1 Lakh ਨੌਜਵਾਨ ਕੱਲ ਸੁਨਾਮ ‘ਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਦੇਣਗੇ ਸ਼ਰਧਾਂਜਲੀ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 20 ਮਾਰਚ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਸੱਦੇ ‘ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ ‘ਚ ਅੱਜ 21 ਮਾਰਚ ਨੂੰ ਦਾਣਾ ਮੰਡੀ ਸੁਨਾਮ ਵਿਖੇ ਕੀਤੀ ਜਾ ਰਹੀ ਨੌਜਵਾਨ ਕਾਨਫਰੰਸ ‘ਚ ਇੱਕ ਲੱਖ ਨੌਜਵਾਨ ਪਹੁੰਚ ਕੇ ਆਪਣੇ ਮਹਿਬੂਬ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ।

ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਾਨਫਰੰਸ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲ਼ੇ ਆਪਣੇ ਸ਼ਹੀਦਾਂ ਦੀ ਵਿਰਾਸਤ ਨੂੰ ਬੁਲੰਦ ਕਰਨ ਅਤੇ ਮੌਜੂਦਾ ਸਮੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਹੋਰ ਤਕੜਾਈ ਦੇਣ ਦਾ ਜ਼ਰੀਆ ਬਣੇਗੀ। ਉਹਨਾਂ ਆਖਿਆ ਕਿ ਸ਼ਹੀਦ ਭਗਤ ਤੇ ਉਹਨਾਂ ਦੇ ਸਾਥੀਆ ਵੱਲੋਂ ਸਾਮਰਾਜੀ ਤਾਕਤਾਂ ਨੂੰ ਦੇਸ਼ ਚੋਂ ਕੱਢ ਕੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਤੋਂ ਰਹਿਤ ਬਰਾਬਰੀ ਵਾਲਾ ਸਮਾਜ ਸਿਰਜਣ ਦਾ ਸੁਪਨਾ ਅਜੇ ਵੀ ਅਧੂਰਾ ਹੈ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ ਨੇ ਵੱਟਿਆ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਦੇਸ਼ ਦੀ ਖੁਰਾਕ ਪ੍ਰਨਾਲੀ ਉਤੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਕੰਪਨੀਆਂ ਦਾ ਮੁਕੰਮਲ ਕਬਜ਼ਾ ਕਰਾਉਣ ਲਈ ਲਿਆਂਦੇ ਖੇਤੀ ਕਾਨੂੰਨ ਦੇਸ਼ ਨੂੰ ਭੁੱਖਮਰੀ ਤੇ ਬੇਰੁਜ਼ਗਾਰੀ ਦੇ ਜੁਬਾੜਿਆ ਚ ਹੋਰ ਵੀ ਬੁਰੀ ਤਰ੍ਹਾਂ ਧੱਕਣ ਦਾ ਸਬੱਬ ਬਣਨਗੇ। ਉਹਨਾਂ ਆਖਿਆ ਕਿ ਇਹ ਕਾਨਫਰੰਸ ਨੌਜਵਾਨਾਂ ਤੇ ਦੇਸ਼ ਦੇ ਲੋਕਾਂ ਨੂੰ ਦਰਪੇਸ਼ ਬੇਰੁਜ਼ਗਾਰੀ , ਬੇਵੁੱਕਤੀ ,ਗ਼ਰੀਬੀ, ਮਹਿੰਗਾਈ, ਕਰਜ਼ੇ ਤੇ ਖੁਦਕੁਸ਼ੀਆਂ ਵਰਗੀਆਂ ਵਿਰਾਟ ਸਮੱਸਿਆਵਾਂ ਦੇ ਹੱਲ ਲਈ ਨਿੱਜੀਕਰਨ, ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਨੀਤੀਆਂ ਰੱਦ ਕਰਕੇ ਬਦਲਵੇਂ ਵਿਕਾਸ ਮਾਡਲ ਨੂੰ ਉਭਾਰਨ ਦਾ ਸਾਧਨ ਬਣੇਗੀ। ਉਹਨਾਂ ਆਖਿਆ ਕਿ ਇਸ ਕਾਨਫਰੰਸ ਦੌਰਾਨ ਮੋਦੀ ਸਰਕਾਰ ਵਲੋਂ ਦੇਸ਼ ਭਗਤੀ ਦੇ ਪਰਦੇ ਉਹਲੇ ਖੇਤੀ ਸਮੇਤ ਦੇਸ਼ ਦੇ ਸਭ ਅਮੀਰ ਕੁਦਰਤੀ ਸਰੋਤਾਂ ਨੂੰ ਸਾਮਰਾਜੀ ਤਾਕਤਾਂ ਦੇ ਝੋਲੀ ਪਾਉਣ ਰਾਹੀਂ ਦੇਸ਼ ਦੇ ਲੋਕਾਂ ਨਾਲ਼ ਕੀਤੀ ਜਾ ਰਹੀ ਗਦਾਰੀ ਅਤੇ ਦੇਸ਼ ‘ਚ ਵੰਡੀਆਂ ਪਾਉਣ ਦੀਆਂ ਫਿਰਕੂ ਫਾਸ਼ੀ ਚਾਲਾਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਕਿਸਾਨ ਮਜ਼ਦੂਰ ਆਗੂਆਂ ਨੇ ਆਖਿਆ ਕਿ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੂੰ ਢਾਹ ਲਾਉਣ ਲਈ ਮੋਦੀ ਸਰਕਾਰ ਤੇ ਫਿਰਕੂ ਤਾਕਤਾਂ ਵੱਲੋਂ 26 ਜਨਵਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਕਿਸਾਨ ਘੋਲ ਨੂੰ ਫੇਲ੍ਹ ਕਰਨ ਦੇ ਮਨਸੂਬਿਆਂ ਨੂੰ ਨੌਜਵਾਨਾਂ ਸਮੇਤ ਸੰਘਰਸ਼ੀ ਲੋਕਾਂ ਨੇ ਇੱਕ ਵਾਰ ਮਾਤ ਦੇ ਦਿੱਤੀ ਹੈ ।ਉਹਨਾਂ ਦੱਸਿਆ ਕਿ ਉਹਨਾਂ ਦੀਆਂ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਇਸ ਨੌਜਵਾਨ ਕਾਨਫਰੰਸ ਦੀ ਕਮਾਂਡ ਨੌਜਵਾਨਾਂ ਹੱਥ ਹੀ ਹੋਵੇਗੀ ਅਤੇ ਇਸ ਵਿਸ਼ਾਲ ਇਕੱਠ ਨੂੰ ਮੁੱਖ ਤੌਰ ‘ਤੇ ਦੋਹਾਂ ਜਥੇਬੰਦੀਆ ਦੇ ਨੌਜਵਾਨ ਆਗੂ ਹੀ ਸੰਬੋਧਨ ਕਰਨਗੇ । ਉਹਨਾਂ ਦੱਸਿਆ ਕਿ ਸਮੁੱਚੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨਿਭਾਉਣ ਲਈ ਇੱਕ ਹਜ਼ਾਰ ਦੇ ਕਰੀਬ ਵਲੰਟੀਅਰ ਤਾਇਨਾਤ ਕੀਤੇ ਜਾਣਗੇ । ਉਹਨਾਂ ਦੱਸਿਆ ਕਿ ਇਸ ਕਾਨਫਰੰਸ ਦੀ ਕਵਰੇਜ ਲਈ ਪਹੁੰਚ ਰਹੇ ਮੀਡੀਆ ਕਰਮੀਆਂ ਲਈ ਪ੍ਰੈਸ ਗੈਲਰੀ ਬਣਾਈ ਬਣਾਈ ਜਾਵੇਗੀ ਜਦੋਂ ਕਿ ਕਾਨਫਰੰਸ ਚ ਪਹੁੰਚਣ ਵਾਲੇ ਦੋਹਾਂ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਤੇ ਸ਼ਖ਼ਸੀਅਤਾਂ ਦੇ ਬੈਠਣ ਲਈ ਸ਼ਹੀਦ ਊਧਮ ਸਿੰਘ ਮਹਿਮਾਨ ਗੈਲਰੀ ਸਥਾਪਤ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ 22 ਮਾਰਚ ਨੂੰ ਨੌਜਵਾਨਾਂ ਦਾ ਵਿਸ਼ਾਲ ਕਾਫ਼ਲਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸ਼ਹੀਦਾਂ ਦੀ ਯਾਦ ‘ਚ ਦਿੱਲੀ ਮੋਰਚੇ ‘ਚ ਕੀਤੇ ਜਾ ਰਹੇ ਸਮਾਗਮ ਲਈ ਖਨੌਰੀ ਬਾਰਡਰ ਤੋਂ ਰਵਾਨਾ ਹੋਵੇਗਾ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਆਗੂ ਰੂਪ ਸਿੰਘ ਛੰਨਾ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ,ਦਰਵਾਰਾ ਸਿੰਘ ਛਾਜਲਾ ਜਗਤਾਰ ਸਿੰਘ ਕਾਲਾਝਾੜ ਤੇ ਮਨਜੀਤ ਸਿੰਘ ਘਰਾਚੋਂ ਵੀ ਮੌਜੂਦ ਸਨ। ਵਰਨਣਯੋਗ ਹੈ ਕਿ ਨੌਜਵਾਨ ਕਾਨਫਰੰਸ ਦੇ ਪ੍ਰਬੰਧਾਂ ਦੀਆਂ ਵਿਆਪਕ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਸੈਂਕੜੇ ਵਲੰਟੀਅਰ ਪੰਡਾਲ ਤਿਆਰ ਕਰਨ , ਟ੍ਰੈਫਿਕ ਪ੍ਰਬੰਧਾਂ ਤੇ ਸੁੱਰਖਿਆ ਵਰਗੇ ਅਨੇਕਾਂ ਕੰਮਾਂ ਚ ਜੁਟੇ ਹੋਏ ਹਨ।

Jeeo Punjab Bureau

Leave A Reply

Your email address will not be published.