ਵਿਧਾਨ ਸਭਾ ’ਚ CM ਦਾ ਕੀਤਾ ਘਿਰਾਓ, Vidhan Sabha ਵਿਚੋਂ ਉਹਨਾਂ ਨੂੰ ਭੱਜਣ ਲਈ ਕੀਤਾ ਮਜਬੂਰ

ਮਨੋਹਰ ਲਾਲ ਖੱਟਰ ਦੇ ਖਿਲਾਫ ਕੀਤੀ ਨਾਅਰੇਬਾਜ਼ੀ, ਮੰਗ ਕੀਤੀ ਕਿ ਸੂਬਾ ਕਾਲੇ ਕਾਨੂੰਨ ਖ਼ਤਮ ਕਰੇ

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਹਰਿਆਣਾ ਵਿਧਾਨ ਸਭਾ ’ਚ ਮੁੱਖ ਮੰਤਰੀ ਦਾ ਕੀਤਾ ਘਿਰਾਓ, ਵਿਧਾਨ ਸਭਾ ਵਿਚੋਂ ਉਹਨਾਂ ਨੂੰ ਭੱਜਣ ਲਈ ਕੀਤਾ ਮਜਬੂਰ

ਹਰਿਆਣਾ ਸਰਕਾਰ  ਵਿਧਾਨ ਸਭਾ ਵਿਚ ਵਿਸ਼ਵਾਸ ਮੱਤ ਜਿੱਤਣ ਦੇ ਬਾਵਜੂਦ ਹਾਰੀ : ਬਿਕਰਮ ਸਿੰਘ ਮਜੀਠੀਆ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 10 ਮਾਰਚ

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਧਾਨ ਸਭਾ ਵਿਚ ਘਿਰਾਓ ਕੀਤਾ ਤੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਹਰਿਆਣਾ ਸਰਕਾਰ ਤਿੰਨ ਖੇਤੀ ਕਾਨੁੰਨਾਂ ਨੁੰ ਰੱਦ ਕਰਨ ਦਾ ਮਤਾ ਪਾਸ ਕਰੇ ਅਤੇ ਸਾਰੇ ਸੂਬੇ ਨੁੰ ਇਕ ਮੰਡੀ ਐਲਾਨਣ ਲਈ ਸੋਧਾਂ ਕਰੇ ਤਾਂ ਜੋ ਹਰਿਆਣਾ ਵਿਚ ਕਾਲੇ ਕਾਨੂੰਨ ਲਾਗੂ ਨਾ ਕੀਤੇ ਜਾ ਸਕਣ।

ਅਕਾਲੀ ਦਲ ਦੇ ਵਿਧਾਇਕਾਂ ਨੇ ਹਰਿਆਣਾ ਵਿਧਾਨ ਸਭਾ ਹਾਲ ਵਿਚੋਂ ਬਾਹਰ ਆਉਂਦਿਆਂ ਹੀ ਹਰਿਆਣਾ ਦੇ ਮੁੱਖ ਮੰਤਰੀ ਦਾ ਘਿਰਾਓ ਕੀਤਾ ਤੇ ਖੱਟਰ ਮੋਦੀ ਕਿਸਾਨ ਵਿਰੋਧੀ, ਕਿਸਾਨਾਂ ਨੂੰ ਇਨਸਾਫ ਦਵਾਓ ਤੇ ਹਰਿਆਣਾ  ਪੰਜਾਬ ਭਾਈ ਭਾਈ ਦੇ ਨਾਅਰੇ ਲਗਾਏ ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਕਿਸਾਨ ਵਿਰੋਧੀ ਸਟੈਂਡ ਲਈ ਇਸਦੀ ਨਿਖੇਧੀ ਕੀਤੀ।

