ਕ੍ਰੋਧ ,ਨਫ਼ਰਤ ਅਤੇ ਨਰਕ

55

ਜੀਓ ਪੰਜਾਬ ਬਿਊਰੋ

ਲੇਖਕ- ਪ੍ਰਭਜੋਤ ਕੌਰ ਢਿੱਲੋਂ

ਸਿਆਣੇ ਕਹਿੰਦੇ ਨੇ ਕਿਹਾ,”ਕਲਹਾ ਕਲੇਸ਼ ਵੱਸੇ,ਘੜਿਉਂ ਪਾਣੀ ਨੱਸੇ”।ਜਿਥੇ ਗੱਲ ਗੱਲ ਤੇ ਲੜਾਈ ਹੋਵੇ,ਇਕ ਦੂਜੇ ਨੂੰ ਨੀਵਾਂ ਵਿਖਾਉਣ ਦੀਆਂ ਕੋਸ਼ਿਸ਼ਾਂ ਹੋਣ ਅਤੇ ਇਕ ਦੂਸਰੇ ਨੂੰ ਨਫ਼ਰਤ ਕਰਨ ਵਾਲਾ ਮਾਹੌਲ ਹੋਵੇ ਉਥੇ  ਹਰ ਚੀਜ਼ ਦੀ ਘਾਟ ਹੋਣੀ ਸ਼ੁਰੂ ਹੋ ਜਾਂਦੀ ਹੈ।ਜਦੋਂ ਘਰ ਵਿੱਚ ਇਤਫਾਕ ਨਾ ਹੋਵੇ ਤਾਂ ਘਰ ਨਰਕ ਬਣ ਜਾਂਦਾ ਹੈ।ਕ੍ਰੋਧ ਜਾਂ ਗੁੱਸਾ ਬਹੁਤ ਸਾਰੇ ਰਿਸ਼ਤਿਆਂ ਦਾ ਕਤਲ ਕਰ ਦਿੰਦਾ ਹੈ। ਕ੍ਰੋਧ ਨਾਲ ਕਦੇ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਇਆ। ਕ੍ਰੋਧ ਵਿੱਚ ਕਈ ਵਾਰ ਅਜਿਹੇ ਕਦਮ ਚੁੱਕੇ ਜਾਂਦੇ ਹਨ ਕਿ ਬੰਦਾ ਸਾਰੀ ਉਮਰ ਪਛਤਾਉਂਦਾ ਰਹਿੰਦਾ ਹੈ।ਗੁੱਸਾ ਤੀਲੀ  ਵਰਗਾ ਹੁੰਦਾ ਹੈ ਜੋ ਦੂਸਰੇ ਨੂੰ ਸਾੜਨ ਦੇ ਨਾਲ ਨਾਲ ਆਪਣੇ ਆਪ ਨੂੰ ਵੀ ਖਤਮ ਕਰ ਦਿੰਦਾ ਹੈ। ਸ਼ੇਖ ਸਾਅਦੀ ਨੇ ਲਿਖਿਆ ਹੈ,”ਇਹ ਜ਼ਰੂਰੀ ਨਹੀਂ ਹੁੰਦਾ ਕਿ ਗੁੱਸੇ ਦਾ ਸੇਕ ਪਹਿਲਾਂ ਦੁਸ਼ਮਣ ਨੂੰ ਹੀ ਭਸਮ ਕਰੇ।ਗੁੱਸੇ ਦੀ ਲਾਰੀ ਸਭ ਤੋਂ  ਪਹਿਲਾਂ ਖੁਦ ਇਲਾਕੇ ਸੁਆਹ ਕਰ ਸਕਦੀ ਹੈ।”ਕ੍ਰੋਧੀ ਜਿਥੇ ਦੁਸ਼ਮਣਾਂ ਦੀ ਗਿਣਤੀ ਵਧਾਉਂਦਾ ਹੈ ਉਸਦੇ ਨਾਲ ਹੀ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਖਰਾਬ ਕਰ ਲੈਂਦਾ ਹੈ।ਵਧੇਰੇ ਗੁੱਸੇ ਨਾਲ ਬੁੱਧੀ ਤੇ ਮਾੜਾ ਪ੍ਰਭਾਵ ਪੈਂਦਾ ਹੈ।ਗੁੱਸੇ ਵਿੱਚ ਲਏ ਫੈਸਲੇ ਕਦੇ ਵੀ ਦਰੁਸਤ ਨਹੀਂ ਹੁੰਦੇ।ਅਗਿਆਤ ਨੇ ਕਿਹਾ ਹੈ ,”ਗੁੱਸਾ ਉਹ ਹਨੇਰੀ ਹੈ ਜੋ ਅਕਲ ਦਾ ਦੀਵਾ ਬੁਝਾ ਦਿੰਦੀ ਹੈ।”ਜਿੰਨਾ ਪਰਿਵਾਰਾਂ ਵਿੱਚ ਗੁਸੇਲ ਸੁਭਾਅ ਦਾ ਇਕ ਵੀ ਮੈਂਬਰ ਹੋਵੇ,ਉਸ ਘਰਦੇ ਬਾਕੀ ਮੈਂਬਰਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ।

