ਸੂਬਿਆਂ ਦੀਆਂ Election ‘ਚ BJP ਨੂੰ ਵਿਸ਼ੇਸ਼ ਚੋਟ ਨਿਸ਼ਾਨਾ ਬਣਾਓ

 ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 13 ਮਾਰਚ

ਭਾਕਿਯੂ (BKU) ((ਏਕਤਾ ਉਗਰਾਹਾਂ) ਨੇ ਵੱਖ-ਵੱਖ ਸੂਬਿਆਂ ਅੰਦਰ ਹੋ ਰਹੀਆਂ ਚੋਣਾਂ ਦੇ ਮਾਹੌਲ ਦੌਰਾਨ ਆਪਣੀ ਪਹੁੰਚ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਭੱਖ ਰਹੇ ਇਸ ਸਿਆਸੀ ਮਾਹੌਲ ਦਰਮਿਆਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਸਮੇਤ ਕਿਸਾਨੀ ਦੇ ਭਖਦੇ ਮੁੱਦੇ ਪੂਰੇ ਜ਼ੋਰ ਨਾਲ ਇਸ ਸਿਆਸੀ ਦ੍ਰਿਸ਼ ‘ਤੇ ਉਭਾਰਨੇ ਚਾਹੀਦੇ ਹਨ।

ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਹ ਮੁੱਦੇ  ਉਭਾਰਦਿਆਂ ਤੇ ਸੰਘਰਸ਼ ਨੂੰ ਭਖਾਉਂਦਿਆਂ ਭਾਜਪਾ ਨੂੰ ਵਿਸ਼ੇਸ਼ ਚੋਟ ਨਿਸ਼ਾਨਾ ਬਣਾਉਣਾ ਚਾਹੀਦਾ ਹੈ। ਆਗੂਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਨਵ-ਉਦਾਰਵਾਦੀ ਨੀਤੀਆਂ ਤਹਿਤ ਖੇਤੀ ਖੇਤਰ ‘ਤੇ ਇਹ ਨਵਾਂ ਸਾਮਰਾਜੀ ਹੱਲਾ ਬੋਲਿਆ ਗਿਆ ਹੈ,ਆਮ ਕਰ ਕੇ ਸਾਰੀਆਂ ਵੋਟ ਪਾਰਟੀਆਂ ਹੀ ਇਨ੍ਹਾਂ ਨੀਤੀਆਂ ਦੀਆਂ ਮੁਦੱਈ ਹਨ। ਕੇਂਦਰੀ ਭਾਜਪਾਈ ਹਕੂਮਤ ਇਸ ਵੇਲੇ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਵਾਲੀ ਮੋਹਰੀ ਸ਼ਕਤੀ ਵਜੋਂ ਨਿਸ਼ੰਗ ਹੋ ਕੇ ਹੂੰਝਾ ਫੇਰੂ ਢੰਗ ਨਾਲ ਲੋਕਾਂ ਦੀਆਂ ਕਿਰਤ ਕਮਾਈਆਂ ‘ਤੇ ਹੱਲਾ ਬੋਲ ਰਹੀ ਹੈ ਅਤੇ ਇਸ ਵੇਲੇ ਅਖੌਤੀ ਆਰਥਿਕ ਸੁਧਾਰਾਂ ਦੀ ਝੰਡਾ ਬਰਦਾਰ ਬਣ ਕੇ ਉੱਭਰੀ ਹੋਈ ਹੈ। ਇਨ੍ਹਾਂ ਸੁਧਾਰਾਂ ਨੂੰ ਲਾਗੂ ਕਰਨ ਲਈ ਲੋਕਾਂ ‘ਤੇ ਫਿਰਕੂ ਫਾਸ਼ੀ ਹੱਲਾ ਵੀ ਜੋਰ ਨਾਲ ਬੋਲ ਰਹੀ ਹੈ। ਇਸ ਲਈ ਭਾਜਪਾ ਨੂੰ ਲੋਕ ਰੋਹ ਦਾ ਵਿਸ਼ੇਸ਼ ਨਿਸ਼ਾਨਾ ਬਣਾਉਣ ਰਾਹੀਂ ਚੱਲ ਰਹੀ ਕਿਸਾਨ ਜੱਦੋਜਹਿਦ ਦਾ ਸੇਕ ਉਸਨੂੰ ਇਨ੍ਹਾਂ ਚੋਣਾਂ ਦੌਰਾਨ ਵੀ ਲੱਗਣਾ ਚਾਹੀਦਾ ਹੈ। ਪਰ ਨਾਲ ਹੀ ਆਗੂਆਂ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਇਸ ਚੋਣ ਘੜਮੱਸ ਦੌਰਾਨ ਲੋਕਾਂ ਨੂੰ ਇਹ ਗੱਲ ਕਦੇ ਵੀ ਨਹੀਂ ਵਿਸਾਰਨੀ ਚਾਹੀਦੀ ਕਿ ਲੋਕਾਂ ਕੋਲ ਇਸ ਹੱਲੇ ਖ਼ਿਲਾਫ਼ ਡਟਣ ਦਾ ਸਿੱਕੇਬੰਦ ਰਸਤਾ ਆਪਣੇ ਹੱਕੀ ਸੰਘਰਸ਼ਾਂ ਦਾ ਰਸਤਾ ਹੈ। ਇਸ ਲਈ ਜਥੇਬੰਦੀ ਕਿਸਾਨਾਂ ਨੂੰ ਸੱਦਾ ਦਿੰਦੀ ਹੈ ਕਿ ਉਹ ਇੱਕ ਜਾਂ ਦੂਜੀ ਪਾਰਟੀ ਤੋਂ ਆਪਣੇ ਮੁੱਦਿਆਂ ਦੇ ਹੱਲ ਦੀ ਝਾਕ ਮੁਕਾ ਕੇ ਆਪਣੀ ਜਥੇਬੰਦ ਕਿਸਾਨ ਤਾਕਤ ਨੂੰ ਹੋਰ ਮਜ਼ਬੂਤ ਕਰਨ ਤੇ ਸੰਘਰਸ਼ ਵਿਚ ਆਪਣੀ ਨਿਹਚਾ ਨੂੰ ਹੋਰ ਡੂੰਘੀ ਕਰਨ। ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਹੋਰਨਾਂ ਮੰਗਾਂ ਲਈ ਚੱਲ ਰਹੇ ਸੰਘਰਸ਼ ਨੂੰ ਜਿੱਤ ਤੱਕ ਪਹੁੰਚਾਉਣ ਲਈ ਸੰਘਰਸ਼ ਦੇ ਹਥਿਆਰ ‘ਤੇ ਹੀ ਆਪਣੀ ਟੇਕ ਰੱਖਣ। ਜਾਤਾਂ, ਧਰਮਾਂ ਤੇ ਇਲਾਕਿਆਂ ਦੀਆਂ ਨਕਲੀ ਤੇ ਸੌੜੀਆਂ ਹੱਦਬੰਦੀਆਂ ਤੋਂ ਉੱਪਰ ਉਠ ਕੇ ਮੁਲਕ ਪੱਧਰੀ ਇੱਕਜੁੱਟ ਕਿਸਾਨ ਲਹਿਰ ਦੀ ਉਸਾਰੀ ਦੇ ਰਾਹ ਪੈਣ।

Jeeo Punjab Bureau

Leave A Reply

Your email address will not be published.