ਸਮਾਜ ਜਿਉਂਦਾ ਰੱਖਣਾ ਹੈ ਤਾਂ ਇਸ ਬਾਰੇ ਵੀ ਸੋਚੋ

ਜੀਓ ਪੰਜਾਬ ਬਿਊਰੋ

ਲੇਖਕ- ਪ੍ਰਭਜੋਤ ਕੌਰ ਢਿੱਲੋਂ

ਸਮਾਜ ਨੂੰ ਜਿਉਂਦਾ ਰੱਖਣ ਲਈ ਬਹੁਤ ਸਾਰੀਆਂ ਗੱਲਾਂ, ਸਮਸਿਆਵਾਂ, ਹੱਕਾਂ, ਫਰਜ਼ਾਂ ,ਅਧਿਕਾਰਾਂ ਅਤੇ ਕਾਨੂੰਨਾਂ ਦੀ ਵਰਤੋਂ ਅਤੇ ਦੁਰਵਰਤੋਂ ਤੇ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਜਦੋਂ ਵੀ ਸੰਤੁਲਨ ਵਿਗੜਦਾ ਹੈ ਤਾਂ ਹੜਬੜੀ ਮਚ ਜਾਂਦੀ ਹੈ ਅਤੇ ਸਭ ਕੁਝ ਅਸਤ ਵਿਅਸਤ ਹੋ ਜਾਂਦਾ ਹੈ। ਸਮਾਜ ਦੀ ਸਭ ਤੋਂ ਛੋਟੀ ਇਕਾਈ ਪਰਿਵਾਰ ਹੈ। ਪਰਿਵਾਰ ਦਾ ਸਮਾਜ ਵਿੱਚ ਬਹੁਤ ਮਹੱਤਵ ਹੈ,ਜੋ ਇਸ ਸਮੇਂ ਘੱਟਦਾ ਜਾ ਰਿਹਾ ਹੈ।ਪਰਿਵਾਰ ਸੁੰਗੜਦੇ ਜਾ ਰਹੇ ਹਨ।ਪੈਸੇ ਦਾ ਮਹੱਤਵ ਵਧ ਗਿਆ ਹੈ।ਕਾਨੂੰਨਾਂ ਦੀ ਦੁਰਵਰਤੋਂ ਧੜੱਲੇ ਨਾਲ ਹੋ ਰਹੀ ਹੈ।ਅਧਿਕਾਰ ਦੀ ਜਾਣਕਾਰੀ ਹੈ ਪਰ ਫਰਜ਼ਾਂ ਬਾਰੇ ਕੋਈ ਸੁਣਨ ਨੂੰ ਤਿਆਰ ਨਹੀਂ।ਆਧੁਨਿਕਤਾ ਦੇ ਨਾਮ ਤੇ ਬਹੁਤ ਕੁਝ ਬਦਲ ਗਿਆ।ਇਸ ਬਦਲਾ ਨੇ ਪਰਿਵਾਰ ਅਤੇ ਸਮਾਜ ਨੂੰ ਦਿੱਤਾ ਘੱਟ ਅਤੇ ਖੋਹਿਆ ਵਧੇਰੇ ਹੈ।ਆਧੁਨਿਕਤਾ ਨੇ ਸੰਯੁਕਤ ਪਰਿਵਾਰ ਤੋੜਕੇ ਪਰਿਵਾਰ ਦਾ ਆਕਾਰ ਪਤੀ ਪਤਨੀ ਤੇ ਇੱਕ ਜਾਂ ਦੋ ਬੱਚਿਆਂ ਤੱਕ ਸੀਮਿਤ ਕਰ ਦਿੱਤਾ।ਪੈਸਾ ਪ੍ਰਧਾਨ ਹੋ ਗਿਆ ਅਤੇ ਰਿਸ਼ਤੇ ਬਿਲਕੁੱਲ ਮਨਫ਼ੀ ਹੋ ਗਏ ਹਨ।ਸਮਾਜ ਤਾਰ ਤਾਰ ਅਤੇ ਠੀਕਰੀਆਂ ਵਾਂਗ ਖਿੰਡਰ ਰਿਹਾ ਹੈ।ਬਹੁਤ ਸਾਰੇ ਕਾਨੂੰਨ ਹਨ ਪਰ ਕਿਧਰੇ ਕਾਨੂੰਨ ਦੀ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਕਿਧਰੇ ਉਸਦੀ ਦੁਰਵਰਤੋਂ ਹੋ ਰਹੀ ਹੈ।ਮਾਣਯੋਗ ਸਰਵ ਉੱਚ ਅਦਾਲਤ ਨੇ ਵੀ ਸਮੇਂ ਸਮੇਂ ਤੇ ਕੁਝ ਕਦਮ ਚੁੱਕੇ ਹਨ।

