ਼ੇਬਾਜ਼ੀ ਹੈ।

ਉਨ੍ਹਾਂ ਕਿਹਾ ਕਿ ਆਪ ਆਗੂ ਕੋਲ ਮੀਡੀਆ ਦਾ ਬਹੁਤ ਵੱਡਾ ਬਜਟ ਹੈ ਜਿਸ ਦੀ ਵਰਤੋਂ ਉਹ ਅਜਿਹੇ ਸਰਵੇਖਣ ਖਰੀਦ ਕਰਨ ਲਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਪੰਜਾਬ ਵਿੱਚ ਕਾਂਗਰਸ ਲਈ ਕੋਈ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸੇ ਕੰਪਨੀ ਨੇ 2016-2017 ਵਿੱਚ ਆਪ ਨੂੰ 100 ਸੀਟਾਂ ਆਉਣ ਦੀ ਭਵਿੱਖਬਾਣੀ ਕੀਤੀ ਸੀ ਅਤੇ ਹਰੇਕ ਜਾਣਦਾ ਹੈ ਕਿ ਆਖਰਕਾਰ ਉਨ੍ਹਾਂ ਨੂੰ ਕਿੰਨੀਆਂ ਸੀਟਾਂ ਹਾਸਲ ਹੋਈਆਂ।’’ ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਉਸ ਦੀ ਪਾਰਟੀ ਦਾ ਹਾਲ 2022 ਵਿੱਚ ਵੀ ਇਹੋ ਹੋਵੇਗਾ। ਜ਼ਿਕਰਯੋਗ ਹੈ ਕਿ ਸੀ ਵੋਟਰ ਸਰਵੇਖਣ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਮੋਹਰੀ ਸਿਆਸੀ ਧਿਰ ਵਜੋਂ ਦਿਖਾਇਆ ਹੈ। ਇਸ ਸਰਵੇਖਣ ਮੁਤਾਬਕ ਆਪ ਨੂੰ 57 ਦੇ ਕਰੀਬ ਕਾਂਗਰਸ ਨੂੰ 45 ਦੇ ਕਰੀਬ ਅਕਾਲੀਆਂ ਨੂੰ 12 ਤੋਂ 18, ਭਾਜਪਾ ਨੂੰ ਜ਼ੀਰੋ ਤੋਂ 5 ਤੇ ਤਿੰਨ ਸੀਟਾਂ ਹੋਰਨਾਂ ਦੇ ਹਿੱਸੇ ਆਉਣ ਦੀ ਪੇਸ਼ੀਨਗੋਈ ਕੀਤੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਤੋਂ ਉਠਿਆ ਕਿਸਾਨੀ ਅੰਦੋਲਨ ਜੋ ਕਿ ਹੁਣ ਦੇਸ਼ ਵਿਆਪੀ ਬਣ ਚੁੱਕਾ ਹੈ ਵੀ ਪੰਜਾਬ ਦੀਆਂ ਚੋਣਾਂ ’ਤੇ ਅਸਰ ਪਾਵੇਗਾ।

Jeeo Punjab Bureau

Leave A Reply

Your email address will not be published.