ਕੈਪਟਨ ਸਰਕਾਰ ਨੇ ਸੂਬੇ ਦੇ ਲੋਕਾਂ ‘ਤੇ 216 ਕਰੋੜ ਦਾ ਟੈਕਸ ਲਗਾਉਣ ਲਈ ਲਿਆਂਦਾ ਨਵਾਂ ਬਿੱਲ

‘ਆਪ’ ਵੱਲੋਂ ਵਿਰੋਧ

‘ਆਪ’ ਵਿਧਾਇਕਾਂ ਨੇ ਨਵੇਂ ਟੈਕਸ ਵਿਰੁਧ ਵਿਧਾਨ ਸਭਾ ‘ਚੋਂ ਕੀਤਾ ਵਾਕਆਊਟ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 10 ਮਾਰਚ

ਪੰਜਾਬ ਦੀ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਵਿੱਚ ਅੱਜ ਕੈਪਟਨ ਸਰਕਾਰ ਵੱਲੋਂ ਲੋਕਾਂ ਉਤੇ 216 ਕਰੋੜ ਰੁਪਏ ਦਾ ਨਵਾਂ ਟੈਕਸ ਲਾਉਣ ਸਬੰਧੀ ਬਿੱਲ ਲਿਆਂਦਾ ਗਿਆ। ਇਸ ਬਿੱਲ ਦਾ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਧਾਨ ਸਭਾ ਵਿੱਚੋਂ ਵਾਕਆਊਟ ਕੀਤਾ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਬੀਤੇ ਦਿਨੀਂ ਜਦੋਂ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਕਿਹਾ ਸੀ ਕਿ ਲੋਕਾਂ ਦੇ ਉਪਰ ਹੋਰ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ। ਪ੍ਰੰਤੂ ਦੋ ਦਿਨ ਬਾਅਦ ਹੀ ਨਵਾਂ ਟੈਕਸ ਲਗਾਉਣ ਲਈ ਸਰਕਾਰ ਨਵਾਂ ਬਿੱਲ ਲੈ ਆਈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪੰਜਾਬ ਇਨਫਰਾਸਟਕਚਰ ਡਵੈਲਪਮੈਂਟ ਐਂਡ ਰੈਗੂਲੇਸ਼ਨ ਅਮੇਂਡਮੈਂਟ ਬਿੱਲ 2021 ਲਿਆਂਦਾ ਗਿਆ ਸੀ, ਪ੍ਰੰਤੂ ਸਰਕਾਰ ਨੇ ਬੜੀ ਹੀ ਚਲਾਕੀ ਨਾਲ ਇਸ ਨੂੰ ਵਾਪਸ ਲੈ ਲਿਆ। ਅੱਜ ਸਾਰੇ ਕੰਮ ਕਾਰ ਤੋਂ ਬਾਅਦ ਲੋਕਾਂ ਉਤੇ ਟੈਕਸ ਲਗਾਉਣ ਵਾਲਾ ਇਹ ਬਿੱਲ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਨਵਾਂ ਟੈਕਸ ਡੀਜ਼ਲ, ਪੈਟਰੋਲ ਅਤੇ ਸਾਰੀਆਂ ਅਚੱਲ ਜਾਇਦਾਦਾਂ ਉਪਰ ਲਗਾਇਆ ਜਾਵੇਗਾ, ਜਿਸ ਨਾਲ 216 ਕਰੋੜ ਰੁਪਏ ਦਾ ਲੋਕਾਂ ਉਤੇ ਹੋਰ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਲੋਕ ਮਹਿੰਗਾਈ ਦੀ ਮਾਰ ਹੇਠ ਦੱਬੇ ਹੋਏ ਹਨ।  ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂੰਹ ਰਹੀਆਂ ਹਨ, ਇਸ ਟੈਕਸ ਨਾਲ ਤੇਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਕਾਂਗਰਸ ਡਰਾਮੇਬਾਜ਼ੀ ਕਰਦੀ ਹੋਈ ਤੇਲ ਵਧਦੀਆਂ ਕੀਮਤਾਂ ਦਾ ਵਿਰੋਧ ਕਰ ਰਹੀ ਹੈ, ਦੂਜੇ ਪਾਸੇ ਉਸੇ ਕਾਂਗਰਸ ਦੀ ਸਰਕਾਰ ਤੇਲ ਉਤੇ ਹੋਰ ਟੈਕਸ ਲਗਾਕੇ ਮਹਿੰਗਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਬਿੱਲ ਦਾ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਉਦੋਂ ਤੱਕ ਸੰਘਰਸ਼ ਕੀਤਾ ਜਾਵੇਗਾ, ਜਦੋਂ ਤੱਕ ਸਰਕਾਰ ਇਸ ਬਿੱਲ ਨੂੰ ਵਾਪਸ ਨਹੀਂ ਲੈਂਦੀ।

ਜ਼ਿਕਰਯੋਗ ਹੈ ਕਿ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਉਤਰ ਭਾਰਤ ਵਿੱਚ ਸਭ ਤੋਂ ਵੱਧ ਡੀਜ਼ਲ ਅਤੇ ਪੈਟਰੋਲ ਉਪਰ ਟੈਕਸ ਲਗਾਇਆ ਜਾ ਰਿਹਾ ਹੈ। ਪੰਜਾਬ ਅਜਿਹਾ ਇਕ ਸੂਬਾ ਹੈ ਜਿੱਥੇ ਉਤਰ ਭਾਰਤ ਦੇ ਸੂਬਿਆਂ ਵਿੱਚੋਂ ਸਭ ਤੋਂ ਜ਼ਿਆਦਾ ਤੇਲ ਦੀਆਂ ਕੀਮਤਾਂ ਹਨ। ਉਤਰ ਭਾਰਤ ਦੇ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਪੈਟਰੋਲ 4.1 ਰੁਪਏ ਮਹਿੰਗਾ ਅਤੇ ਡੀਜ਼ਲ ਦੀ ਕੀਮਤ 3.1 ਸਭ ਤੋਂ ਜ਼ਿਆਦਾ ਹੈ।

Jeeo Punjab Bureau

Leave A Reply

Your email address will not be published.