ਦੇਸ਼ ਵਿੱਚ ਵੱਖ-ਵੱਖ ਥਾਵਾਂ ਤੋਂ ਡਿਪਟੀ ਕਮਿਸ਼ਨਰਾਂ ਰਾਹੀਂ PM ਨੂੰ ਮੰਗ ਪੱਤਰ ਭੇਜੇ

 ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ 15 ਮਾਰਚ

ਡੀਜ਼ਲ,ਪੈਟਰੋਲ ਅਤੇ ਰਸੋਈ ਗੈਸ ਸਮੇਤ (diesel/petrol/LPG) ਸਾਰੀਆਂ ਜਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਵਾਪਸ ਕਰਵਾਉਣ, ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲ਼ੀ ਪ੍ਰਦੂਸ਼ਣ ਆਰਡੀਨੈਂਸ ਕਰਵਾਉਣ, ਮਜ਼ਦੂਰ ਮਾਰੂ ਨਵੇਂ ਲੇਬਰ ਕੋਡ ਤੁਰੰਤ ਰੱਦ ਕਰਵਾਉਣ, ਸਾਰੀਆਂ ਫਸਲਾਂ ਦੀ ਲਾਭਕਾਰੀ ਐਮ ਐਸ ਪੀ ਅਤੇ ਦੇਸ਼ ਭਰ ਵਿੱਚ ਪੂਰੀ ਖਰੀਦ ਦੀ ਕਾਨੂੰਨੀ ਗਰੰਟੀ ਕਰਵਾਉਣ ,ਸਰਵਜਨਿਕ ਜਨਤਕ ਵੰਡ ਪ੍ਰਣਾਲੀ ਪੂਰੇ ਦੇਸ਼ ‘ਚ ਸਾਰੇ ਗਰੀਬਾਂ ਲਈ ਲਾਗੂ ਕਰਵਾਉਣ ,ਜਨਤਕ ਖੇਤਰ ਦੇ ਅਦਾਰਿਆਂ ਦੇ ਨਿੱਜੀਕਰਨ ਦੀ ਨੀਤੀ ਰੱਦ ਕਰ ਕੇ  ਵੇਚੇ ਜਾ ਚੁੱਕੇ ਅਦਾਰਿਆਂ ਦਾ ਸਰਕਾਰੀਕਰਨ ਕਰਵਾਉਣ ਅਤੇ ਭਾਰਤੀ ਖੇਤੀਬਾੜੀ ਦੇ ਕਾਰਪੋਰੇਟਾਈਜ਼ੇਸ਼ਨ ਨੂੰ ਰੋਕਣ ਲਈ ਨੀਤੀ ਜਾਰੀ ਕਰਵਾਉਣ ਲਈ ਅੱਜ ਨਿੱਜੀਕਰਨ ਅਤੇ ਕਾਰਪੋਰੇਟ – ਵਿਰੋਧੀ  ਦਿਵਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇਸ਼ ਵਿੱਚ ਵੱਖ ਵੱਖ ਥਾਵਾਂ ਤੋਂ ਡਿਪਟੀ ਕਮਿਸ਼ਨਰ ਅਤੇ ਐੱਸਡੀਐੱਮ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ।

