ਸਾਡੀ ਸਿੱਖਿਆ ਪ੍ਰਣਾਲੀ ਕਿਥੇ ਖੜ੍ਹੀ ਹੈ,ਵੇਖਣਾ ਬਹੁਤ ਜ਼ਰੂਰੀ

ਜੀਓ ਪੰਜਾਬ ਬਿਊਰੋ

ਲੇਖਕ- ਪ੍ਰਭਜੋਤ ਕੌਰ ਢਿੱਲੋਂ

ਸਾਡੀ ਸਿੱਖਿਆ ਪ੍ਰਣਾਲੀ ਕਿਥੇ ਖੜੀ ਹੈ,ਇਹ ਵੇਖਣਾ ਬੇਹੱਦ ਜ਼ਰੂਰੀ ਹੋ ਗਿਆ ਹੈ। ਸਭ ਤੋਂ ਪਹਿਲਾਂ ਤਾਂ ਸਿਖਿਆ ਦਾ ਅਰਥ ਸਮਝੀਏ,ਫੇਰ ਇਹ ਕਿਵੇਂ ਦੀ ਪਹਿਲਾਂ ਸੀ ਅਤੇ ਹੁਣ ਕਿਵੇਂ ਦੀ ਹੈ,ਇਹ ਵੀ ਵੇਖਣ ਵਾਲੀ ਗੱਲ ਹੈ।ਇਸ ਵਿੱਚ ਨਿਘਾਰ ਕਿਵੇਂ ਅਤੇ ਕਿਉਂ ਆਇਆ ਏਹ ਮਹੱਤਵਪੂਰਨ ਗੱਲ ਹੈ।ਪਰ ਸੱਭ ਤੋਂ ਵੱਡੀ ਅਤੇ ਸਮੇਂ ਦੀ ਜ਼ਰੂਰਤ ਏਹ ਹੈ ਕਿ ਇਸ ਨੂੰ ਸੁਧਾਰਿਆ ਕਿਵੇਂ ਜਾਵੇ ਤਾਂ ਕਿ ਸਾਡੇ ਬੱਚੇ/ਵਿਦਿਆਰਥੀ ਡਿਗਰੀਆਂ ਲੈਕੇ ਸੜਕਾਂ ਜੋਗੇ ਹੀ ਨਾ ਰਹਿ ਜਾਣ।

ਸਿੱਖਿਆ ਇਵੇਂ ਦੀ ਹੋਵੇ ਕਿ ਚੰਗੇ ਨਾਗਰਿਕ ਪੈਦਾ ਹੋਣ।ਵਧੀਆ ਅਧਿਆਪਕ ਹੀ,ਵਧੀਆ ਸੇਧ ਦੇ ਸਕਦੇ ਹਨ।ਐਡਮਜ ਅਨੁਸਾਰ,”ਸਿਖਿਆ ਇੱਕ ਸੁਚੇਤ ਅਤੇ ਸੋਚੀ ਸਮਝੀ ਪ੍ਰਕਿਰਿਆ ਹੈ।ਜਿਸ ਵਿੱਚ ਇੱਕ ਵਿਅਕਤੀ ਗਿਆਨ ਫੈਲਾਉਣ ਦੇ ਰਾਹੀਂ ਦੂਸਰੇ ਵਿਅਕਤੀ ਦੇ ਵਿਕਾਸ ਨੂੰ ਸੋਧਦਾ ਹੈ”ਚੰਗੇ ਅਧਿਆਪਕ ਹੋਣੇ ਬਹੁਤ ਜ਼ਰੂਰੀ ਹਨ।

