ਕਿਸਾਨਾਂ ਦੀਆਂ ਵੱਡੀਆਂ ਗੱਡੀਆਂ ਹਜ਼ਮ ਨਹੀਂ ਹੋ ਰਹੀਆਂ

ਜੀਓ ਪੰਜਾਬ ਬਿਊਰੋ

ਲੇਖਕ- ਪ੍ਰਭਜੋਤ ਕੌਰ ਢਿੱਲੋਂ

ਸੱਚ ਹੈ ਦੂਸਰੇ ਦੀ ਤਰੱਕੀ ਅਤੇ ਰੱਜਵੀਂ ਰੋਟੀ ਖਾਣਾ ਹਜ਼ਮ ਕਰਨਾ ਬਹੁਤ ਔਖਾ ਹੁੰਦਾ ਹੈ।ਇਹ ਗੱਲ ਚੈਨਲਾਂ ਤੇ ਚੱਲ ਰਹੀਆਂ ਖਬਰਾਂ ਨੇ ਵੀ ਕਰਨ ਵਿੱਚ ਕਸਰ ਨਹੀਂ ਛੱਡੀ। ਸਰਕਾਰਾਂ ਵਿੱਚ ਬੈਠਣ ਵਾਲੇ ਸਾਡੇ ਵੱਲੋਂ ਚੁਣੇ ਉਮੀਦਵਾਰ ਵੀ ਪਿੱਛੇ ਨਹੀਂ ਰਹੇ।ਚਲੋ ਗੱਲ ਕਰਦੇ ਹਾਂ ਕਿਸਾਨਾਂ ਦੇ ਅੰਦੋਲਨ ਤੋਂ ਬਣੇ ਜਨ ਅੰਦੋਲਨ ਦੀ ਅਤੇ ਉਸ ਬਾਰੇ ਕੀਤੀਆਂ ਜਾ ਰਹੀਆਂ ਹਾਸੋਹੀਣੀਆਂ ਗੱਲਾਂ ਦੀ।ਪਹਿਲਾਂ ਗੱਲ ਕਰਦੇ ਹਾਂ ਵੱਡੀਆਂ ਗੱਡੀਆਂ ਦੀ।ਸਵਾਲ ਉਠਾਏ ਗਏ ਕਿ ਜਿਹੜੇ ਵੱਡੀਆਂ ਗੱਡੀਆਂ ਲੈਕੇ ਉੱਥੇ ਆ ਰਹੇ ਹਨ ਉਹ ਕਿਸਾਨ ਨਹੀਂ ਹਨ।ਉਨ੍ਹਾਂ ਚੈਨਲਾਂ ਦੀ ਸੋਚ ਅਤੇ ਸਮਝ ਤੇ ਤਰਸ ਆਇਆ। ਇੰਨਾ ਨੂੰ ਸਵਾਲ ਹੈ ਕਿ ਤੁਸੀਂ ਕਿਸਾਨਾਂ ਨੂੰ ਭੁੱਖੇ ਮਰਦੇ ਹੀ ਵੇਖਕੇ ਖਬਰਾਂ ਵਿਖਾਉਣ ਦੀ ਮੁਹਾਰਤ ਰੱਖਦੇ ਹੋ।ਇਹ ਮਿਹਨਤਕਸ਼ ਲੋਕ ਹਨ।ਪੰਜਾਬੀਆਂ ਦੀ ਤਾਂ ਵੈਸੇ ਹੀ ਸ਼ਾਨ ਵੱਖਰੀ ਹੁੰਦੀ ਹੈ।ਉਨ੍ਹਾਂ ਨੂੰ ਵਧੀਆ ਖਾਣ,ਪਹਿਨਣ ਅਤੇ ਰਹਿਣ ਸਹਿਣ ਦਾ ਸ਼ੌਕ ਹੈ।ਆਪਣੇ ਸ਼ੌਕ ਪੂਰੇ ਕਰਨ ਲਈ ਉਨ੍ਹਾਂ ਨੂੰ ਮਿਹਨਤ ਕਰਨਾ ਵੀ ਆਉਂਦਾ ਹੈ।