ਇਸ ਸਬੰਧੀ ਟਿਕਰੀ ਬਾਰਡਰ ਤੇ ਬੀਕੇਯੂ ਏਕਤਾ ਉਗਰਾਹਾਂ (BKU) ਦੀ ਸਟੇਜ ਤੋਂ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਵਲੋਂ  ਮੰਗਾਂ ਸੰਬੰਧੀ ਕਿਹਾ ਕਿ ਉਪਰੋਕਤ ਮੰਗਾਂ ਮਨਵਾਉਣ ਲਈ ਸੰਘਰਸ਼ ਨੂੰ ਹੋਰ ਵਿਸ਼ਾਲ ਅਤੇ ਤਿੱਖਾ ਕਰਨ ਦੀ ਜ਼ਰੂਰਤ ਹੈ । ਇਨਕਲਾਬੀ ਜਮਹੂਰੀ ਫਰੰਟ ਦੇ ਆਗੂ ਗੁਰਦਿਆਲ ਸਿੰਘ ਭੋਗਲ ਨੇ ਕਿਹਾ ਕਿ ਨਿੱਜੀਕਰਨ ਦੀਆਂ ਨੀਤੀਆਂ ਅਤੇ ਮਹਿੰਗਾਈ ਲੈ ਕੇ ਆਉਣ ਦੀਆਂ ਜ਼ੁੰਮੇਵਾਰ ਭਾਰਤ ਵਿੱਚ ਹੁਣ ਤੱਕ ਰਾਜ ਕਰਦੀਆਂ ਸਰਕਾਰਾਂ ਅਤੇ ਪਿੱਛੇ ਬੈਠੇ ਕਾਰਪੋਰੇਟ ਘਰਾਣੇ, ਸਾਮਰਾਜੀ ਤਾਕਤਾਂ ਹਨ। ਇੰਨ੍ਹਾਂ ਸਾਮਰਾਜੀ ਘਰਾਣਿਆਂ ਨੇ ਹੀ ਸਾਡੇ ਦੇਸ਼ ਅੰਦਰ ਜਿਨ੍ਹਾਂ ਜਿਨ੍ਹਾਂ ਪਬਲਿਕ ਸੈਕਟਰਾਂ ਵਿੱਚ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਆਪਣਾ ਕਾਰੋਬਾਰ ਵਧਾਇਆ ਹੈ।ਉਹਨਾਂ ਉਹਨਾਂ ਪਬਲਿਕ ਸੈਕਟਰਾਂ ਦਾ ਹੀ ਬੁਰਾ ਹਾਲ ਹੋਇਆ ਹੈ ਅਤੇ ਮਹਿੰਗਾਈ ਨੂੰ ਵਧਾਵਾ ਦਿੱਤਾ ਗਿਆ ਜਿਸ ਨਾਲ ਭਾਰਤ ਦੇ ਲੋਕਾਂ ਆਰਥਿਕ ਭਾਰ ਪਿਆ,ਬੇਰੁਜ਼ਗਾਰੀ ਅਤੇ ਮਹਿੰਗਾਈ ਵਿੱਚ ਵਾਧਾ ਹੋਇਆ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ 1947 ਤੋਂ ਬਾਅਦ ਦੇਸ਼ ਅੰਦਰ ਬਦਲ ਬਦਲ ਕੇ ਰਾਜ ਕਰਦੀਆਂ ਪਾਰਟੀਆਂ ਨੇ ਹੁਣ ਤੱਕ ਨਿੱਜੀਕਰਨ ਦੀਆਂ ਨੀਤੀਆਂ ਅਤੇ ਕਾਰਪੋਰੇਟ ਘਰਾਣਿਆ ਦਾ ਹੀ ਪੱਖ ਪੂਰਿਆਂ ਹੈ ਜਿਸ ਕਰਕੇ ਹਰ ਵਰਗ ਨੂੰ ਮਹਿੰਗਾਈ ਦੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਪੈਟਰੋਲ,ਡੀਜ਼ਲ,ਗੈਸ ਆਦਿ ਵਸਤੂਆਂ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਹਨ ਇਸ ਕਾਰਨ ਹੀ ਪੜ੍ਹਾਈ, ਸਿਹਤ ਸੇਵਾਵਾਂ ਅਤੇ ਲੋੜੀਂਦੀਆਂ ਜ਼ਰੂਰੀ ਸਹੂਲਤਾਂ ਭਾਰਤ ਦੇ ਮਿਹਨਤਕਸ਼ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਖੇਤੀਬਾੜੀ ਦੇ ਲਾਗਤ ਖਰਚਿਆਂ ਵਿੱਚ ਵੀ ਅਥਾਹ ਵਾਧਾ ਹੋਇਆ ਹੈ ਜਿਸ ਕਰਕੇ ਖੇਤੀਬਾੜੀ ਦਾ ਧੰਦਾ ਘਾਟੇ ਦਾ ਕਾਰੋਬਾਰ ਬਣਦਾ ਜਾ ਰਿਹਾ ਹੈ।

ਉਪਰੋਕਤ ਬੁਲਾਰਿਆਂ ਤੋਂ ਇਲਾਵਾ  ਛੱਜ ਰਾਮ ਸ਼ਰਮਾ ਮੁਲਾਜ਼ਮ ਫਰੰਟ ਮੂਨਕ, ਸੁਖਵੰਤ ਸਿੰਘ ਵਲਟੋਹਾ ਕਿਸਾਨ ਸੰਘਰਸ਼ ਕਮੇਟੀ, ਮਾਸਟਰ ਗੁਰਚਰਨ ਖੋਖਰ ਬਲਾਕ ਆਗੂ ਲਹਿਰਾਗਾਗਾ, ਜਸਵੀਰ ਸਿੰਘ ਗੱਗੜਪੁਰ,ਨਾਹਰ ਸਿੰਘ ਗੁੰਮਦੀ, ਜਸਵਿੰਦਰ ਸਿੰਘ ਬਰਾਸ,ਗੁਰਭਗਤ ਸਿੰਘ ਭਲਾਈਆਣਾ, ਕੁਲਦੀਪ ਸਿੰਘ ਅੰਮ੍ਰਿਤਸਰ ਅਤੇ ਜਗਦੀਸ਼ ਕੈਂਥਲ ਹਰਿਆਣਾ ਤੋਂ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।ਰਾਮ ਸਿੰਘ ਹਠੂਰ ਅਤੇ ਮਾਣਕ ਕਣਕਵਾਲ ਨੇ ਲੋਕ ਪੱਖੀ ਗੀਤ ਪੇਸ਼ ਕੀਤੇ। ਸਟੇਜ ਸੰਚਾਲਨ ਦੀ ਜਿੰਮੇਵਾਰੀ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਬਾਖੁਬੀ ਨਿਭਾਈ।

Jeeo Punjab Bureau

Leave A Reply

Your email address will not be published.