ਸਮਾਜ ਜਿਸ ਅੰਨੀ ਦੌੜ ਵੱਲ ਜਾ ਰਿਹਾ ਹੈ,ਉਸਨੇ ਘਰਾਂ ਅਤੇ ਪਰਿਵਾਰਾਂ ਦਾ ਮੁਹਾਂਦਰਾ ਵਿਗਾੜ ਦਿੱਤਾ ਹੈ।ਅੱਜ ਮਾਪਿਆਂ ਨੂੰ ਬੱਚਿਆਂ ਨੂੰ ਹਰ ਸੁੱਖ ਸੁਵਿਧਾ ਦੇਣ ਦੀ ਦੌੜ ਲੱਗੀ ਹੋਈ ਹੈ।ਪੜ੍ਹਾ ਲਿਖਾਕੇ ਪੈਰਾਂ ਤੇ ਖੜੇ ਕਰਨ ਦੇ ਸੁਪਨੇ ਮਾਪਿਆਂ ਨੇ ਸਜਾਏ ਹੋਏ ਹਨ ਅਤੇ ਆਪਣੀ ਕਮਾਈ ਤੋਂ ਵਧ ਪੈਸੇ ਬੱਚਿਆਂ ਦੀ ਪੜ੍ਹਾਈ ਤੇ ਖਰਚ ਰਹੇ ਹਨ।ਕਦੇ ਇਧਰ ਬਣੀਆਂ ਯੂਨੀਵਰਸਿਟੀਆਂ ਵਿੱਚ ਅਤੇ ਕਦੇ ਵਿਦੇਸ਼ਾਂ ਵਿੱਚ ਭੇਜਣ ਲਈ ਹਰ ਤਰ੍ਹਾਂ ਦੀ ਤਕਲੀਫ਼ ਬਰਦਾਸ਼ਤ ਕਰ ਰਹੇ ਹਨ ਅਤੇ ਕੀਤੀਆਂ ਵੀ ਹਨ।ਪਰ ਡਿਗਰੀਆਂ ਲੈਕੇ ਨੌਕਰੀਆਂ ਦਾ ਨਾ ਮਿਲਣਾ ਅਤੇ ਵਿਦੇਸ਼ਾਂ ਦੀਆਂ ਮੋਟੀਆਂ ਫੀਸਾਂ ਨੇ ਲੋਕਾਂ ਦੇ ਲੱਕ ਤੋੜ ਦਿੱਤੇ ਹਨ।ਮਾਪੇ ਆਪਣੀ ਥਾਂ ਪ੍ਰੇਸ਼ਾਨ ਹਨ ਅਤੇ ਨੌਜਵਾਨ ਪੀੜ੍ਹੀ ਆਪਣੀ ਥਾਂ ਤੰਗ ਹੈ।ਮਾਪਿਆਂ ਨੇ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਬੱਚਿਆਂ ਉਪਰ ਲਗਾ ਦਿੱਤੀ ਅਤੇ ਬੱਚਿਆਂ ਦਾ ਰਵਈਆਂ ਮਾਪਿਆਂ ਪ੍ਰਤੀ ਬੇਹੱਦ ਰੁਖਾ ਹੈ।ਇਥੇ ਸਿਰਫ਼ ਹਰ ਕੋਈ ਅਧਿਕਾਰ ਦੀ ਗੱਲ ਕਰਦਾ ਹੈ।ਫਰਜ਼ਾਂ ਵਾਲੀ ਫੱਟੀ ਤਾਂ ਚੰਗੀ ਤਰ੍ਹਾਂ ਪੋਚੀ ਹੋਈ ਹੈ।ਕੋਈ ਵੇਲਾ ਸੀ ਪੁੱਤਾਂ ਨੂੰ ਮਾਪਿਆਂ ਵਿੱਚ ਗੁਣ ਵਿਖਾਈ ਦਿੰਦੇ ਸਨ।ਸਮਾਂ ਬਦਲਿਆ ਤੇ ਉਹ ਹੀ ਗੁਣ ਔਗਣ ਲੱਗਣ ਲਗ ਗਏ।ਮਾਪਿਆਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਜਾਂਦੇ ਹਨ।ਮਾਪਿਆਂ ਦੇ ਮੂੰਹ ਵਿੱਚ ਗੱਲ ਹੁੰਦੀ ਹੈ ਤੇ ਅੱਗੋਂ ਜਵਾਬ ਮਿਲ ਜਾਂਦਾ ਹੈ ਸਾਨੂੰ ਸੱਭ ਪਤਾ ਹੈ।ਅਖੀਰ ਵਿੱਚ ਉਹ ਮਾਪਿਆਂ ਨੂੰ ਉਹ ਚੁੱਪ ਰਹਿਣ ਲਈ ਮਜ਼ਬੂਰ ਕਰ ਦਿੰਦੇ ਹਨ।ਸਭ ਤੋਂ ਪਹਿਲਾਂ ਪੰਜਾਬ ਵਿੱਚ ਨਸ਼ੇ ਦਾ ਜੋ ਛੇਵਾਂ ਦਰਿਆ ਵਗ ਰਿਹਾ ਹੈ,ਉਸ ਤੇ ਠੱਲ ਪੈਣੀ ਬਹੁਤ ਜ਼ਰੂਰੀ ਹੈ।ਨਸ਼ੇ ਨੇ ਹਰ ਵਰਗ ਨੂੰ ਆਪਣੀ ਜਕੜ ਵਿੱਚ ਲਿਆ ਹੋਇਆ ਹੈ।ਨੌਜਵਾਨ ਪੀੜ੍ਹੀ ਬਹੁਤ ਬੁਰੀ ਤਰ੍ਹਾਂ ਇਸ ਵਿੱਚ ਧੱਸ ਚੁੱਕੀ ਹੈ।ਨਸ਼ੇ ਬਹੁਤ ਕਿਸਮ ਦੇ ਅਤੇ ਬੇਹੱਦ ਖਤਰਨਾਕ ਕਿਸਮ ਦੇ ਮਿਲ ਰਹੇ ਹਨ।ਨਸ਼ਿਆਂ ਦਾ ਖਰਚਾ ਪੂਰਾ ਕਰਨ ਵਾਸਤੇ, ਹਰ ਕਿਸਮ ਦਾ ਅਪਰਾਧ ਕਰ ਲੈਂਦੇ ਹਨ।ਆਪਣੇ ਘਰ ਵਿੱਚ ਚੋਰੀ,ਬਾਹਰ ਚੋਰੀ, ਖੋਹਾਂ ਖਿੰਝਾਂ,ਲੁੱਟਾ ਖੋਹਾਂ ਅਤੇ ਕਤਲ ਕਰਨ ਲੱਗਿਆਂ ਵੀ ਡਰਦੇ ਨਹੀਂ।ਬਹੁਤ ਸਾਰਿਆਂ ਨੇ ਨਸ਼ੇ ਤੋਂ ਮਨਾਂ ਕਰਨ ਜਾਂ ਨਸ਼ੇ ਲਈ ਪੈਸੇ ਦੇਣ ਤੋਂ ਮਨ੍ਹਾ ਕਰਨ ਤੇ ਆਪਣੇ ਮਾਪਿਆਂ ਦਾ ਵੀ ਕਤਲ ਕਰ ਦਿੱਤਾ।ਬਹੁਤ ਥਾਵਾਂ ਤੇ ਜਵਾਨ ਪੁੱਤ ਮਰ ਗਏ, ਕਿਧਰੇ ਨਿੱਕੇ ਨਿੱਕੇ ਬੱਚਿਆਂ ਨੂੰ ਰੋਂਦਾ ਛੱਡਕੇ ਨੌਜਵਾਨ ਮਰ ਗਏ।ਸਮਾਜ ਅਤੇ ਪਰਿਵਾਰਾਂ ਵਿੱਚ ਤਰਾਹੀ ਤਰਾਹੀ ਮਚੀ ਹੋਈ ਹੈ।