ਜਦੋਂ ਚੈਨਲਾਂ ਤੋਂ ਇਹ ਅਜਿਹਾ ਸੁਣਿਆ ਤਾਂ ਇਵੇਂ ਲੱਗਾ ਜਿਵੇਂ ਇੰਨਾ ਨੂੰ ਕਿਸਾਨਾਂ ਦੀਆਂ ਗੱਡੀਆਂ ਵੇਖਕੇ ਬੇਹੱਦ ਦੁੱਖ ਅਤੇ ਤਕਲੀਫ਼ ਹੋ ਰਹੀ ਹੈ।ਸਰਕਾਰਾਂ ਨੇ ਸਿੱਖਿਆ ਅਤੇ ਰੁਜ਼ਗਾਰ ਦਾ ਇੰਨਾ ਬੁਰਾ ਹਾਲ ਕਰ ਦਿੱਤਾ ਕਿ ਨੌਜਵਾਨਾਂ ਨੂੰ ਮਜ਼ਬੂਰੀ ਚ ਵਿਦੇਸ਼ਾਂ ਵਿੱਚ ਜਾਣਾ ਪਿਆ ਅਤੇ ਜਾਣਾ ਪੈ ਰਿਹਾ ਹੈ।ਉਥੇ ਕਰੜੀ ਮਿਹਨਤ ਕਰਨ ਤੋਂ ਬਾਅਦ ਇਹ ਗੱਡੀਆਂ ਖਰੀਦੀਆਂ ਜਾਂਦੀਆਂ ਹਨ।ਇਹ ਕਿਸਾਨ ਨੇ ਤਾਂ ਚੈਨਲਾਂ ਵਾਲਿਆਂ ਅਤੇ ਸਿਆਸਤਦਾਨਾਂ ਮੁਤਾਬਿਕ ਟੁੱਟੇ ਸਾਇਕਲਾਂ ਤੇ ਹੋਣੇ ਚਾਹੀਦੇ ਹਨ।ਮੁਆਫ਼ ਕਰਨਾ,ਸ਼ਾਇਦ ਉਨ੍ਹਾਂ ਨੂੰ ਹੈਰਾਨੀ ਅਤੇ ਤਕਲੀਫ਼ ਇਹ ਹੀ ਹੋਏਗੀ ਕਿ ਅਸੀਂ ਤਾਂ ਇੰਨਾ ਕੁੱਝ ਕੀਤਾ ਕਿ ਇਹ ਗਰੀਬੀ ਵਿੱਚ ਰਹਿਣ ਪਰ ਇਹ ਤਾਂ ਕਾਰਾਂ ਵਿੱਚ ਘੁੰਮ ਰਹੇ ਹਨ।ਜਿਗਰਾ ਵੇਖੋ,ਮਹਿੰਗੀਆਂ ਗੱਡੀਆਂ ਪਿੱਛੇ ਟਰਾਲੀਆਂ ਪਾਕੇ ਅੰਦੋਲਨ ਵਿੱਚ ਬੈਠਿਆਂ ਲਈ ਸਮਾਨ ਲਿਆ ਰਹੇ ਹਨ।ਹਾਂ, ਇਹ ਵੱਡੀਆਂ ਗੱਡੀਆਂ ਵਾਲਿਆਂ ਕੋਲ ਵਧੀਆ ਘਰ ਵੀ ਹਨ ਪਰ ਸਰਕਾਰ ਨੇ ਉਨ੍ਹਾਂ ਨੂੰ ਸੜਕਾਂ ਤੇ ਰੋਲ ਦਿੱਤਾ।ਆਜ਼ਾਦ ਦੇਸ਼ ਵਿੱਚ ਰਹਿਕੇ,ਉਵੇਂ ਰਹਿਣ ਲਈ ਮਜ਼ਬੂਰ ਹਨ ਜਿਵੇਂ ਵੰਡ ਵੇਲੇ ਕੈਂਪਾਂ ਵਿੱਚ ਲੋਕ  ਰਹਿ ਰਹੇ ਸੀ।ਇਹ ਉਹ ਸਰਕਾਰਾਂ ਹਨ ਜਿੰਨ੍ਹਾਂ ਨੂੰ ਅਸੀਂ ਵੋਟਾਂ ਪਾਕੇ ਵੱਡੀਆਂ ਕੁਰਸੀਆਂ ਤੇ ਬਿਠਾਇਆ ਹੈ।