ਗੁੱਸੇ ਦੀ ਹਨ੍ਹੇਰੀ ਸਾਡੀ ਅਕਲ ਦਾ ਦੀਵਾ ਬੁਝਾ ਦਿੰਦੀ ਹੈ

ਜੀਓ ਪੰਜਾਬ ਬਿਊਰੋ

ਲੇਖਕ- ਹਰਫੂਲ ਭੁੱਲਰ

ਜੀਵਨ ਵਿਚ ਬਹੁਤ ਕੰਮਕਾਜ ਅਜਿਹੇ ਹੁੰਦੇ ਨੇ ਜੋ ਸਾਡੇ ਮਨ ਦੀ ਇੱਛਾ ਅਨੁਸਾਰ ਨਹੀਂ ਹੁੰਦੇ। ਇਸ ਸਮੇਂ ਅੰਦਰੋਂ ਗੁੱਸਾ ਪੈਦਾ ਹੁੰਦਾ ਹੈ। ਗੁੱਸੇ ਦੀ ਹਨ੍ਹੇਰੀ ਸਾਡੀ ਅਕਲ ਦਾ ਦੀਵਾ ਬੁਝਾ ਦਿੰਦੀ ਹੈ। ਵਕਤ ਨਾਲ ਕੰਮ ਤਾਂ ਨੇਪਰੇ ਚੜ੍ਹ ਜਾਂਦਾ ਹੈ ਪਰ ਅਸੀਂ ਗੁੱਸੇ ਦੇ ਕਾਰਨ ਬੀਤੇ ਤੋਂ ਕੁਝ ਸਿੱਖ ਨਹੀਂ ਸਕਦੇ, ਅਨਾੜੀ ਹੀ ਰਹਿੰਦੇ ਹਾਂ।

ਸਾਡੇ ਮਨ ਦੀਆਂ ਭਾਵਨਾਵਾਂ ਦੀ ਦਸ਼ਾ ਦਾ ਨਾਂ ਹੀ ਸੁੱਖ ਜਾਂ ਦੁੱਖ ਹੈ। ਸਾਡੇ ਮਨ ਰੂਪੀ ਹਾਥੀ ਨੂੰ ਅਸੀਂ ਆਪਣੀ ਬੁੱਧੀ ਰੂਪੀ ਸੰਗਲਾਂ ਦੀ ਜਕੜ ਨਾਲ ਹੀ ਕਾਬੂ ਵਿਚ ਰੱਖ ਸਕਦੇ ਹਾਂ। ਇਹ ਤਾਂ ਬਹੁਤ ਕੁਝ ਜਾਇਜ਼-ਨਾਜਾਇਜ਼ ਦੀ ਤਮੰਨਾ ਰੱਖਦਾ ਹੈ ਪਾਗਲ ਜਿਹਾ।

ਉਂਝ ਕਹਿਣਾ ਬੜਾ ਸੋਖਾ ਕਿ ਸਾਡੀ ਇੱਛਾ ਪੂਰੀ ਹੋਵੇ ਜਾਂ ਨਾ , ਪਰ ਸਾਨੂੰ ਮਨ ਦੀ ਸਥਿਰਤਾ ਅਤੇ ਸੰਤੁਲਨ ਨਹੀਂ ਗੁਆਉਣਾ ਚਾਹੀਦਾ! ਅਜਿਹੇ ਲਫਜ਼ਾਂ ਨਾਲ ਸਿਰਫ਼ ਪ੍ਰਾਰਥਨਾ ਹੀ ਕੀਤੀ ਜਾ ਸਕਦੀ ਹੈ, ਜੀਵਨ ਤੇ ਜਿੱਤ ਦਿਲ ਦੇ ਭਾਵਾਂ ਨਾਲ ਪਾਈ ਜਾਂਦੀ ਹੈ। ਇਸੇ ਕਰਕੇ ਮੈਂ ਹਮੇਸ਼ਾਂ ਦਿਲ ਵਾਲਿਆਂ ਨੂੰ ਪਿਆਰ ਕਰਦਾ ਹਾਂ, ਦਿਮਾਗ਼ ਵਾਲਿਆਂ ਨੂੰ ਨਹੀਂ।

ਸਾਡੇ ਦਿਲ ਵਿਚਲੀ ਥੋੜ੍ਹੀ ਜਿਹੀ ਥਾਂ ਪੂਰੀ ਕਾਇਨਾਤ ਜਿੰਨੀ ਵਿਸ਼ਾਲ ਹੈ। ਇਸੇ ਵਿਚ ਸਵਰਗ, ਧਰਤੀ, ਸੂਰਜ, ਚੰਦਰਮਾ, ਤਾਰੇ, ਅੱਗ, ਹਵਾਵਾਂ, ਰੁੱਤਾਂ, ਸੰਗੀਤ, ਸੱਜਣ ਪਿਆਰੇ ਅਤੇ ਬੇਗਾਨੇ ਹੀ ਨਹੀਂ ਸਗੋਂ ਜੋ ਕੁਝ ਵੀ ਇਸ ਸਮੇਂ ਸੰਸਾਰ ਅੰਦਰ ਹੈ ਉਹ ਸਭ ਕੁਝ ਏਥੇ ਮੌਜੂਦ ਹੈ। ਇਸੇ ਲਈ ਸੂਝਵਾਨ ਲੋਕ ਮੰਨਦੇ ਨੇ ਕੇ ਇੱਕ ਨੇਕ ਦਿਲ ਇਨਸਾਨ, ਵੱਡੇ-ਵੱਡੇ ਦਿਮਾਗ਼ਾਂ ਵਾਲਿਆਂ ਨਾਲੋਂ ਬਿਹਤਰ ਹੁੰਦਾ ਹੈ।

ਜਿਹੜੇ ਮਨਾਂ ਅੰਦਰ ਵਹਿਮ, ਜਿੰਦ, ਮੁਕਾਬਲਾ ਅਤੇ ਸ਼ੰਕਾ ਭਰੀ ਰਵੇ ਉਨ੍ਹਾਂ ਲਈ ਲੋਕ-ਪ੍ਰਲੋਕ ਵਿਚ ਕਿਤੇ ਵੀ ਸੁੱਖ ਨਹੀਂ। ਆਪਾਂ ਬੁੱਤ ਨੂੰ ਸੰਵਾਰਨ ਨਾਲੋਂ ਮਨ ਨੂੰ ਸੰਵਾਰੀਏ, ਕਿਉਂਕਿ ਸਾਫ਼ ਸੁਥਰੇ ਮਨ ਤੋਂ ਵੱਡਾ ਮੰਦਰ ਸੰਸਾਰ ਅੰਦਰ ਕੋਈ ਨਹੀਂ।

ਹਰਫੂਲ ਭੁੱਲਰ

ਮੰਡੀ ਕਲਾਂ 9876870157

Jeeo Punjab Bureau

Leave A Reply

Your email address will not be published.