ਸਮਾਜ ਵਿਖਾਵੇ ਦੇ ਰਾਹ ਤੇ ਅੰਨੀ ਦੌੜ ਵਿੱਚ ਲੱਗਾ ਹੋਇਆ ਹੈ।ਮਹਿੰਗੇ ਮੈਰਿਜ਼ ਪੈਲਸ,ਵਾਧੂ ਵਿਖਾਵਾ,ਖਾਣਾ ਇੰਨੀ ਕਿਸਮ ਦਾ ਅਤੇ ਇੰਨਾ ਜ਼ਿਆਦਾ ਬਣਾਇਆ ਜਾਂਦਾ ਹੈ ਕਿ ਉਸਦੀ ਬਰਬਾਦੀ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ।ਵਿਆਹਾਂ ਵਿੱਚ ਖਰਚਾ ਮੁੰਡੇ ਅਤੇ ਕੁੜੀ ਪਰਿਵਾਰ ਦਾ ਬਰਾਬਰ ਹੋ ਰਿਹਾ ਹੈ।ਬੱਚਿਆਂ ਦੀਆਂ ਮੰਗਾਂ ਤੇ ਖਾਹਿਸ਼ਾਂ ਇੰਨੀਆਂ ਜ਼ਿਆਦਾ ਹਨ ਕਿ ਮੂੰਹ ਦੂਸਰੇ ਬੰਨੇ ਲੱਗ ਜਾਂਦਾ ਹੈ।