ਸਾਡੀ ਹਾਲਤ ਤਾਂ ਇਹ ਹੈ”,ਸਾਡੀਆਂ ਜੁੱਤੀਆਂ ਸਾਡਾ ਸਿਰ,”।ਮੇਰਾ ਇਕ ਸਵਾਲ ਪੁੱਛਣ ਨੂੰ ਦਿਲ ਕਰਦਾ ਹੈ ਕਿ ਅਜਿਹਾ ਬੋਲਣ ਵਾਲਿਆਂ ਕੋਲ ਵੀ ਮਹਿੰਗੀਆਂ ਵੱਡੀਆਂ ਕਾਰਾਂ ਹੋਣਗੀਆਂ, ਉਹ ਕਿਥੋਂ ਤੇ ਕਿਵੇਂ ਆਈਆਂ?ਇਵੇਂ ਹੀ ਸਿਆਸਤਦਾਨਾਂ ਦੀਆਂ ਜਾਇਦਾਦਾਂ ਅਤੇ ਵੱਡੀਆਂ ਕਾਰਾਂ ਕਿੱਥੋਂ ਆਈਆਂ?ਜਦੋਂ ਦੂਸਰੇ ਵੱਲ ਇਕ ਉਂਗਲੀ ਕਰਦੇ ਹੋ ਤਾਂ ਚਾਰ ਆਪਣੇ ਵੱਲ ਹੁੰਦੀਆਂ ਹਨ।ਜੇਕਰ ਉਹ ਇੰਨੀ ਠੰਢ ਅਤੇ ਮੀਂਹ ਵਿੱਚ ਵੀ ਨਹੀਂ ਥਿੜਕੇ ਤਾਂ ਸਮਝ ਆ ਜਾਣੀ ਚਾਹੀਦੀ ਹੈ ਕਿ ਇਹ ਕਿਸਾਨ ਹਨ,ਇਹ ਮਖਮਲੀ ਗੱਦਿਆਂ ਤੇ ਸੌਂ ਕੇ ਵੀ ਖੁਸ਼ ਹਨ ਅਤੇ ਇਹ ਖੇਤ ਵਿੱਚ ਵਾਣ ਦੀ ਮੰਜੀ ਤੇ ਸੌਂ ਕੇ ਵੀ ਢੋਲੇ ਦੀਆਂ ਗਾਉਂਦਾ ਹੈ।ਦੂਸਰਿਆਂ ਬਾਰੇ ਚੰਗਾ ਸੋਚਣ ਅਤੇ ਦੂਸਰਿਆਂ ਨੂੰ ਵੇਖਕੇ ਖੁਸ਼ ਹੋਣਾ,ਉੱਚੀ ਸੁੱਚੀ ਅਤੇ ਵਧੀਆ ਸੋਚਦੇ ਮਾਲਕ ਹੀ ਕਰ ਸਕਦੇ ਹਨ।ਸਾਰੇ ਬਿਆਨ ਸੁਣਕੇ ਅਤੇ ਚੈਨਲਾਂ ਵਾਲਿਆਂ ਦੇ ਵਿਚਾਰ ਸੁਣਕੇ ਸਾਫ ਸਮਝ ਆ ਰਹੀ ਸੀ ਕਿ ਇੰਨਾ ਨੂੰ ਅੰਦੋਲਨ ਵਿੱਚ ਅਉਣ ਵਾਲੇ ਲੋਕ,ਅੰਦਲਨਕਾਰੀਆਂ ਦੀ ਹੋ ਰਹੀ ਮਦਦ ਅਤੇ ਉਹ  ਵੀ ਕਾਰਾਂ ਗੱਡੀਆਂ ਪਿੱਛੇ ਟਰਾਲੀਆਂ ਪਾਕੇ ਆਉਣਾ ਹਜ਼ਮ ਨਹੀਂ ਹੋਇਆ। 

Prabhjot Kaur Dhillon

ਮੁਹਾਲੀ ਮੋਬਾਈਲ ਨੰਬਰ 9815050221

Jeeo Punjab Bureau

Leave A Reply

Your email address will not be published.