ਕੁਝ ਦਹਾਕਿਆਂ ਤੱਕ ਸਰਕਾਰੀ ਸਕੂਲ ਹੀ ਹੁੰਦੇ ਸਨ।ਹਰ ਕੋਈ ਉਸ ਸਕੂਲ ਵਿੱਚ ਹੀ ਜਾਂਦਾ ਸੀ।ਇੱਕਸਾਰਤਾ ਸੀ।ਇੱਕੋ ਜਿਹੀ ਵਰਦੀ, ਇੱਕੋ ਜਗ੍ਹਾ ਤੱਪੜਾਂ ਉਪਰ ਬੈਠਣਾ ਅਤੇ ਇੱਕੋ ਤਰ੍ਹਾਂ ਦੀਆਂ ਮਾਸਟਰ ਜੀ ਦੀਆਂ ਝਿੜਕਾਂ।ਨਾ ਬੱਚਿਆਂ/ਵਿਦਿਆਰਥੀਆਂ ਨੂੰ ਗੁੱਸਾ ਆਉਣਾ ਅਤੇ ਨਾ ਮਾਪਿਆਂ ਨੇ ਬੁਰਾ ਮਨਾਉਣਾ।ਉਸ ਸਿਖਿਆ ਪ੍ਰਣਾਲੀ ਵਿੱਚ ਨਿਘਾਰ ਆਉਂਦਾ ਗਿਆ ਅਤੇ ਅੱਜ ਦੀ ਸਥਿਤੀ ਬਣ ਗਈ।ਅੱਜ ਸਰਕਾਰੀ ਸਕੂਲਾਂ ਦੀ ਵਧੇਰੇ ਕਰਕੇ ਹਾਲਤ ਖਸਤਾ ਹੀ ਹੈ।ਇਥੇ ਅਧਿਆਪਕ ਨਹੀਂ ਹਨ।ਬਾਕੀ ਸਹੂਲਤਾਂ ਦੀ ਗੱਲ ਕਰਨੀ ਬਹੁਤ ਦੂਰ ਦੀ ਗੱਲ ਹੈ।ਸਾਡੀ ਸਿਖਿਆ ਪ੍ਰਣਾਲੀ ਵੀ ਬੀਮਾਰ ਹੈ,ਭਿਆਨਕ ਬੀਮਾਰੀ ਦੀ ਮਰੀਜ਼ ਹੈ।

ਨੌਜਵਾਨ ਡਿਗਰੀਆਂ ਲੈਕੇ ਸੜਕਾਂ ਤੇ ਧੱਕੇ ਖਾਂਦੇ ਫਿਰਦੇ ਹਨ।ਜੇਕਰ ਇੰਨਾ ਨੂੰ ਨੌਕਰੀਆਂ ਸਰਕਾਰ ਦੇਣ ਦੇ ਕਾਬਲ ਨਹੀਂ ਤਾਂ ਡਿਗਰੀਆਂ ਦੇਣ ਵਾਲੇ ਕਾਲਜ ਕਿਉਂ ਖੋਲੇ।ਜੇਕਰ ਇੰਨਾ ਨੇ ਸੜਕਾਂ ਤੇ ਧਰਨੇ ਹੀ ਦੇਣੇ ਹਨ ਤਾਂ ਮਾਪਿਆਂ ਦੇ ਪੈਸੇ ਬਰਬਾਦ ਕਿਉਂ ਕਰਵਾਏ।ਥਾਂ ਥਾਂ ਖੁੱਲੇ ਕਾਲਜ ਮਿਆਰੀ ਸਿਖਿਆ ਦੇਣ ਵਿੱਚ ਸਫ਼ਲ ਨਹੀਂ ਹੋ ਰਹੇ।ਵਧੀਆ ਅਧਿਆਪਕ ਹੋਣ ਤਾਂ ਹੀ ਮਿਆਰੀ ਸਿਖਿਆ ਮਿਲ ਸਕਦੀ ਹੈ।ਪ੍ਰਾਇਵੇਟ ਸਕੂਲਾਂ ਕਾਲਜਾਂ ਦਾ ਤਾਂ ਪੈਸੇ ਬਣਾਉਣਾ ਹੈ,ਇਹ ਉਨ੍ਹਾਂ ਦਾ ਕਿੱਤਾ ਹੈ।

ਇਹ ਸਿੱਖਿਆ ਨਾਲ ਖਿਲਵਾੜ ਹੈ ਅਤੇ ਬੱਚਿਆਂ ਦੇ ਭਵਿੱਖ ਨਾਲ ਖੇਡਣਾ।ਅੱਠਵੀਂ ਕਲਾਸ ਤੱਕ ਬੱਚਿਆਂ ਨੂੰ ਫੇਲ ਨਹੀਂ ਕਰਨਾ।ਨਾ ਅਧਿਆਪਕ ਪੜ੍ਹਾਵੇ ਅਤੇ ਨਾ ਬੱਚੇ ਪੜ੍ਹਨ।ਬੱਚਿਆਂ ਨੂੰ ਆਪਣਾ ਨਾਮ ਆਪਣੀ ਮਾਤਰ ਭਾਸ਼ਾ ਵਿੱਚ ਵੀ ਲਿਖਣਾ ਨਹੀਂ ਆਉਂਦਾ।ਨੌਵੀਂ ਕਲਾਸ ਵਿੱਚ ਉਹ ਕੀ ਕਰਨਗੇ।ਉਹ ਉਸ ਦਿਨ ਵਰਗੇ ਕੋਰੇ ਹੁੰਦੇ ਹਨ ਜਿਸ ਤਰ੍ਹਾਂ ਪਹਿਲੇ ਦਿਨ ਸਕੂਲ ਆਏ ਸੀ ਉਵੇਂ ਦੇ ਹੀ।ਏਹ ਸਰਕਾਰੀ ਸਕੂਲਾਂ ਦੇ ਵਧੇਰੇ ਕਰਕੇ ਬੱਚਿਆਂ ਦਾ ਹਾਲ ਹੈ।ਇਹ ਉਹ ਬੱਚੇ ਹਨ ਜੋ ਬਿਲਕੁੱਲ ਉਵੇਂ ਦੇ ਹੀ ਹੁੰਦੇ ਹਨ ਜਿਵੇਂ ਦੇ ਕਦੇ ਵੀ ਸਕੂਲ ਨਾ ਆਉਣ ਵਾਲਿਆਂ ਦਾ ਹਾਲ ਹੁੰਦਾ ਹੈ।

