ਕਾਲੇ ਖੇਤੀ ਕਾਨੂੰਨਾਂ ਵਿਰੁੱਧ 21 March ਨੂੰ ਨੌਜਵਾਨ ਕਾਨਫਰੰਸ ਦੀ ਤਿਆਰੀ ਲਈ ਕੀਤੀ ਮੀਟਿੰਗ

66

ਜੀਓ ਪੰਜਾਬ ਬਿਊਰੋ

ਬਰਨਾਲਾ, 12 ਮਾਰਚ

ਅੱਜ ਇੱਥੋਂ ਥੋੜੀ ਦੂਰ ਪਿੰਡ ਚੀਮਾ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) (Bharti Kisan Union (Ekta Ugrahan) ਵੱਲੋਂ ਨੌਜਵਾਨਾਂ ਦੀ ਸੂਬਾਈ ਸਿੱਖਿਆ ਮੀਟਿੰਗ ਕੀਤੀ ਗਈ। ਇਸ ਵਿੱਚ ਕੌਮੀ ਲਹਿਰ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਵਜੋਂ ਸਾਮਰਾਜਵਾਦ ਅਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਖੇਤ ਮਜ਼ਦੂਰ ਯੂਨੀਅਨ ਨਾਲ ਸਾਂਝੇ ਤੌਰ ‘ਤੇ 21 ਮਾਰਚ ਨੂੰ ਸੁਨਾਮ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਵਿਸ਼ਾਲ ਨੌਜਵਾਨ ਕਾਨਫਰੰਸ ਬਾਰੇ ਹਰ ਪੱਖ ਤੋਂ ਚਾਨਣਾ ਪਾਇਆ ਗਿਆ।

ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੂਬਾਈ ਅਹੁਦੇਦਾਰ ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ ਅਤੇ ਸੈਂਕੜੇ ਨੌਜਵਾਨ ਸ਼ਾਮਲ ਹੋਏ। ਮੀਟਿੰਗ ਦੀ ਸ਼ੁਰੂਆਤ ਮੌਜੂਦਾ ਘੋਲ਼ ‘ਚ ਹੁਣ ਤੱਕ 250 ਤੋਂ ਵੱਧ ਜਾਨਾਂ ਵਾਰ ਚੁੱਕੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਰਾਹੀਂ ਕੀਤੀ ਗਈ।

ਨੌਜਵਾਨਾਂ ਨੂੰ ਦੱਸਿਆ ਗਿਆ ਕਿ ਸ਼ਹੀਦੇਆਜ਼ਮ ਭਗਤ ਸਿੰਘ ਤੇ ਸਾਥੀਆਂ ਵੱਲੋਂ ਫਾਂਸੀ ਦੇ ਤਖਤੇ ਤੋਂ ਗੁੰਜਾਇਆ ਗਿਆ “ਸਾਮਰਾਜਵਾਦ- ਮੁਰਦਾਬਾਦ” ਦਾ ਇਨਕਲਾਬੀ ਨਾਹਰਾ ਕਿਵੇਂ ਇਸ ਘੋਲ਼ ‘ਤੇ ਪੂਰਾ ਢੁੱਕਦਾ ਹੈ। ਕਿਵੇਂ ਇਸ ਘੋਲ਼ ਦੀ ਜਿੱਤ ਨਾਲ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖ਼ਾਤਮੇ ਦਾ ਰਾਹ ਪੱਧਰਾ ਹੋਣਾ ਹੈ। ਕਿਉਂਕਿ ਸੰਸਾਰ ਵਪਾਰ ਸੰਸਥਾ(WTO) ਦੀ ਖੁਲ੍ਹੀ ਮੰਡੀ ਦੀ ਨੀਤੀ ਤਹਿਤ ਮੋਦੀ ਹਕੂਮਤ ਵੱਲੋਂ ਮੜ੍ਹੇ ਜਾ ਰਹੇ ਇਹ ਕਾਲੇ ਖੇਤੀ ਕਾਨੂੰਨ ਕਿਸਾਨਾਂ ਦੀਆਂ ਜ਼ਮੀਨਾਂ ਅਡਾਨੀ ਅੰਬਾਨੀ ਵਰਗੀਆਂ ਦੇਸੀ ਵਿਦੇਸ਼ੀ ਸਾਮਰਾਜੀ ਕੰਪਨੀਆਂ ਨੂੰ ਸੌਂਪਣ ਦਾ ਰਾਹ ਖੋਲ੍ਹ ਕੇ ਵੱਡੇ ਵੱਡੇ ਕਾਰਪੋਰੇਟ ਖੇਤੀ ਫਾਰਮ ਬਣਾਉਣ ਅਤੇ ਕਿਸਾਨਾਂ ਨੂੰ ਬੰਧੂਆ ਮਜ਼ਦੂਰ ਬਣਾਉਣ ਵੱਲ ਸੇਧਤ ਹਨ।