ਨਫ਼ਰਤ, ਕ੍ਰੋਧ ਵਿੱਚੋਂ ਜਨਮ ਲੈਂਦੀ ਹੈ।ਕ੍ਰੋਧ ਕਰਨ ਵਾਲਾ ਨਫ਼ਰਤ ਸੁੱਤੇ ਸਿੱਧ ਹੀ ਕਰਨ ਲੱਗ ਜਾਂਦਾ ਹੈ।ਅਸਲ ਵਿੱਚ ਗੁਸੇ ਸੁਭਾਅ ਵਾਲੇ ਨੂੰ ਇਹ ਸਮਝ ਨਹੀਂ ਆਉਂਦੀ ਕਿ ਸਾਰਾ ਕੁੱਝ ਉਸਦੇ ਮੁਤਾਬਿਕ ਨਹੀਂ ਹੋ ਸਕਦਾ।ਜਦੋਂ ਉਹ ਹਰ ਕਿਸੇ ਨੂੰ ਗਲਤ ਸਾਬਿਤ ਕਰਨ ਲੱਗਦਾ ਹੈ ਅਤੇ ਦੂਜੇ ਉਸਦੇ ਕਹਿਣ ਮੁਤਾਬਿਕ ਨਹੀਂ ਚੱਲਦੇ ਤਾਂ ਉਨ੍ਹਾਂ ਨੂੰ ਉਹ ਨਫ਼ਰਤ ਕਰਨ ਲੱਗ ਜਾਂਦਾ ਹੈ।ਨਫ਼ਰਤ ਕਰਨ ਵਾਲਾ ਰਿਸ਼ਤਿਆਂ ਨੂੰ ਨਾ ਸਮਝ ਸਕਦਾ ਹੈ ਅਤੇ ਨਾ ਇਜ਼ੱਤ ਦੇ ਸਕਦਾ ਹੈ।ਐਡਗਰ ਐਲਾਨ ਟੋਏ ਅਨੁਸਾਰ,”ਇੱਕ ਮਿੰਟ ਦੀ ਨਫ਼ਰਤ ਅੰਦਰ ਸਾਲਾਂ ਦਾ ਪਿਆਰ ਭੁੱਲ ਜਾਂਦਾ ਹੈ।”ਨਫ਼ਰਤ ਵੀ ਬੰਦੇ ਨੂੰ ਸਿਉਂਕ ਵਾਂਗ ਅੰਦਰੋਂ ਖਾ ਜਾਂਦੀ ਹੈ। ਵਧੇਰੇ ਨਫ਼ਰਤ ਕਰਨ ਦੀ ਜਿਸਦੀ ਆਦਤ ਹੋਵੇ,ਉਹ ਮਾਨਸਿਕ ਰੋਗੀ ਹੁੰਦਾ ਹੈ ਜਾਂ ਹੋ ਸਕਦਾ ਹੈ।ਜਿਸਨੂੰ ਤੁਸੀਂ ਨਫ਼ਰਤ ਕਰਦੇ ਹੋ ਅਗਰ ਉਹ ਉਸ ਵੱਲ ਧਿਆਨ ਨਹੀਂ ਦਿੰਦਾ ਤਾਂ ਉਹ ਤੁਹਾਡੀ ਮਦਦ ਕਰ ਰਿਹਾ ਹੁੰਦਾ ਹੈ ਕਿ ਤੁਸੀਂ ਇਸ ਚਿੱਕੜ ਵਿੱਚੋਂ ਨਿਕਲ ਸਕੋ।ਨਫ਼ਰਤ ਘਰਦਾ,ਦਫਤਰ ਅਤੇ ਸਮਾਜ ਦਾ ਮਾਹੌਲ ਕਰ ਦਿੰਦੀ ਹੈ।ਰਿਸ਼ਤਿਆਂ ਵਿੱਚ ਜ਼ਹਿਰ ਗੁੱਲ ਜਾਂਦੀ ਹੈ।ਰਿਸ਼ਤਿਆਂ ਵਿੱਚ ਆਪਸੀ ਸਾਂਝ ਖਤਮ ਹੋ ਜਾਂਦੀ ਹੈ।ਨਫ਼ਰਤ ਨਾਲ ਵੀ ਦੂਸਰੇ ਦੇ ਨੁਕਸਾਨ ਨਾਲ ਆਪਣਾ ਨੁਕਸਾਨ ਵੀ ਹੁੰਦਾ ਹੈ।