AAP ਸਰਕਾਰ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿਚ SAD ਨੂੰ ਚੋਣ ਲੜਨ ਤੋਂ ਰੋਕਣ ਦਾ ਯਤਨ ਕਰ ਕੇ ਸਿੱਖ ਮਾਮਲਿਆਂ ਵਿਚ ਦਖਲ ਦੇਣ ਦੇ Congress ਦੇ ਨਕਸ਼ੇ ਕਦਮਾਂ ’ਤੇ ਚੱਲ ਪਈ ਹੈ

ਡਾ. ਦਲਜੀਤ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਪਾਰਟੀ 2022 ਦੀਆਂ ਚੋਣਾਂ ਲਈ ਆਪ ਨਾਲ ਭਾਈਵਾਲੀ ਕਰ ਕੇ ਬੋਗਸ ਸਰਵੇਖਣ ਦੇਣ ਲਈ ਪੋਲਿੰਗ ਏਜੰਸੀ ਦੇ ਖਿਲਾਫ ਫੌਜਦਾਰੀ ਕਾਰਵਾਈ ਕਰੇਗੀ

ਕੇਂਦਰ ਸਰਕਾਰ ਵੱਲੋਂ ਕੋਰੋਨਾ ਮਰੀਜ਼ਾਂ ਲਈ ਭੇਜੇ 250 ਵੈਂਟੀਲੇਟਰਾਂ ਸੂਬਾ ਸਰਕਾਰ ਵੱਲੋਂ ਖੋਲ੍ਹ ਕੇ ਵੀ ਨਹੀਂ ਵੇਖੇ ਜਾਣ ਲਈ ਮੁੱਖ ਮੰਤਰੀ ਦੀ ਕੀਤੀ ਨਿਖੇਧੀ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 20 ਮਾਰਚ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ  ਆਦਮੀ ਪਾਰਟੀ (ਆਪ) ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇਣ ਲਈ ਕਾਂਗਰਸ ਪਾਰਟੀ ਦੇ ਨਕਸ਼ੇ ਕਦਮਾਂ ’ਤੇ ਚੱਲ ਪਈ ਹੈ ਤੇ ਅਕਾਲੀ ਦਲ ਨੁੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜਨ ਤੋਂ ਰੋਕਣ ਦਾ ਯਤਨ ਕਰ ਰਹੀ ਹੈ।

ਪਾਰਟੀ ਨੇ ਐਲਾਨ ਕੀਤਾ ਕਿ  ਉਹ ਸਾਜ਼ਿਸ਼ ਅਧੀਨ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਪ ਨਾਲ ਭਾਈਵਾਲੀ  ਪਾ ਕੇ ਬੋਗਸ ਸਰਵੇਖਣ ਪੇਸ਼ ਕਰਨ ਲਈ ਪੋਲੰਗ ਏਜੰਸੀ ਦੇ ਖਿਲਾਫ ਫੌਜਦਾਰੀ ਕਾਰਵਾਈ ਕਰੇਗੀ।

ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਦੀ ਆਪ ਸਰਕਾਰ ਪੰਥਕ ਵਿਰੋਧੀ ਤਾਕਤਾਂ ਨਾਲ ਰਲ ਕੇ ਅਕਾਲੀ ਦਲ ਨੂੰ ਆਉਂਦੀਆਂ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਲੜਨ ਤੋਂ ਰੋਕਣ ਲਈ ਤਰਲੋ ਮੱਛੀ ਹੋ ਰਹੀ ਹੈ। ਉਹਨਾਂ ਕਿਹਾ ਕਿ ਮਾਯੂਸੀ ਦਾ ਪੱਘਰ ਇਹ ਹੈ ਕਿ ਦਿੱਲੀ ਗੁਰਦੁਆਰਾ ਚੋਣਾਂ ਦੇ ਮੰਤਰੀ ਰਾਜਿੰਦਰਪਾਲ  ਗੌਤਮ ਨੇ ਪ੍ਰਮੁੱਖ ਸਕੱਤਰ ਗੁਰਦੁਆਰਾ ਚੋਣ ਵਿਭਾਗ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਸੋਧੇ ਹੋਏ ਕੁਝ ਨਿਯਮ ਸਖ਼ਤੀ ਨਾਲ ਲਾਗੂ ਕੀਤੇ ਜਾਣ। ਉਹਨਾਂ ਕਿਹਾ ਕਿ ਇਹ ਨਿਯਮ ਅਸਲ ਵਿਚ ਅਕਾਲੀ ਦਲ ਲਈ ਰਾਖਵੇਂ ‘ਬਾਲਟੀ’ ਚੋਣ ਨਿਸ਼ਾਨ ਦੀ ਅਲਾਟਮੈਂਟ ਰੋਕਣ ਲਈ ਹਨ ਜਦਕਿ ਸੱਚਾਈ ਇਹ ਹੈ ਕਿ ਇਹ ਮਾਮਲਾ ਪਹਿਲਾਂ ਹੀ 2008 ਵਿਚ ਭਾਰਤ ਦੇ ਚੋਣ ਕਮਿਸ਼ਨ ਨੇ ਨਿਪਟਾ ਦਿੱਤਾ ਸੀ।

ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਇਸ ਕਰ ਕੇ ਡਰੀ ਹੋਈ ਹੈ ਕਿ ਅਕਾਲੀ ਦਲ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿਚ ਹੂੰਝਾ ਫੇਰ ਜਿੱਤ ਦਰਜ ਕਰੇਗਾ। ਉਹਨਾਂ ਕਿਹਾ ਕਿ ਸੰਗਤ ਪਾਰਟੀ ਦੇ ਨਾਲ ਹੈ ਕਿਉਂਕਿ ਇਸ ਵੱਲੋਂ ਕੋਰੋਨਾ ਕਾਲ ਦੌਰਾਨ ਕੀਤੀ ਲੰਗਰ ਸੇਵਾ, ਕੋਰੋਨਾ ਕਾਲਜ ਦੌਰਾਨ ਕੀਤੀਆਂ  ਹੋਰ ਸੇਵਾਵਾਂ, ਮੁਫਤ ਕਿਡਨੀ ਡਾਇਲਸਿਸ ਹਸਪਤਾਲ ਬਣਾਉਣ ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਆਪ ਸਰਕਾਰ ਵੱਲੋਂ ਜਿਹੜੇ ਸਿੱਖ ਨੌਜਵਾਨਾਂ ਨੁੰ ਜ਼ਬਰ ਦਾ ਨਿਸ਼ਾਨਾ ਬਦਾਇਆ ਗਿਆ, ਉਹਨਾਂ ਲਈ ਕਾਨੂੰਨੀ ਮਦਦ ਪ੍ਰਦਾਨ ਕਰਨ ਵਰਗੀਆਂ ਗਤੀਵਿਧੀਆਂ ਦੀ ਸੰਗਤ ਨੇ ਵਡਿਆਈ ਕੀਤੀ ਹੈ। ਉਹਨਾਂ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਨੂੰ ਦੱਸਣਾ ਚਾਹੁੰਦੇ ਹਨ ਕਿ ਪਹਿਲਾਂ ਵੀ ਹੋਰਨਾਂ ਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਸਫਲ ਨਹੀਂਹੋਏ ਤੇ ਨਾ ਹੀ ਉਹ ਸਫਲ ਹੋਣਗੇ।

