ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਆਪਣੇ ਘਰਾਂ ਨੂੰ ਪਰਤਣਗੇ ਕਿਸਾਨ

 ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ 17 ਮਾਰਚ 

26 ਨਵੰਬਰ ਤੋਂ ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਮੋਰਚੇ ਵਿੱਚ ਬੈਠੇ ਕਿਸਾਨਾਂ ਨੇ ਪਹਿਲਾਂ ਸਰਦੀ ਦੇ ਮੌਸਮ ਵਿੱਚ ਕੜਾਕੇ ਦੀ ਠੰਢ ਅਤੇ ਮੀਂਹ ਹਨੇਰੀਆਂ ਆਪਣੇ ਪਿੰਡੇ ਤੇ ਝੱਲੀਆਂ ਹਨ ਅਤੇ ਹੁਣ ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਗਰਮੀ ਅਤੇ ਮੱਛਰਾਂ ਨੇ ਕਿਸਾਨਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਸਰਦੀਆਂ ਵਿੱਚ ਪਹਿਲਾਂ ਕਿਸਾਨਾਂ ਨੇ ਟਰਾਲੀਆਂ ‘ਚ ਆਪਣੇ ਆਰਜ਼ੀ ਘਰ ਬਣਾ ਕੇ ਸੰਘਰਸ਼ ਜਾਰੀ ਰੱਖਿਆ ਅਤੇ ਹੁਣ ਗਰਮੀ ਦੇ ਮੌਸਮ ਵਿੱਚ ਗਰਮੀ ਅਤੇ ਮੱਛਰਾਂ ਤੋਂ ਬਚਣ ਲਈ ਲੱਕੜ ਦੇ ਆਰਜ਼ੀ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ।

ਅੱਜ ਟਿਕਰੀ ਬਾਰਡਰ ‘ਤੇ  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਮੋਰਚੇ ਵਿੱਚ ਆਪਣੇ ਰਹਿਣ ਖਾਣ ਪੀਣ ਦੀਆਂ ਲੋੜਾਂ ਦਾ ਪ੍ਰਬੰਧ ਕਰ ਕੇ ਸੰਘਰਸ਼ ਕਰ ਰਹੇ ਹਨ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਕੱਲ੍ਹ ਜਦੋਂ ਕਿਸਾਨ ਆਪਣੇ ਪੀਣ ਅਤੇ ਵਰਤਣ ਲਈ ਧਰਤੀ ਵਿੱਚ ਪਾਣੀ ਦੀ ਮੋਟਰ ਲਾ ਰਹੇ ਸਨ ਤਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਰਹਿਣ ਲਈ ਘਰ ਖਾਣ ਲਈ ਰੋਟੀ ਅਤੇ ਪੀਣ ਲਈ ਪਾਣੀ ਮਨੁੱਖ ਦਾ ਮੁੱਢਲਾ ਅਧਿਕਾਰ ਹੈ ਜੋ ਕਿ ਸਰਕਾਰ ਨੂੰ ਆਪਣੇ ਹੱਕਾਂ ਲਈ ਸ਼ਾਂਤਮਈ  ਮੋਰਚੇ ‘ਚ ਬੈਠੇ ਕਿਸਾਨਾਂ ਲਈ ਪ੍ਰਬੰਧ ਕਰਨਾ ਜ਼ਰੂਰੀ ਬਣਦਾ ਹੈ ਪਰ ਹਰਿਆਣਾ ਦੀ ਭਾਜਪਾ ਸਰਕਾਰ ਨਿੱਜੀ ਅਤੇ ਸਰਕਾਰੀ ਜਾਇਦਾਦ ਭੰਨਤੋੜ ਰੋਕੂ ਕਾਨੂੰਨ ਤਹਿਤ ਕਿਸਾਨਾਂ ਨੂੰ ਉਲਝਾਉਣਾ ਚਾਹੁੰਦੀ ਹੈ। ਉਨ੍ਹਾਂ ਭਾਜਪਾ ਸਰਕਾਰ ਦੇ ਇਸ ਰਵੱਈਏ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨ ਮਜ਼ਦੂਰ ਆਪਣੇ ਖ਼ੂਨ ਪਸੀਨੇ ਨਾਲ ਸਿੰਜ ਕੇ ਫ਼ਸਲਾਂ ਪਾਲਦੇ ਹਨ ਅਤੇ ਆਵਾਰਾ ਪਸ਼ੂਆਂ ਤੋਂ  ਉਸ ਦੀ ਰਾਖੀ ਕਰਨ ਲਈ ਗਰਮੀ, ਸਰਦੀ,ਮੀਂਹ,ਝੱਖੜ ਅਤੇ ਹੋਰ ਅਨੇਕਾਂ ਮੁਸ਼ਕਿਲਾਂ ਝੱਲਦੇ ਹਨ ਅਤੇ ਹੁਣ ਉਹ ਮੋਦੀ ਹਕੂਮਤ ਵੱਲੋਂ ਆਪਣੀਆਂ ਆਪਣੀਆਂ ਜਿਣਸਾਂ ਅਤੇ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਖ਼ਿਲਾਫ਼ ਹਰ ਕੁਦਰਤੀ ਅਤੇ ਸਰਕਾਰ ਦਾ ਜਬਰ ਝੱਲ ਕੇ ਕਾਲੇ ਕਾਨੂੰਨ ਵਾਪਸ ਕਰਵਾ ਕੇ ਅਤੇ ਸਾਰੇ ਰਾਜਾਂ ਵਿੱਚ ਐੱਮ ਐੱਸ ਪੀ ਲਾਗੂ ਕਰਵਾ ਕੇ ਹੀ ਆਪਣੇ ਘਰਾਂ ਨੂੰ ਪਰਤਣਗੇ।

ਜਸਵੰਤ ਸਿੰਘ ਤੋਲਾਵਾਲ ਬਲਾਕ ਸੁਨਾਮ ਦੇ ਪ੍ਰਧਾਨ ਨੇ  ਕਿਹਾ ਕਿ ਦਿੱਲੀ ਮੋਰਚੇ ਦੌਰਾਨ ਨੌਜਵਾਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 23 ਮਾਰਚ ਨੂੰ  ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਵੱਧ ਤੋਂ ਵੱਧ ਦਿੱਲੀ ਮੋਰਚੇ ਵਿੱਚ ਪਹੁੰਚਣ।ਅੱਜ ਦੇ ਇਕੱਠ ਨੂੰ ਜਗਦੇਵ ਸਿੰਘ ਜੋਗੇਵਾਲਾ,ਜਗਤਾਰ ਸਿੰਘ ਭਵਾਨੀਗਡ਼੍ਹ, ਸੁਰਜੀਤ ਸਿੰਘ ਸਿਰਸਾ, ਸੁਖਵੰਤ ਸਿੰਘ ਵਲਟੋਹਾ, ਹਰਦੇਵ ਸਿੰਘ ਘੱਗਾ, ਹਰਿਆਣਾ ਤੋਂ  ਬਾਲਕ੍ਰਿਸ਼ਨ ਅਤੇ ਰੀਨਾ  ਨੇ ਵੀ ਸੰਬੋਧਨ ਕੀਤਾ  ।

Jeeo Punjab Bureau

Leave A Reply

Your email address will not be published.