ਜੱਲੂਵਾਲ(ਸ੍ਰੀ ਅੰਮ੍ਰਿਤਸਰ ਸਾਹਿਬ)ਦਾ ਇਤਿਹਾਸਕ ਗੁਰਦੁਆਰਾ ਸਾਹਿਬ ਅਤੇ ਪਿੰਡ ਬਾਰੇ

ਜੀਓ ਪੰਜਾਬ ਬਿਊਰੋ

ਲੇਖਕ- ਪ੍ਰਭਜੋਤ ਕੌਰ ਢਿੱਲੋਂ

ਪੰਜਾਬ ਦਾ ਇਤਿਹਾਸ ਅਤੇ ਪੰਜਾਬ ਦੇ ਲੋਕਾਂ ਬਾਰੇ ਪੂਰਾ ਪੜ੍ਹ ਲੈਣ ਦਾ ਦਾਅਵਾ ਕਰਨਾ ਬੜਾ ਔਖਾ ਹੈ।”ਪੰਜਾਬ ਵੱਸਦਾ ਗੁਰੂਆਂ ਦੇ ਨਾਮ ਤੇ,”ਇਸ ਵਿੱਚ ਵੀ ਦੋ ਰਾਇ ਨਹੀਂ ਹੈ।ਖੈਰ ਮੈਂ ਅੱਜ ਪਿੰਡ ਜੱਲੂਵਾਲ ਜੋ ਕਿ ਤਹਿਸੀਲ ਬਾਬਾ ਬਕਾਲਾ ਸਾਹਿਬ ਅਤੇ ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੈ।ਇਸ ਪਿੰਡ ਨੂੰ ਬਿਆਸ ਅਤੇ ਬਾਬਾ ਬਕਾਲਾ ਸਾਹਿਬ ਦੋਨਾਂ ਥਾਵਾਂ ਤੋਂ ਰਸਤੇ ਜਾਂਦੇ ਹਨ।ਇਹ ਪਿੰਡ ਢਿਲਵਾਂ ਜਿਲ੍ਹਾ ਕਪੂਰਥਲਾ ਤੋਂ ਉੱਠਕੇ ਗਏ ਲੋਕਾਂ ਨੇ ਵਸਾਇਆ ਹੈ।ਢਿਲਵਾਂ ਬਿਆਸ ਦੇ ਕੰਢੇ ਤੇ ਸੀ ਅਤੇ ਹੜ੍ਹਾਂ ਕਰਕੇ ਲੋਕਾਂ ਦੀ ਗੁਜਰ ਬਸਰ ਔਖੀ ਸੀ।ਢਿਲਵਾਂ ਨੂੰ  ਪੱਤੀਆਂ ਵਿੱਚ ਵੰਡਿਆ ਹੋਇਆ ਸੀ।ਅਜੇ ਵੀ ਜੱਲੂ ਦੀ ਪੱਤੀ ਢਿਲਵਾਂ ਵਿੱਚ ਹੈ।ਜੱਲੂ ਦੀ ਪੱਤੀ ਤੋਂ ਉੱਠਕੇ ਆਏ ਸਾਡੇ ਵਡੇਰਿਆਂ ਨੇ ਇਸ ਪਿੰਡ ਦਾ ਨਾਮ ਜੱਲੂਵਾਲ ਰੱਖ ਲਿਆ। ਸਾਡੇ ਵਡੇਰੇ ਮੈਂ ਇਸ ਕਰਕੇ ਲਿਖਿਆ ਹੈ ਕਿਉਂਕਿ ਇਹ ਮੇਰੇ ਸਹੁਰਿਆਂ ਦਾ ਪਿੰਡ ਹੈ।                                     

