16 ਸ਼ਹਿਰਾਂ ਵਿੱਚ 475 ਕਰੋੜ ਰੁਪਏ ਦੇ PROJECT ਨੂੰ ਪ੍ਰਵਾਨਗੀ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 16 ਮਾਰਚ

ਸੂਬੇ ਦੇ 1 ਲੱਖ ਤੋਂ ਵੱਧ ਆਬਾਦੀ ਵਾਲੇ 16 ਵੱਡੇ ਸ਼ਹਿਰਾਂ ਵਿੱਚ ਰਹਿੰਦ-ਖੂੰਹਦ ਦਾ ਹੁਣ ਬਾਇਓ-ਪ੍ਰਬੰਧਨ ਕੀਤਾ ਜਾਵੇਗਾ।ਇਸ ਮੰਤਵ ਲਈ 475.06 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਸਬੰਧੀ ਅੱਜ ਇੱਥੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਵਾਲੀ ਉੱਚ-ਤਾਕਤੀ ਕਮੇਟੀ (ਐਚਪੀਸੀ) ਵਿੱਚ ਵਿਸਥਾਰਤ ਪ੍ਰੋਜੈਕਟ ਰਿਪੋਰਟ (detailed project report ) (ਡੀਪੀਆਰ) ਨੂੰ ਅੰਤਮ ਪ੍ਰਵਾਨਗੀ ਦਿੱਤੀ ਗਈ।    
ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਲੁਧਿਆਣਾ, ਅੰਮਿ੍ਰਤਸਰ, ਜਲੰਧਰ, ਬਠਿੰਡਾ, ਮੋਹਾਲੀ, ਮੋਗਾ, ਪਟਿਆਲਾ, ਖੰਨਾ, ਹੁਸ਼ਿਆਰਪੁਰ, ਮਲੇਰਕੋਟਲਾ, ਅਬੋਹਰ, ਬਟਾਲਾ, ਪਠਾਨਕੋਟ, ਬਰਨਾਲਾ, ਮੁਕਤਸਰ ਅਤੇ ਫਿਰੋਜ਼ਪੁਰ ਮਿਉਂਸਪਲ ਕਸਬਿਆਂ ਨੂੰ ਕਵਰ ਕੀਤਾ ਗਿਆ ਹੈ। ਇਨਾਂ 16 ਸ਼ਹਿਰਾਂ ਵਿੱਚ ਤਕਰੀਬਨ 55.92 ਲੱਖ ਮੀਟਰਕ ਟਨ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਪ੍ਰਵਾਨ ਕੀਤੀ ਗਈ ਡੀਪੀਆਰ ਤਹਿਤ ਰਹਿੰਦ-ਖੂੰਹਦ ਦਾ ਨਿਪਟਾਰਾ 800 ਤੋਂ 885 ਰੁਪਏ ਪ੍ਰਤੀ ਮੀਟਰਕ ਟਨ ਦੀ ਲਾਗਤ ਨਾਲ ਕੀਤਾ ਜਾਵੇਗਾ।
ਹੋਰ ਜਾਣਕਾਰੀ ਦਿੰਦਿਆਂ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਏ.ਕੇ. ਸਿਨਹਾ ਨੇ ਦੱਸਿਆ ਕਿ ਸੂਬਾ ਇੱਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਲਈ ਸੰਪੂਰਨ ਮਲ ਪ੍ਰਬੰਧਨ (ਸਲੱਜ ਮੈਨੇਜਮੈਂਟ) ਅਤੇ ਵੇਸਟ ਵਾਟਰ ਮੈਨੇਜਮੈਂਟ (ਡਬਲਿਊ.ਡਬਲਿਊ.ਐਮ.) ਕਰੇਗਾ।ਇਸ ਤੋਂ ਇਲਾਵਾ ਸਾਰੇ ਸ਼ਹਿਰਾਂ ਲਈ ਸੰਪੂਰਨ ਠੋਸ ਕੂੜਾ ਕਰਕਟ ਪ੍ਰਬੰਧਨ ਨੂੰ ਯਕੀਨੀ ਬਣਾਏਗਾ ਜਿਸ ਵਿੱਚ ਕੂੜੇ ਵਾਲੀ ਥਾਂ ਦਾ ਪ੍ਰਬੰਧਨ, ਮਟੀਰੀਅਲ ਰਿਕਵਰੀ ਫੈਸਿਲਟੀਜ਼ (ਐਮ.ਆਰ.ਐਫਜ਼) ਅਤੇ ਨਿਰਮਾਣ ਦੀ ਰਹਿੰਦ-ਖੂਹੰਦ ਦੀ ਪੋ੍ਰਸੈਸਿੰਗ ਸ਼ਾਮਲ ਹੈ।
ਸ੍ਰੀਮਤੀ ਵਿਨੀ ਮਹਾਜਨ ਨੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਅਰਬਨ ਅਸਟੇਟਾਂ ਅਤੇ ਮਨਜ਼ੂਰਸ਼ੁਦਾ ਕਲੋਨੀਆਂ, ਜਿਨਾਂ ਨੂੰ ਅਜੇ ਤੱਕ ਸਬੰਧਤ ਐਮ.ਸੀਜ਼ ਨੂੰ ਨਹੀਂ ਸੌਂਪਿਆ ਗਿਆ, ਵਿਚ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।
ਉਨਾਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸਲੱਜ ਮੈਨੇਜਮੈਂਟ ਲਈ ਕਾਰਜ ਯੋਜਨਾ ਤਿਆਰ ਕਰਨ ਅਤੇ ਇਸਨੂੰ ਅੰਤਿਮ ਰੂਪ ਦੇਣ ਲਈ ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਬੋਰਡ ਅੱਗੇ ਰੱਖਣ ਦੀ ਹਦਾਇਤ ਵੀ ਕੀਤੀ। ਕਾਬਲੇਗੌਰ ਹੈ ਕਿ ਸੂਬੇ ਨੇ ਪਹਿਲਾਂ ਹੀ ਮਿਉਂਸਪਲ ਠੋਸ ਰਹਿੰਦ-ਖੂੰਹਦ ਨੂੰ ਘਰ ਘਰ ਜਾ ਕੇ ਇਕੱਠਾ ਕਰਨ ਅਤੇ ਵੱਖਰਾ ਕਰਨ ਦੇ ਟੀਚੇ ਨੂੰ ਲਗਭਗ 100 ਫੀਸਦੀ ਪ੍ਰਾਪਤ ਕਰ ਲਿਆ ਹੈ। ਇਸ ਤੋਂ ਇਲਾਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ 14 ਜ਼ਿਲਾ ਵਾਤਾਵਰਣ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਜਲ ਸਰੋਤ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਵਿੱਤ, ਖੁਰਾਕ ਤੇ ਸਿਵਲ ਸਪਲਾਈ ਕੇ.ਏ.ਪੀ. ਸਿਨਹਾ, ਸੀ.ਈ.ਓ. ਪੀ.ਐਮ.ਆਈ.ਡੀ.ਸੀ.  ਅਜੋਏ ਕੁਮਾਰ ਸ਼ਰਮਾ, ਡਾਇਰੈਕਟਰ ਸਥਾਨਕ ਸਰਕਾਰਾਂ ਪੁਨੀਤ ਗੋਇਲ ਅਤੇ ਪ੍ਰੋਜੈਕਟ ਡਾਇਰੈਕਟਰ ਐਸ.ਬੀ.ਐਮ.  ਪੂਰਨ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।  

Jeeo Punjab Bureau

Leave A Reply

Your email address will not be published.