ਖੇਤ ਮਜ਼ਦੂਰਾਂ ਅਤੇ ਹੋਰ ਗਰੀਬਾਂ ਦਾ ਸਸਤੇ ਰਾਸ਼ਨ ਦਾ ਹੱਕ ਵੀ ਖੋਂਹਦੇ ਹਨ ਅਤੇ ਪਹਿਲਾਂ ਹੀ ਸੀਮਿਤ ਰੁਜ਼ਗਾਰ ਵੀ ਖੋਂਹਦੇ ਹਨ। ਇਸੇ ਸੰਸਥਾ ਦੀਆਂ ਨਿਜੀਕਰਨ ਵਪਾਰੀਕਰਨ ਵਾਲੀਆਂ ਨੀਤੀਆਂ ਵੀ ਸਮੂਹ ਕਿਰਤੀਆਂ ਦਾ ਰੁਜ਼ਗਾਰ-ਉਜਾੜਾ ਵੱਡੀ ਪੱਧਰ ‘ਤੇ ਕਰ ਰਹੀਆਂ ਹਨ। ਉਨ੍ਹਾਂ ਦੇ ਹਰ ਕਿਸਮ ਦੇ ਜਮਹੂਰੀ ਤੇ ਆਰਥਿਕ ਹੱਕ ਖੋਹ ਕੇ ਗੁਲਾਮਦਾਰੀ ਯੁੱਗ ਵੱਲ ਧੱਕ ਰਹੀਆਂ ਹਨ। ਫਿਰਕੂ ਫਾਸ਼ੀ ਤੇ ਹਕੂਮਤੀ ਜਾਬਰ ਹੱਲੇ ਤੇਜ਼ ਕੀਤੇ ਜਾ ਰਹੇ ਹਨ। ਇਹਨਾਂ ਦੇ ਡਟਵੇਂ ਟਾਕਰੇ ਲਈ ਫਿਰਕਾਪ੍ਰਸਤੀ ਅਤੇ ਜ਼ਾਤਪਾਤ ਤੋਂ ਨਿਰਲੇਪ ਲੋਕ ਲਹਿਰ ਉਸਾਰਨ ਸ਼ਹੀਦਾਂ ਦੇ ਸੱਦੇ ਮੁਤਾਬਕ ਕ੍ਰੋੜਾਂ ਝੁੱਗੀ-ਵਾਸੀ ਮਜ਼ਦੂਰਾਂ ਸਮੇਤ ਗਰੀਬ ਕਿਸਾਨਾਂ ਤੇ ਹੋਰ ਸਾਰੇ ਕਿਰਤੀਆਂ ਨੂੰ ਜਾਗ੍ਰਿਤ-ਜਥੇਬੰਦ ਕਰਨ ਖਾਤਰ ਹਰ ਕੁਰਬਾਨੀ ਲਈ ਤਿਆਰ ਹੋ ਕੇ ਘੋਲ਼ ਦੇ ਮੈਦਾਨ ‘ਚ ਨਿੱਤਰਨ ਲਈ ਨੌਜਵਾਨਾਂ ਨੂੰ ਪ੍ਰੇਰਿਆ ਗਿਆ। ਕੱਲ੍ਹ ਤੋਂ ਸ਼ੁਰੂ ਕੀਤੀ ਜਾ ਰਹੀ ਤਿਆਰੀ ਮੁਹਿੰਮ ਸਮੇਂ ਨੌਜਵਾਨਾਂ ਨੂੰ ਜੱਥੇ ਬਣਾ ਕੇ ਘਰ ਘਰ ਪਹੁੰਚ ਕਰਕੇ ਕਾਨਫਰੰਸ ‘ਚ ਜਾਣ ਵਾਲੇ ਮੁੰਡਿਆਂ ਦੀਆਂ ਲਿਸਟਾਂ ਬਣਾਉਣ ਅਤੇ ਫੰਡ ਇਕੱਠਾ ਕਰਨ ਦਾ ਸੱਦਾ ਦਿੱਤਾ ਗਿਆ। ਉਸਤੋਂ ਬਾਅਦ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਚੱਕ ਕੇ ਜੋਸ਼ੀਲੇ ਨਾਹਰੇ ਲਾਉਂਦਿਆਂ ਇਲਾਕਾ ਪੱਧਰੇ ਮੋਟਰਸਾਈਕਲ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ। ਗਿਣਤੀ ਮੁਤਾਬਕ ਬੱਸਾਂ ਤੇ ਹੋਰ ਵਹੀਕਲਾਂ ਦੇ ਪ੍ਰਬੰਧ ਵੀ ਕੀਤੇ ਜਾਣਗੇ। ਮਜ਼ਦੂਰ ਕਿਸਾਨ ਏਕਤਾ ਹੋਰ ਮਜਬੂਤ ਕਰਨ ਲਈ 15 ਮਾਰਚ ਨੂੰ ਬਠਿੰਡਾ ਵਿੱਚ ਖੇਤ ਮਜ਼ਦੂਰਾਂ ਵੱਲੋ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕੀਤੀ ਜਾ ਰਹੀ ਸੂਬਾਈ ਰੈਲੀ ਮੁਜਾਹਰੇ ਦੀਆਂ ਤਿਆਰੀਆਂ ਵਿੱਚ ਪਿੰਡ ਪਿੰਡ ਪੂਰਾ ਸਾਥ ਦੇਣ ਲਈ ਵੀ ਨੌਜਵਾਨਾਂ ਨੂੰ ਪ੍ਰੇਰਿਆ ਗਿਆ।

Jeeo Punjab Bureau

Leave A Reply

Your email address will not be published.