ਇੱਥੇ ਗੁਰਦੁਆਰਾ ਸਾਹਿਬ ਦਾ ਨਾਮ,”ਮੋਨੀ ਬਾਬਾ,ਗੁਰਦੁਆਰਾ ਸਾਹਿਬ”ਹੈ।ਇਸ ਬਾਰੇ ਕਿਹਾ ਜਾਂਦਾ ਹੈ ਕਿ ਸਾਡੇ ਵੱਡ ਵਡੇਰਿਆਂ ਵਿੱਚੋਂ ਬਜ਼ੁਰਗ ਭਗਤੀ ਕਰਦੇ ਸੀ।ਉਹ ਮੋਨ ਹੀ ਰਹਿੰਦੇ ਸੀ।ਪਿੰਡ ਦੇ ਬਾਹਰਵਾਰ ਭਗਤੀ ਤੇ ਬੈਠੇ ਸੀ।ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਇੱਧਰ ਦੀ ਲੰਘੇ।ਭਗਤੀ ਵਿੱਚ ਬੈਠਿਆਂ ਨੂੰ ਵੇਖ ਰੁੱਕ ਗਏ ਅਤੇ ਮੋਨੀ ਬਾਬਾ ਜੀ ਕੋਲ ਗਏ।ਬਾਬਾ ਜੀ ਨੂੰ ਕਿਹਾ ਤੁਸੀਂ ਕੁੱਝ ਮੰਗੋ,ਮੈਂ ਤੁਹਾਨੂੰ ਸੇਵਾ ਵਿੱਚ ਕੁੱਝ ਦੇਣਾ ਚਾਹੁੰਦਾ ਹਾਂ।ਬਾਬਾ ਜੀ ਨੇ ਬੁੱਕ ਬਣਾਕੇ ਦੱਸਿਆ ਕਿ ਪਾਣੀ ਚਾਹੀਦਾ ਹੈ,ਪਾਣੀ ਦੀ ਸਮੱਸਿਆ ਹੈ।ਮਹਾਰਾਜਾ ਰਣਜੀਤ ਸਿੰਘ ਦੇ ਹੁਕਮਾਂ ਤੇ ਉੱਥੇ ਖੂਹ ਬਣਵਾਇਆ ਗਿਆ ਜੋ ਕਿ ਅਜੇ ਵੀ ਉੱਥੇ ਹੈ।ਇੱਥੇ ਹਰ ਸਾਲ ਮਾਰਚ ਵਿੱਚ ਸ੍ਰੀ ਅਖੰਡ ਸਾਹਿਬ ਦੇ ਪਾਠ ਹੁੰਦੇ ਹਨ।ਲੋਕ ਆਪਣੀ ਸ਼ਰਧਾ ਨਾਲ ਪਾਠ ਕਰਵਾਉਂਦੇ ਹਨ ਅਤੇ ਇਹ ਲੜੀਵਾਰ ਚੱਲਦੇ ਹਨ।ਪਰ ਚੌਦਾਂ ਮਾਰਚ ਨੂੰ ਰੱਖਕੇ ਸੋਲਾਂ ਤਰੀਕ ਨੂੰ ਪਾਏ ਜਾਣ ਵਾਲੇ ਭੋਗ ਬਾਬਾ ਮੋਨੀ ਜੀ ਦੇ ਨਾਮ ਦਾ ਹੁੰਦਾ ਹੈ।ਇਸ ਗੁਰਦੁਆਰਾ ਸਾਹਿਬ ਵਿੱਚ ਇਲਾਕੇ ਤੋਂ ਸੰਗਤਾਂ ਆਉਂਦੀਆਂ ਹਨ।ਢਿਲਵਾਂ ਤੋਂ ਵੀ ਲੋਕ ਮੱਥਾ ਟੇਕਣ ਅਤੇ ਬੱਚਿਆਂ ਨੂੰ ਟਕਾਉਣ ਆਉਂਦੇ ਹਨ। ਲੋਕਾਂ ਦੀ ਸ਼ਰਧਾ  ਕਿ ਇਥੇ ਕੀਤੀ ਅਰਦਾਸ ਪੂਰੀ ਹੁੰਦੀ ਹੈ।ਜਿੰਨੇ ਦਿਨ ਅਖੰਡ ਪਾਠ ਸਾਹਿਬ ਚੱਲਦੇ ਹਨ,ਲੋਕ ਤਨ ਮਨ ਧਨ ਨਾਲ ਸੇੇਵਾ ਕਰਦੇ ਹਨ।ਲੋਕਾਂ ਦੇ ਘਰਾਂ ਵਿੱਚ ਰੋਟੀ ਨਹੀਂ ਬਣਦੀ ਕਿਉਂਕਿ ਅਟੁੱਟ ਲੰਗਰ ਚੱਲਦੇ ਹਨ।ਪਿੰਡ ਦੀ ਇਕ ਹੋੋੋਰ ਖਾਸੀਅਤ ਵੀ ਹੈ।ਪਿੰਡ ਵਿੱਚ ਇਕ ਗੁਰਦੁਆਰਾ ਸਾਹਿਬ ਹੈ।ਇੱਥੇ ਅਲੱਗ ਅਲੱਗ ਜਾਤ ਦਾ ਅਲੱਗ ਅਲੱਗ ਗੁਰਦੁਆਰਾ ਸਾਹਿਬ ਨਹੀਂ ਹੈ।ਹਰ ਜਾਤ ਦੇ ਲੋਕ ਇਥੇ ਹੀ ਆਉਂਦੇ ਹਨ।ਇਵੇਂ ਦੀ ਸਾਂਂਝ ਬਹੁਤ ਘੱਟ ਪਿੰਡਾਂ ਵਿੱਚ ਹੈ।