ਥਾਂ ਥਾਂ ਖੁੱਲੇ ਪ੍ਰਾਈਵੇਟ ਸਕੂਲਾਂ ਨੇ ਮਾਪਿਆਂ ਦਾ ਫੀਸਾਂ ਅਤੇ ਹੋਰ ਖਰਚਿਆ ਨਾਲ ਲੱਕ ਤੋੜਿਆ ਹੋਇਆ ਹੈ।ਹਰ ਕੋਈ ਇੰਨਜੀਅਰਿੰਗ ਦੀ ਡਿਗਰੀ ਲੈਣ ਲਈ ਫੀਸ ਔਖਾ ਸੌਖਾ ਦੇਣ ਦਾ ਪ੍ਰਬੰਧ ਕਰ ਲੈਂਦਾ ਹੈ।ਹੱਥੀਂ ਕੰਮ ਇੰਨਾ ਨੂੰ ਸਿਖਾਇਆ ਹੀ ਨਹੀਂ ਜਾਂਦਾ।ਜ਼ਿੰਦਗੀ ਵਿੱਚ ਸਿੱਖਿਆ ਬਹੁਤ ਜ਼ਰੂਰੀ ਹੈ।ਜੌਹਨ ਡਿਊਈ ਅਨੁਸਾਰ,”ਸਿੱਖਿਆ ਜੀਵਨ ਲਈ ਤਿਆਰੀ ਨਹੀਂ ਹੁੰਦੀ ਸਗੋਂ ਇਹ ਜੀਵਨ ਹੀ ਹੁੰਦੀ ਹੈ।”

ਨਕਲ ਦਾ ਰੁਝਾਨ ਇੱਕ ਵੱਖਰੀ ਬੀਮਾਰੀ

ਹੈ।ਪੇਪਰ ਲੀਕ ਹੋਣਾ ਆਮ ਜਿਹੀ ਗੱਲ ਹੋ ਗਈ ਹੈ।ਉਹ ਚਾਹੇ ਦੱਸਵੀਂ ਦੇ ਹੋਣ ਜਾਂ ਬਾਹਰਵੀਂ ਦੇ ਅਤੇ ਭਾਵੇਂ ਹੋਣ ਪ੍ਰੋਫੈਸ਼ਨਲ ਦਾਖਲਿਆਂ ਦੇ।ਇਥੇ ਤਾਂ ਆਵਾ ਹੀ ਊਤਿਆ ਹੋਇਆ ਹੈ।ਜਦੋਂ ਅਧਿਆਪਕ ਹੀ ਸੰਤੁਸ਼ਟ ਨਹੀਂ, ਕਿਧਰੇ ਪੂਰੀ ਤਨਖਾਹ ਨਹੀਂ ਅਤੇ ਕਿਧਰੇ ਜਵਾਬ ਦੇਹੀ ਨਹੀਂ।ਨਾ ਵਿਦਿਆਰਥੀ ਸਕੂਲਾਂ ਵਿੱਚੋਂ ਚੰਗੇ ਨਾਗਰਿਕ ਬਣ ਕੇ ਨਿਕਲ ਰਹੇ ਹਨ ਅਤੇ ਨਾ ਹੀ ਵਧੀਆ ਸਿੱਖਿਆ ਲੈਕੇ।ਵਾਸਲੀ ਸੁਖੋ ਮਲਿਸਕੀ ਅਨੁਸਾਰ,”ਵਿੱਦਿਆ ਸੱਭ ਤੋਂ ਪਹਿਲਾਂ ਇਸ ਸਬੰਧੀ ਸਿੱਖੀਆ ਹੈ ਕਿ ਇੱਕ ਚੰਗਾ ਇਨਸਾਨ ਕਿਵੇਂ ਬਣਿਆ ਜਾਵੇ।”ਇਥੇ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਘਪਲਿਆਂ ਦੀ ਭੇਂਟ ਚੜ੍ਹ ਜਾਂਦੀਆਂ ਹਨ।ਜਿਹੜੇ ਇਸ ਹੱਦ ਤੱਕ ਡਿੱਗ ਜਾਣਗੇ ਉਹ ਸਿੱਖਿਆ ਦਾ ਮਿਆਰ ਉੱਚਾ ਕਿਵੇਂ ਚੁੱਕ ਸਕਦੇ ਹਨ।

