ਸਕੂਲੀ ਵਿਦਿਆਰਥੀਆਂ ਨੂੰ scholarship ਯਕੀਨੀ ਬਨਾਉਣ ਲਈ ਨਿਰਦੇਸ਼ ਕੀਤੇ ਜਾਰੀ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 16 ਮਾਰਚ

ਪੰਜਾਬ ਸਕੂਲ ਸਿੱਖਿਆ ਵਿਭਾਗ ( Punjab School Education Department ) ਨੇ ਸਕੂਲੀ ਵਿਦਿਆਰਥੀਆਂ ਨੂੰ ਵੱਖ ਵੱਖ ਸਕੀਮਾਂ ਹੇਠ ਸਮੇਂ ਸਿਰ ਵਜੀਫ਼ਾ (scholarship) ਯਕੀਨੀ ਬਨਾਉਣ ਦੇ ਵਾਸਤੇ ਬੱਚਿਆਂ ਦੇ ਆਧਾਰ ਕਾਰਡ ਬਨਾਉਣ ਦੇ ਨਾਲ ਨਾਲ ਬਾਇਓਮੈਟਿ੍ਰਕ ਅਪਡੇਸ਼ਨ ਲਈ ਵੀ ਹੁਕਮ ਜਾਰੀ ਕੀਤੇ ਹਨ।

ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਨੇ ਇਸ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਵਿਦਿਆਰਥੀਆਂ ਦੇ ਆਧਾਰ ਕਾਰਡਾਂ ਸਬੰਧੀ ਪ੍ਰਾਇਮਰੀ ਸਕੂਲਾਂ ਦਾ ਰੋਸਟਰ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਅਤੇ ਮਿਡਲ, ਹਾਈ ਤੇ ਸੀਨੀਅਰ ਸਕੈਂਡਰੀ ਲਈ ਰੋਸਟਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਵੱਲੋਂ ਤਿਆਰ ਕੀਤਾ ਜਾਵੇਗਾ।

ਬੁਲਾਰੇ ਅਨੁਸਾਰ ਵਿਦਿਆਰਥੀਆਂ ਦੀਆਂ ਵੱਖ ਵੱਖ ਵਜੀਫ਼ਾ ਸਕੀਮਾਂ ਲਈ ਆਧਾਰ ਕਾਰਡ ਹੋਣਾ ਜ਼ਰੂਰੀ ਹੈ। ਇਸ ਕਰਕੇ 5 ਤੋਂ 15 ਸਾਲ ਉਮਰ ਤੱਕ ਦੇ ਜਿਨ੍ਹਾਂ ਵਿਦਿਆਰਥੀਆਂ ਦੇ ਅਧਾਰ ਕਾਰਡ ਨਹੀਂ ਬਣੇ ਹਨ, ਉਨ੍ਹਾਂ ਦੇ ਆਧਾਰ ਕਾਰਡ ਬਨਾਉਣ ਲਈ ਨਿਰਦੇਸ਼ ਜਾਰੀ ਕੀਤੇੇ ਗਏ ਹਨ। ਇਸ ਦੇ ਨਾਲ ਹੀ ਜਿਨ੍ਹਾਂ ਵਿਦਿਆਰਥੀਆਂ ਦੇ ਆਧਾਰ ਕਾਰਡ ਬਣੇ ਹਨ, ਉਨ੍ਹਾਂ ਦੀ ਬਾਇਓਮੈਟਿ੍ਰਕ ਅਪਡੇਸ਼ਨ ਲਈ ਵੀ ਆਖਿਆ ਗਿਆ ਹੈ। ਇਹ ਪ੍ਰਕਿਰਿਆ ਨਵੇਂ ਅਕਾਦਮਿਕ ਸੈਸ਼ਨ ਤੋਂ (ਪਹਿਲੀ ਅਪ੍ਰੈਲ 2021) ਤੋਂ ਆਰੰਭ ਹੋਵੇਗੀ।

ਆਧਾਰ ਕਾਰਡ ਬਨਾਉਣ ਵਾਸਤੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ 294 ਆਧਾਰ ਕਿੱਟਾਂ ਅਤੇ ਮਾਨਵੀ ਸ਼ਕਤੀ ਮੁਹਈਆ ਕਰਵਾਏਗਾ ਅਤੇ ਇਹ ਵੱਖ ਵੱਖ ਥਾਵਾਂ ’ਤੇ ਜਾ ਕੇ ਬੱਚਿਆਂ ਦੇ ਆਧਾਰ ਕਾਰਡ ਬਨਾਉਣਗੇ। ਇਸ ਦੇ ਵਾਸਤੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਸਕੂਲ ਮੁਖੀਆਂ ਵੱਲੋਂ ਸਹਿਯੋਗ ਦਿੱਤਾ ਜਾਵੇਗਾ। ਆਧਾਰ ਬਾਇਓਮੈਟਿ੍ਰਕ ਅਪਡੇਸ਼ਨ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਮਿਡਲ, ਫਿਰ ਹਾਈ ਅਤੇ ਉਸ ਤੋਂ ਬਾਅਦ ਸੀਨੀਅਰ ਸਕੈਂਡਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਆਧਾਰ ਕਾਰਡ ਬਣਨਗੇ। ਵਿਦਿਆਰਥੀਆਂ ਦਾ ਰੋਸਟਰ ਤਿਆਰ ਕਰਦੇ ਸਮੇਂ ਸਕੂਲ ਸਿੱਖਿਆ ਬੋਰਡ ਦੀ ਡੇਟਸ਼ੀਟ ਨੂੰ ਧਿਆਨ ਵਿੱਚ ਰੱਖਣ ਲਈ ਵੀ ਅਧਿਕਾਰੀਆਂ ਨੂੰ ਆਖਿਆ ਗਿਆ ਹੈ।

Jeeo Punjab Bureau

Leave A Reply

Your email address will not be published.