ਹਕੀਕਤ ਇਹ ਹੈ ਕਿ ਜਿੱਥੇ ਕ੍ਰੋਧ ਅਤੇ  ਨਫ਼ਰਤ ਵਾਲਾ ਮਾਹੌਲ ਹੋਵੇ ਉੱਥੇ ਦਿਨ ਕੱਟਣਾ ਬਹੁਤ ਔਖੇ ਹੁੰਦੇ ਹਨ।ਉਥੋਂ ਦਾ ਮਾਹੌਲ ਹਰ ਪਲ ਦਰਦ ਦਿੰਦਾ ਹੈ।  ਬਿਲਕੁੱਲ ਕ੍ਰੋਧ ਅਤੇ ਨਫ਼ਰਤ ਜਿਥੇ ਵੀ ਹੋਏਗਾ ਉਹ ਹੀ ਨਰਕ ਹੈ।ਚਾਣਕਿਆ ਨੇ ਲਿਖਿਆ ਹੈ,”ਬਹੁਤਾ ਕ੍ਰੋਧੁ,ਮਾੜੀ ਬੋਲ ਬਾਣੀ,ਸੱਜਣ ਲੋਕਾਂ ਨਾਲ ਵੈਰ,ਨੀਚ ਲੋਕਾਂ ਦਾ ਸੰਗ ਸਾਥ,ਇਹ ਸਭ ਨਰਕ ਚ ਰਹਿਣ ਵਾਲੇ ਦੇ ਲੱਛਣ ਹਨ।”ਬਹੁਤ ਸਾਰੇ ਲੋਕਾਂ ਨੂੰ ਦੂਸਰਿਆਂ ਦੀਆਂ ਚੁਗਲੀਆਂ ਕਰਨ ਦੀ ਆਦਤ ਹੁੰਦੀ ਹੈ।ਉਹ ਜਿਥੇ ਵੀ ਬੈਠਣਗੇ ਦੂਸਰਿਆਂ ਦੀ ਬੁਰਾਈ ਕਰਨਗੇ।ਉਨ੍ਹਾਂ ਨੂੰ ਲੋਕਾਂ ਵਿੱਚ ਸਿਰਫ਼ ਨੁਕਸ ਹੀ ਵਿਖਾਈ ਦਿੰਦੇ ਹਨ।ਅਜਿਹੇ ਲੋਕ ਅਜਿਹਾ ਮਾਹੌਲ ਬਣਾ ਦਿੰਦੇ ਹਨ ਕਿ ਉਨ੍ਹਾਂ ਦੀ ਆਦਤ ਕਰਕੇ ਬਹੁਤ ਸਾਰੇ ਲੋਕਾਂ ਦੇ ਘਰਾਂ ਵਿੱਚ ਲੜਾਈਆਂ ਝਗੜੇ ਹੋ ਜਾਂਦੇ ਹਨ।ਕਈ ਵਾਰ ਉਨ੍ਹਾਂ ਦੇ ਆਪਣੇ ਘਰ ਵਿੱਚ ਵੀ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਹਨ।ਕੁਦਰਤ ਦਾ ਇਕ ਨਿਯਮ ਹੈ ਜੋ ਤੁਸੀਂ ਦੂਸਰਿਆਂ ਨੂੰ ਦਿੰਦੇ ਹੋ ਉਹ ਮੁੜਕੇ ਤੁਹਾਡੇ ਵਲ ਆਉਂਦਾ ਹੈ।ਜਿਥੇ ਵੀ ਮਾੜੇ ਕੰਮ ਕਰਨ ਵਾਲੇ ਹੋਣਗੇ ਉਹ ਥਾਂ ਹੀ ਨਰਕ ਹੈ।ਸ਼ੈਕਸਪੀਅਰ ਅਨੁਸਾਰ ,”ਨਰਕ ਤਾਂ  ਖਾਲੀ ਪਿਆ ਹੈ। ਸਾਰੇ ਦੇ ਸਾਰੇ ਸ਼ੈਤਾਨ ਇਥੇ ਤੁਰੇ ਫਿਰਦੇ ਹਨ।”