ਜਦੋਂ ਪੁੱਛਿਆ ਗਿਆ ਕਿ ਸੀ ਵੋਟਰ ਪੋਲਿੰਗ ਏਜੰਸੀ ਵੱਲੋਂ ਆਪ ਨਾਲ ਰਲ ਕੇ ਜਾਅਲੀ ਸਰਵੇਖਣ ਪੇਸ਼ ਕੀਤਾ ਗਿਆ ਹੈ ਤਾਂ ਅਕਾਲੀ ਆਗੂ ਨੇ ਕਿਹਾ ਕਿ ਪਹਿਲਾਂ ਵੀ ਇਸੇ ਕੰਪਨੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਜਾਅਲੀ ਸਰਵੇਖਣ ਦਿੱਤਾ ਸੀ ਕਿ ਆਪ 100 ਸੀਟਾਂ ਜਿੱਤ ਰਹੀ ਹੈ। ਉਹਨਾਂ ਕਿਹਾ ਕਿ ਇਸ ਸਰਵੇਖਣ ਦੀ ਦੁਰਵਰਤੋਂ ਆਪ ਨੇ ਆਪਣੇ ਪੋਸਟਰਾਂ ਵਿਚ ਕੀਤੀ ਤੇ ਸੁਬੇਭਰ ਵਿਚ ਜਾਅਲੀ ਸਰਵੇਖਣ ਦੇ ਪੋਸਟਰ ਲਗਾਏ। ਉਹਨਾਂ ਕਿਹਾ ਕਿ ਹੁਣ ਫਿਰ ਜਾਅਲੀ ਸਰਵੇਖਣ ਰਾਹੀਂ ਆਪ ਨੂੰ 59 ਤੋਂ 67 ਸੀਟਾਂ ਦੇ ਕੇ ਸਪਸ਼ਟ ਬਹੁਮਤ ਮਿਲਣ ਦੀ ਭਵਿੱਖਬਾਣੀ ਇਸੇ ਏਜੰਸੀ ਨੇ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹੇ ਸਰਵੇਖਣ ਦੀ ਕੋਈ ਭਰੋਸੇਯੋਗਤਾ ਨਹੀਂ ਹੁੰਦੀ। ਉਹਨਾਂ ਕਿਹਾ ਕਿ ਆਪ ਨੇ ਕੀਤੀ 100 ਸੀਟਾਂ ਦੀ ਭਵਿੱਖਬਾਣੀ ਦੀ ਥਾਂ ’ਤੇ ਸਿਰਫ 20 ਸੀਟਾਂ ਜਿੱਤੀਆਂ ਸਨ। ਉਹਨਾਂ ਕਿਹਾ ਕਿ ਇਸ ਵਾਰ ਪਾਰਟੀ ਦੀ ਹਾਲਤ ਹੋਰ ਮਾੜੀ ਹੈ ਤੇ ਇਸਨੇ ਮਿਉਂਸਪਲ ਚੋਣਾਂ ਵਿਚ ਸਿਰਫ 8 ਸੀਟਾਂ ਜਿੱਤੀਆਂ ਤੇ ਅਬੋਹਰ, ਬਠਿੰਡਾ, ਕਪੂਰਥਲਾ ਤੇ ਮੁਹਾਲੀ ਵਿਚ ਇਕ ਵੀ ਸੀਟ ਨਹੀਂ ਜਿੱਤੀ। ਉਹਨਾਂ ਕਿਹਾ ਕਿ ਨਿਗਮ ਚੋਣਾਂ ਵਿਚ  ਕਾਂਗਰਸ ਪਾਰਟੀ ਵੱਲੋਂ ਵੱਡੀ ਪੱਧਰ ’ਤੇ ਧਾਂਦਲੀਆਂ ਕਰਨ ਦੇ ਬਾਵਜੂਦ ਵੀ ਅਕਾਲੀ ਦਲ ਨੰਬਰ ਦੋ ’ਤੇ ਰਿਹਾ। ਉਹਨਾਂ ਕਿਹਾ ਕਿ ਹਾਲੇ ਵੀ ਆਪ ਨੁੰ ਆਉਂਦੀਆਂ ਚੋਣਾਂ ਵਿਚ ਸਪਸ਼ਟ ਬਹੁਮਤ ਮਿਲਣ ਦੇ ਦਾਅਵੇ ਕੀਤੇ ਜਾਰ ਹੇ ਹਨ। ਉਹਨਾਂ ਪੁੱਛਿਆ ਕਿ ਪਿਛਲੇ 20 ਦਿਨਾਂ ਵਿਚ ਅਜਿਹਾ ਕੀ ਵਾਪਰ ਗਿਆ ਹੈ ਜਿਸ ਕਾਰਨ ਪੋਲਿੰਗ ਏਜੰਸੀ ਨੁੰ ਇਸ ਨਤੀਜੇ ’ਤੇ ਪਹੁੰਚਣਾ ਪਿਆ ਹੈ ?

ਡਾ. ਚੀਮਾ ਨੇ ਕਿਹਾ ਕਿ ਅਸੀਂ ਇਸ ਰੁਝਾਨ ਨੁੰ ਰੋਕਣ ਲਈ ਦ੍ਰਿੜ੍ਹ ਸੰਕਲਪ ਹਾਂ ਕਿਉਂਕਿ ਇਹ ਲੋਕਤੰਤਰੀ ਕਦਰਾਂ ਕੀਮਤਾਂ ਤੇ ਰਵਾਇਤਾਂ ਦੇ ਉਲਟ ਹੈ। ਉਹਨਾਂ ਕਿਹਾ ਕਿ ਅਸੀਂ ਕਾਨੁੰਨੀ ਮਾਹਿਰਾਂ ਨਾਲ ਤਾਲਮੇਲ ਕੀਤਾ ਹੈ ਤੇ ਉਹਨਾਂ ਨੇ ਸਾਰੇ ਕਾਨੁੰਨੀ ਵਿਕਲਪ ਵਿਚਾਰਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਪੋÇਲੰਗ ਏਜੰਸੀ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਵਾਇਆ ਜਾ ਸਕਦਾ ਹੈ ਤੇ ਹਰਜ਼ਾਨੇ ਦਾ ਕੇਸ ਵੀ ਪਾਇਆ ਜਾ ਸਕਦਾ ਹੈ ਤੇ ਹੋਰ ਵੀ ਕਾਰਵਾਈ ਕੀਤੀ ਜਾ ਸਕਦੀ ਹੈ।