ਪਿੰਡ ਦੇ ਕੁੱਝ ਨੌਜਵਾਨਾਂ ਨੇ 1990 ਵਿੱਚ ਸੋਲਾਂ ਮਾਰਚ ਨੂੰ ਕਬੱਡੀ ਦੇ ਮੈਚ ਕਰਵਾਉਣੇ ਸ਼ੁਰੂ ਕੀਤੇ।ਇਹ ਮੈਚ ਕਾਲਾ ਮੈਂਬਰ (ਹਰਬਿੰਦਰ ਸਿੰਘ ਢਿੱਲੋਂ ਸਪੇਨ) ਅਤੇ ਹਰਦੇਵ ਸਿੰਘ ਦੇਬਾ ਨੇ ਸ਼ੁਰੂ ਕਰਵਾਏ ਸਨ।ਦੂਸਰੇ ਪਿੰਡਾਂ ਦੀਆਂ ਟੀਮਾਂ ਨੂੰ ਸੱਦਾ ਦਿੱਤਾ ਜਾਂਦਾ ਸੀ।ਪਿੰਡ ਵੱਲੋਂ ਰਲਮਿਲ ਕੇ ਸਾਰੇ ਪ੍ਰਬੰਧ ਕੀਤੇ ਜਾਂਦੇ ਹਨ।ਜੇਕਰ ਕਬੱਡੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਪਹਿਲਵਾਨ ਸੁੱਚਾ ਸਿੰਘ ਢਿੱਲੋਂ ਨੇ ਪਿੰਡ ਦੇ ਨਾਮ ਨੂੰ ਬੁਲੰਦੀਆਂ ਤੇ ਪਹੁੰਚਾਇਆ।ਖਿਡਾਰੀਆਂ ਅਤੇ ਜੇਤੂ ਟੀਮਾਂ ਨੂੰ ਪਿੰਡ ਵੱਲੋਂ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।ਇਸ ਵਿੱਚ ਵੱਡਾ ਯੋਗਦਾਨ ਸਰਦਾਰ ਮਲੂਕ ਸਿੰਘ,ਸੁੱਚਾ ਸਿੰਘ ਵੱਲੋਂ ਪਾਇਆ ਜਾਂਦਾ ਹੈ ਪਰ ਸਾਰਾ ਪਿੰਡ ਸਹਿਯੋਗ ਦਿੰਦਾ ਹੈ।