ਜੇਕਰ ਅਸੀਂ ਥੋੜੇ ਸ਼ਬਦਾਂ ਵਿੱਚ ਕਹੀਏ ਤਾਂ ਜਿਥੇ ਕ੍ਰੋਧ ਹੋਏਗਾ ਉਥੇ ਨਫਰਤ ਦਾ ਆਉਣਾ ਲਾਜ਼ਮੀ ਹੈ ਅਤੇ ਇਹ ਦੋਨੋਂ ਮਿਲਕੇ ਚੰਗੇ ਭਰਦਿਆਂ ਦੀ ਜ਼ਿੰਦਗੀ ਨਰਕ ਕਰ ਦਿੰਦੇ ਹਨ।ਇੰਨਾ ਤੋਂ ਬਚਣਾ ਬਹੁਤ ਜ਼ਰੂਰੀ ਹੈ।ਕ੍ਰੋਧ ਤੇ ਕਾਬੂ ਕਰਨਾ ਬਹੁਤ ਜ਼ਰੂਰੀ ਹੈ।ਪਿਆਰ ਨਾਲ ਬਿਗਾਨਿਆਂ ਨੂੰ ਵੀ ਆਪਣਾ ਬਣਾਇਆ ਦਾ ਸਕਦਾ ਹੈ।ਅਗਲਾ ਨਰਕ ਤਾਂ ਕਿਸੇ ਨੇ ਨਹੀਂ ਵੇਖਿਆ।ਪਰ ਜਿੱਥੇ ਨਫਰਤ ਕਰਨ ਵਾਲੇ ਅਤੇ ਗੁਸੇਲ ਸੁਭਾਅ ਦੇ ਲੋਕ ਹੋਣਗੇ,ਉਹ ਨਰਕ ਵਰਗਾ ਥਾਂ ਹੁੰਦਾ ਹੈ।

Prabhjot Kaur Dhillon

ਮੁਹਾਲੀ ਮੋਬਾਈਲ ਨੰਬਰ 981503022

Jeeo Punjab Bureau

Leave A Reply

Your email address will not be published.