ਜੇਕਰ ਲੜਕੀ ਦੇ ਮਾਪਿਆਂ ਨੂੰ ਮਹਿੰਗਾਈ ਦੀ ਸਮਸਿਆ ਹੈ ਤਾਂ ਲੜਕੇ ਵਾਲੇ ਵੀ ਉਸ ਦੌਰ ਵਿੱਚੋਂ ਨਿਕਲ ਰਹੇ ਹਨ।ਹਰ ਬੱਚਾ(ਲੜਕਾ ਲੜਕੀ)ਆਜ਼ਾਦ, ਖੁੱਲੇ ਪੈਸੇ,ਫਿਰਨਾ ਤੁਰਨਾ ਅਤੇ ਆਪਣੀ ਮਰਜ਼ੀ ਕਰਨਾ ਚਾਹੁੰਦਾ ਹੈ।ਲੜਕੀਆਂ ਵੀ ਸੁਹਰੇ ਪਰਿਵਾਰ ਅਤੇ ਆਪਣੇ ਪਤੀ ਸਾਹਮਣੇ ਬਹੁਤ ਮੰਗਾਂ ਰੱਖਦੀਆਂ ਹਨ।ਬਸ ਏਹ ਹੈ ਘਰਾਂ ਵਿੱਚ ਲੜਾਈ ਦਾ ਅਤੇ ਪਰਿਵਾਰ ਟੁੱਟਣ ਦੇ ਕਾਰਨ।ਇੱਕ ਸਭ ਤੋਂ ਵੱਡੀ ਸਮਸਿਆ ਲੜਕੀ ਪਰਿਵਾਰ ਦਾ ਮੁੰਡੇ ਦੇ ਘਰ ਵਿੱਚ ਜ਼ਰੂਰਤ ਤੋਂ ਵੱਧ ਦਖਲ ਵੀ ਹੈ।ਇਥੇ ਦਹੇਜ ਲੈਣ ਅਤੇ ਦੇਣ ਵਾਲੇ ਤੇ ਕੇਸ ਰਜਿਸਟਰ ਕਰੋ।ਰੋਟੀ ਦਾ ਖਰਚਾ ਹਰ ਫੰਕਸ਼ਨ ਦਾ ਅੱਧਾ ਅੱਧਾ ਪਾਉ।ਦੋਨਾਂ ਪਰਿਵਾਰਾਂ ਨੇ ਜੋ ਜੋ ਦਿੱਤਾ ਹੈ ਹਰ ਚੀਜ਼ ਦਾ ਹਿਸਾਬ ਕਰੋ।ਜੋ ਚੀਜ਼ ਜਿਸ ਹਾਲਤ ਵਿੱਚ ਹੈ ਉਹ ਲੜਕੀ ਵਾਲੇ ਲੈ ਜਾਣ।ਸਿਰਫ਼ ਲੜਕੇ ਪਰਿਵਾਰ ਨਾਲ ਜ਼ਿਆਦਤੀ ਹੁੰਦੀ ਰਹੀ ਤਾਂ ਪਰਿਵਾਰ ਅਤੇ ਸਮਾਜ ਖਤਮ ਹੋ ਜਾਏਗਾ।