ਅਕਾਲੀ ਦਲ ਦੇ ਵਿਧਾਇਕਾਂ ਜਿਹਨਾਂ ਵਿਚ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ, ਬਿਕਰਮ ਸਿੰਘ ਮਜੀਠੀਆ, ਲਖਬੀਰ ਸਿੰਘ ਲੋਧੀਨੰਗਲ, ਐਨ ਕੇ ਸ਼ਰਮਾ, ਮਨਪ੍ਰੀਤ ਸਿੰਘ ਇਯਾਲੀ, ਗੁਰਪ੍ਰਤਾਪ ਸਿੰਘ ਵਡਾਲਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਬਲਦੇਵ ਸਿੰਘ ਖਹਿਰਾ ਸ਼ਾਮਲ ਸਨ, ਨੇ ਖੱਟਰ ਸਰਕਾਰ ਵੱਲੋਂ ਮਨੁੱਖੀ ਅਧਿਕਾਰ ਕਾਰਕੁੰਨ ਨੌਦੀਪ ਕੌਰ ਤੇ ਸ਼ਿਵ ਕੁਮਾਰ  ’ਤੇ ਤਸ਼ੱਦਦ ਢਾਹੁਣ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਲੋਕਤੰਤਰੀ ਸਮਾਜ ਵਿਚ ਇਹਨਾਂ ’ਤੇ ਉਹ ਤਸ਼ੱਦਦ ਢਾਹਿਆ ਗਿਆ ਜਿਸਦੀ ਕਦੇ ਕਲਪਨਾ ਨਹੀਂ ਕੀਤੀ ਜਾ ਸਕਦੀ। ਉਹਨਾਂ ਮੰਗ ਕੀਤੀ ਕਿ ਮਨੁੱਖੀ ਅਧਿਕਾਰ ਕਾਰਕੁੰਨਾਂ ਦੇ ਨਾਲ ਨਾਲ ਸੈਂਕੜੇ ਕਿਸਾਨਾਂ ਜਿਹਨਾਂ ਨੂੰ ਸਿਰਫ ਇਸ ਕਰ ਕੇ ਨਿਸ਼ਾਨਾ ਬਣਾਇਆ ਗਿਆ ਕਿ ਉਹਨਾਂ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ,  ਦੇ ਖਿਲਾਫ ਦਰਜ ਕੀਤੇ ਗਏ ਕੇਸ ਤੁਰੰਤ ਵਾਪਸ ਲਏ ਜਾਣ । ਵਿਧਾਇਕਾਂ ਨੇ ਇਹ ਵੀ ਮੰਗ ਕੀਤੀ ਕਿ ਹਰਿਆਣਾ ਸਰਕਾਰ ਉਹਨਾਂ ਪੁਲਿਸ ਅਫਸਰਾਂ ਨੂੰ ਬਰਖ਼ਾਸਤ ਕਰੇ ਜਿਹਨਾਂ ਨੇ ਹਰਿਆਣਾ ਦੀਆਂ ਜੇਲ੍ਹਾਂ ਵਿਚ ਮਨੁੱਖੀ ਅਧਿਕਾਰ ਕਾਰਕੁੰਨਾਂ ’ਤੇ ਤਸ਼ੱਦਦ ਢਾਹਿਆ। ਉਹਨਾਂ ਮੰਗ ਕੀਤੀ ਕਿ ਇਸੇ ਤਰੀਕੇ ਉਹਨਾਂ ਪੁਲਿਸ ਅਫਸਰਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜਿਹਨਾਂ ਨੇ ਸਿੱਖ ਨੌਜਵਾਨਾਂ ਦੇ ਕੱਕਾਰਾਂ ਦੀ ਬੇਅਦਬੀ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹਰਿਆਣਾ ਪੁਲਿਸ ਦੇ ਅਮਲੇ ਨੇ ਅਕਾਲੀ ਦਲ ਦੇ ਵਿਧਾਇਕਾਂ ਨੁੰ ਮੁੱਖ ਮੰਤਰੀ ਤੱਕ ਪਹੁੰਚ ਕਰਨ ਤੋਂ ਰੋਕਿਆ ਪਰ ਵਿਧਾਇਕਾਂ ਨੇ ਤਗੜੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਅੰਨਦਾਤਾ ਦੇ ਖਿਲਾਫ ਦਮਨਕਾਰੀ ਨੀਤੀਆਂ ਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਕਾਲੀ ਦਲ ਕਾਰਨ ਆਪਣੀ ਪ੍ਰੈਸ ਕਾਨਫਰੰਸ ਵਿਚਾਲੇ ਛੱੜ ਕੇ ਭੱਜਣਾ ਪਿਆ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਕਿਸਾਨਾਂ ਨੇ ਖੱਟਰ ਨੂੰ ਸੂਬੇ ਵਿਚ ਆਪਣੇ ਹੈਲੀਕਾਪਟਰ ਨਾਲ ਲੈਂਡ ਕਰਨ ਤੋਂ  ਰੋਕਿਆ ਸੀ। ਹੁਣ ਉਹ ਸੂਬਾ ਵਿਧਾਨ ਸਭਾ ਵਿਚੋਂ ਭੱਜਣ ਲਈ ਮਜਬੂਰ ਹੋਇਆ ਹੈ। ਉਹਨਾਂ ਕਿਹਾ ਕਿ ਵਿਸ਼ਵਾਸ ਮਤ ਜਿੱਤਣ ਦੇ ਬਾਵਜੂਦ ਖੱਟਰ ਸਰਕਾਰ ਹਾਰ ਗਈ ਹੈ।

ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ  ਕਾਲੇ ਕਾਨੂੰਨਾਂ ਖਿਲਾਫ ਲੜਾਈ  ਤੇ ਐਮ ਐਲ ਖੱਟਰ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵਰਤੀ ਜਾ ਰਹੀ ਦਮਨਕਾਰੀ ਨੀਤੀ ਦੇ ਖਿਲਾਫ ਵਿਚ ਹਰਿਆਣਾ ਦੇ ਕਿਸਾਨਾਂ ਨਾਲ ਡੱਟ ਕੇ ਖੜ੍ਹਾ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਨਿਆਂ ਨਹੀਂ ਮਿਲਦਾ, ਅਸੀਂ ਟਿਕ ਕੇ ਨਹੀਂ ਬੈਠਾਂਗੇ। ਉਹਨਾਂ ਕਿਹਾ ਕਿ ਅਸੀਂ ਇਸ ਸਰਕਾਰ ਦੇ ਖਿਲਾਫ ਸੰਘਰਸ਼ ਕਰਦੇ ਰਹਾਂਗੇ।

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਹਰਿਆਣਾ ਸਰਕਾਰ ਇਹ ਭੁੱਲ ਗਈ ਹੈ ਕਿ ਇਹਨਾਂ ਕਿਸਾਨਾਂ ਦੇ ਪਰਿਵਾਰਕ ਮੈਂਬਰ ਹੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਸੈਨਿਕਾਂ ਵਜੋਂ ਕਰ ਰਹੇ ਹਨ ਉਹਨਾਂ ਕਿਹਾਕਿ ਹਰਿਆਣਾ ਸਰਕਾਰ ਨੇ ਤਾਂ ਜੈ ਜਵਾਨ ਜੈ ਕਿਸਾਨ ਨਾਅਰੇ ਦਾ ਵੀ ਅਪਮਾਨ ਕੀਤਾ  ਹੈ ਤੇ ਸੈਨਿਕਾਂ ਤੇ ਕਿਸਾਨਾਂ ਨਾਲ ਬਦਸਲੂਕੀ ਕੀਤੀ ਹੈ।

Jeeo Punjab Bureau

Leave A Reply

Your email address will not be published.