ਅਕਾਲੀ ਆਗੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ਼ਤਿਹਾਰਾਂ ਕਰੋੜਾਂ ਰੁਪਏ ਖਰਚ ਕਰਨ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਮੁੱਖ ਮੰਤਰੀ  ਕੋਰੋਨਾ ’ਤੇ ਕਾਬੂ ਪਾਉਣ ਲਈ ਕਦਮ ਚੁੱਕਣ ਵਿਚ ਨਾਕਾਮ ਰਹੇ ਹਨ ਜਦਕਿ ਇਹ ਵੀ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਕਰੋਨਾ ਮਰੀਜ਼ਾਂ ਲਈ ਮਿਲੇ 250 ਵੈਂਟੀਲੇਟਰ ਖੋਲ੍ਹ ਕੇ ਵੀ ਨਹੀਂ ਵੇਖੇ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੂਬੇ ਵਿਚ ਕੋਰੋਨਾ ਦੀ ਮੌਤ ਦਰ 3 ਫੀਸਦੀ ਹੈ ਜੋ ਕਿ ਸਾਰੇ ਦੇਸ਼ ਵਿਚੋਂ ਸਭ ਤੋਂ ਜ਼ਿਆਦਾ ਹੈ ਤੇ ਸਭ ਤੋਂ ਜ਼ਿਆਦਾ ਮੌਤਾਂ ਸਾਹ ਲੈਣ ਦੀ ਤਕਲੀਫ ਕਾਰਨ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਸੂਬਾ ਸਰਕਾਰ ਨੇ ਉਸਨੂੰ ਪ੍ਰਾਪਤ ਹੋਏ ਵੈਂਟੀਲੇਟਰ ਲਾਉਣ ਬਾਰੇ ਵੀ ਨਹੀਂ ਸੋਚਿਆ। ਡਾ. ਚੀਮਾ ਨੇ ਮੁੱਖ ਮੰਤਰੀ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੇ ਕੰਮਕਾਜ ਨੂੰ ਨਿਯਮਿਤ ਕਰਨ ਵਿਚ ਫੇਲ੍ਹ ਰਹਿਣ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਰਿਪੋਰਟਾਂ ਤੋਂ ਸੰਕੇਤ ਮਿਲ ਰਹੇ ਹਨ ਕਿ 69 ਫੀਸਦੀ ਹਸਪਤਾਲਾਂ ਨੇ ਵੈਕਸੀਨ ਦੀ ਪਹਿਲੀ ਡੋਜ਼ ਵੀ ਨਹੀਂ ਦਿੱਤੀ।

ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਕੋਰੋਨਾ ਨੁੰ ਨਕੇਲ ਪਾਉਣ ਲਈ ਲੋੜੀਂਦੇ ਕਦਮ ਚੁੱਕਣ ਤੇ ਯਕੀਨੀ ਬਣਾਉਣ ਕਿ ਗਰੀਬ ਤੇ ਮੱਧ ਵਰਗੀ ਲੋਕਾਂ ਨੂੰ ਮਾਰ ਨਾ ਪਵੇ। ਉਹਨਾਂ ਕਿਹਾ ਕਿ ਆਜ਼ਾਦ ਏਜੰਸੀ ਦੇ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਕੋਰੋਨਾ ਕਾਲ ਵਿਚ ਗਰੀਬਾਂ ਦੀ ਗਿਣਤੀ 6 ਕਰੋੜ ਤੋਂ ਵੱਧ ਕੇ 13 ਕਰੋੜ ਹੋਗ ਈ ਹੈ। ਉਹਨਾਂ ਕਿਹਾ ਕਿ ਸਾਨੂੰ ਬਿਜਲੀ ਦਰਾਂ ਵਿਚ ਕਟੌਤੀ ਕਰ ਕੇ ਤੇ ਪੈਟਰੋਲ ਤੇ ਡੀਜ਼ਲ ’ਤੇ ਵੈਟ ਵਿਚ ਕਟੌਤੀ ਕਰ ਕੇ ਗਰੀਬ ਵਰਗ ਨੂੰ ਰਾਹਤ ਦੇਣੀ ਚਾਹੀਦੀ ਹੈ।

Jeeo Punjab Bureau

Leave A Reply

Your email address will not be published.