ਕੋਈ ਵੀ ਇੱਕ ਤਰਫ਼ਾ ਕਾਨੂੰਨ ਹਫ਼ੜਾ ਦਫ਼ੜੀ ਵਿੱਚ ਜਦੋਂ ਬਣਦਾ ਹੈ ਤਾਂ ਦੂਸਰੀ ਧਿਰ ਦੇ ਮਾਨਵੀ ਹੱਕਾਂ ਦਾ ਗਲਾ ਘੁੱਟਿਆ ਜਾਂਦਾ ਹੈ।ਲੜਕਾ ਵੀ ਬੱਚਾ ਹੈ,ਉਸਦੇ ਮਾਪੇ ਵੀ ਮਾਂ ਬਾਪ ਹਨ।ਲੜਕੀ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਨੇ ਤਾਂ ਹਰ ਜਗ੍ਹਾ ਬਰਾਬਰਤਾ ਕਰੋ।ਹਰ ਲੜਕੀ ਹਮੇਸ਼ਾਂ ਤੋਂ ਮਾਪਿਆਂ ਦਾ ਪੱਖ ਪੂਰਦੀ ਹੈ ਪਰ ਮਾਪੇ ਹੀ ਉਸਨੂੰ ਆਪਣੇ ਪੁੱਤਾਂ ਬਰਾਬਰ ਨਹੀਂ ਸਮਝਦੇ।ਬਜ਼ੁਰਗਾਂ ਦੇ ਕਤਲ ਵੀ ਆਮ ਹੋ ਰਹੇ ਹਨ।ਆਪਣੀ ਔਲਾਦ ਹੀ ਕਤਲ ਕਰਨ ਲੱਗ ਗਈ ਹੈ।ਬਜ਼ੁਰਗਾਂ ਦਾ ਮਾਣ ਸਤਿਕਾਰ ਅਤੇ ਇੱਜ਼ਤ ਨੂੰਹਾਂ ਪੁੱਤ ਕਰਦੇ ਹੀ ਨਹੀਂ।ਮਾਪੇ ਇਕੱਲਤਾ ਭੋਗ ਰਹੇ ਹਨ।ਇੱਕ ਸੇਵਾ ਮੁਕਤ ਐਕਸੀਅਨ ਨੇ ਜਦੋਂ ਵੇਖਿਆ ਕਿ ਹੁਣ ਬੇਇਜ਼ਤੀ ਸਹਾਰਣਾ ਔਖਾ ਹੈ ਤਾਂ ਉਸਨੇ ਆਪਣੇ ਘਰ ਵਿੱਚੋਂ ਨੂੰਹ ਪੁੱਤ ਨੂੰ ਘਰ ਖਾਲੀ ਕਰਨ ਲਈ ਕਹਿ ਦਿੱਤਾ।ਨੌਕਰ ਰੱਖਕੇ ਆਪਣੀ ਜ਼ਿੰਦਗੀ ਤੋਰ ਰਿਹਾ ਹੈ।ਸਿਰਫ਼ ਇੱਕ ਲੜਕੀ ਜੋ ਨੂੰਹ ਬਣ ਜਾਂਦੀ ਹੈ ਉਸਦੇ ਹੱਕਾਂ ਦੀ ਗੱਲ ਕਰਨੀ ਠੀਕ ਨਹੀਂ।ਲੜਕਿਆਂ, ਜੇਠ ਜਠਾਣੀ,ਨਣਾਨ ਨਣਨਦੋਈ ਅਤੇ ਲੜਕੇ ਦੇ ਮਾਪਿਆਂ ਦੇ ਵੀ ਅਧਿਕਾਰਾਂ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ।

ਜੇਕਰ ਸਮਾਜ ਨੂੰ ਜਿਉਂਦੇ ਰੱਖਣਾ ਹੈ ਤਾਂ ਪਰਿਵਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਪਰਿਵਾਰਾਂ ਨੂੰ ਜਿਉਂਦਾ ਰੱਖਣ ਲਈ ਹਰ ਇੱਕ ਦੇ ਅਧਿਕਾਰਾਂ ਦੇ ਨਾਲ ਫਰਜ਼ਾ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।

Prabhjot Kaur Dhillon

Mohali

Jeeo Punjab Bureau

Leave A Reply

Your email address will not be published.