ਸਾਡੀ ਸਿਖਿਆ ਪ੍ਰਣਾਲੀ ਡਿਗਰੀਆਂ ਦੇਣ ਦੀ ਦੌੜ ਵਿੱਚ ਹੈ।ਜੋ ਹਾਲਤ ਬਣ ਚੁੱਕੀ ਹੈ ਉਹ ਬੱਚਿਆਂ ਦੇ ਭਵਿੱਖ ਅਤੇ ਜ਼ਿੰਦਗੀ ਨਾਲ ਖਿਲਵਾੜ ਹੈ।ਸਿੱਖਿਆ ਪ੍ਰਣਾਲੀ ਵਿੱਚ ਵਾਰ ਵਾਰ ਤੁਜ਼ਰਬੇ ਕਰਨ ਨਾਲ ਬੱਚਿਆਂ ਦਾ ਨੁਕਸਾਨ ਹੁੰਦਾ ਹੈ।ਬੱਚੇ ਹੀ ਦੇਸ਼ ਦਾ ਭਵਿੱਖ ਹੁੰਦੇ ਹਨ।ਕੁਝ ਸੁਧਾਰ ਹੋਣੇ,ਸਮੇਂ ਦੀ ਜ਼ਰੂਰਤ ਹੈ।ਹਰ ਨੌਜਵਾਨ ਨੂੰ ਉਸਦੀ ਕਾਬਲੀਅਤ ਅਨੁਸਾਰ ਰੁਜ਼ਗਾਰ ਜ਼ਰੂਰ ਮਿਲੇ,ਨੌਜਵਾਨਾਂ ਨੂੰ ਸਿਰਫ਼ ਕਿਤਾਬੀ ਕੀੜੇ ਨਾ ਬਣਾਇਆ ਜਾਵੇ,ਹੱਥੀ ਕੰਮ ਜ਼ਰੂਰ ਆਉਂਦਾ ਹੋਵੇ।ਕਾਲਜ ਅਤੇ ਯੂਨੀਵਰਸਿਟੀਆਂ ਘੱਟ ਖੋਲੋ ਪਰ ਮਿਆਰੀ ਸਿੱਖਿਆ ਦਿੱਤੀ ਜਾਵੇ।ਅਰਸਤੂ ਅਨੁਸਾਰ,”ਵਿਦਿਆ ਅਜਿਹਾ ਪੌਦਾ ਹੈ ਜਿਸ ਦੀਆਂ ਜੜ੍ਹਾਂ ਕੌੜੀਆਂ ਤੇ ਫਲ ਮਿੱਠਾ ਹੁੰਦਾ ਹੈ।”ਸਿੱਖਿਆ ਪ੍ਰਣਾਲੀ ਜੇਕਰ ਵਿਹਲੜ ਪੈਦਾ ਕਰ ਰਹੀ ਹੈ ਤਾਂ ਸਮਾਜ ਵਿੱਚ ਹੋਰ ਸਮਸਿਆਵਾਂ ਵੀ ਪੈਦਾ ਹੋਣਗੀਆਂ।ਸਾਡੀ ਸਿਖਿਆ ਪ੍ਰਣਾਲੀ ਵਿੱਚ ਬਹੁਤ ਸਾਰੇ ਸੁਧਾਰ ਕਰਨ ਵਾਲੇ ਹਨ ਪਰ ਵਾਰ ਵਾਰ ਤੁਜ਼ਰਬੇ ਕਰਨੇ ਠੀਕ ਨਹੀਂ ਹਨ।

Prabhjot Kaur Dhillon, ਮੁਹਾਲੀ।

Jeeo Punjab Bureau

Leave A Reply

Your email address will not be published.