ਇਸ ਸਾਲ ਵੀ ਚੌਦਾਂ ਮਾਰਚ ਨੂੰ ਅਖੰਡ ਪਾਠ ਸਾਹਿਬ ਅਰੰਭੇ ਗਏ ਅਤੇ ਸੋਲਾਂ ਤਰੀਕ ਨੂੰ ਭੋਗ ਪਏ।ਕਬੱਡੀ ਦੇ ਮੈਚ ਵੀ ਸੋਲਾਂ ਤਰੀਕ ਨੂੰ ਹੋਏ।ਇਸ ਵਿੱਚ ਕਾਲਾ ਮੈਂਬਰ ਜੋ ਸਪੇਨ ਤੋਂ ਵਾਪਿਸ ਆਇਆ ਹੋਇਆ ਸੀ ਨੇ ਚੌਦਾਂ ਸਾਲ ਬਾਅਦ ਕਬੱਡੀ ਦੇ ਮੈਦਾਨ ਵਿੱਚ ਦਸਤਕ ਦਿੱਤੀ ਅਤੇ ਵਧੀਆ ਪ੍ਰਦਰਸ਼ਨ ਕੀਤਾ।ਜੱਫਿਆਂ ਤੇ ਰੱਖੇ ਇਨਾਮਾਂ ਦੀ ਸ਼ਹਿਬਰ ਲਗਾਈ ਹੋਈ ਸੀ ਪਹਿਲਵਾਨ ਸੁੱਚਾ ਸਿੰਘ ਅਤੇ ਮਲੂਕ ਸਿੰਘ ਨੇ।ਕਾਲੇ ਮੈਂਬਰ ਨੂੰ ਇਸ ਮੌਕੇ ਸਨਮਾਨਿਤ ਵੀ ਕੀਤਾ ਗਿਆ।ਆਪਣੇ ਸਭਿਆਚਾਰ,ਆਪਣੀ ਪੇਂਡੂ ਖੇਡ ਕਬੱਡੀ ਨੂੰ ਵਿਦੇਸ਼ ਵਿੱਚ ਰਹਿਕੇ ਵੀ ਕਾਲੇ ਮੈਂਬਰ ਨੇ ਦਿਲ ਵਿੱਚ ਸਾਂਭ ਕੇ ਰੱਖਿਆ।ਇਸ ਨਾਲ ਪਿੰਡ ਦੇ ਦੂਸਰੇ ਨੌਜਵਾਨਾਂ ਨੂੰ ਵੀ ਉਤਸ਼ਾਹ ਮਿਲੇਗਾ।  

ਸਾਡਾ ਪਿੰਡ ਚਾਹੇ ਛੋਟਾ ਹੈ ਪਰ ਇਤਿਹਾਸ ਆਪਣੀ ਬੁੱਕਲ ਵਿੱਚ ਲਈ ਬੈਠਾ ਹੈ।ਮੈਨੂੰ ਮਾਣ ਹੈ ਆਪਣੇ ਪਿੰਡ ਤੇ।ਮੈਨੂੰ ਫਖਰ ਹੈ ਆਪਣੇ ਪਰਿਵਾਰ ਤੇ।ਹਾਂ,ਇਕ ਬਹੁਤ ਖਾਸ ਮੈਂ ਇੱਥੇ ਜ਼ਰੂਰ ਕਹਿਣੀ ਹੈ।ਮੇਰੇ ਪਤੀ ਫੌਜ ਵਿੱਚ ਸਨ ਜੋ ਹੁਣ ਰਿਟਾਇਰ ਹੋ ਚੁੱਕੇ ਹਨ।ਅਸੀਂ ਪਿੰਡ ਬਹੁਤ ਘੱਟ ਰਹੇ ਹਾਂ।ਪਰ ਮੈਂ ਪਿੰਡ ਦੇ ਆਪਣੇ ਪਰਿਵਾਰਾਂ ਵਿੱਚੋਂ ਪਿਆਰ ਲੈਂਦੀ ਵੀ ਹਾਂ ਅਤੇ ਪਿਆਰ ਕਰਦੀ ਵੀ ਹਾਂ।ਹਕੀਕਤ ਇਹ ਹੈ ਕਿ ਦੂਰੀਆਂ ਪਿਆਰ ਘਟਾਉਂਦੀਆਂ ਵੀ ਨਹੀਂ ਅਤੇ ਨਜ਼ਦੀਕੀਆਂ ਪਿਆਰ ਵਧਾ ਵੀ ਨਹੀਂ ਸਕਦੀਆਂ।ਸਾਡੀਆਂ ਭਾਵਨਾਵਾਂ ਇਕ ਦੂਸਰੇ ਲਈ ਕਿਵੇਂ ਦੀਆਂ ਹਨ ਉਹ ਮਹੱਤਵਪੂਰਨ ਹੈ।ਅਰਦਾਸ ਹੈ ਮੋਨੀ ਬਾਬਾ ਜੀ ਅੱਗੇ ਕਿ ਇਵੇਂ ਹੀ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਅਤੇ ਇਹ ਮੇਲੇ ਇਵੇਂ ਹੀ ਖੁਸ਼ੀਆਂ ਤੇ ਉਤਸ਼ਾਹ ਨਾਲ ਲੱਗਦੇ ਰਹਿਣ।

Jeeo Punjab Bureau

Leave A Reply

Your email address will not be published.