ਚਲੋ ਵਿਕਾਸ ਨੂੰ ਮਿਲਕੇ ਲੱਭੀਏ

ਜੀਓ ਪੰਜਾਬ ਬਿਊਰੋ

ਲੇਖਕ- ਪ੍ਰਭਜੋਤ ਕੌਰ ਢਿੱਲੋਂ

ਜਦੋਂ ਵੀ ਅਖਬਾਰਾਂ ਪੜ੍ਹਨ ਲਈ ਖੋਲ੍ਹੋ,ਟੀ ਵੀ ਚੈਨਲਾਂ ਤੇ ਪ੍ਰੋਗਰਾਮ ਵੇਖੋ ਤਾਂ ਹਰ ਪਾਰਟੀ ਦਾ ਬੈਠਾ ਬੁਲਾਰਾ ਚੀਕ ਚੀਕ ਕੇ ਕਹਿ ਰਿਹਾ ਹੁੰਦਾ ਹੈ ਕਿ ਸਾਡੀ ਪਾਰਟੀ ਨੇ ਹੀ ਵਿਕਾਸ ਕੀਤਾ ਹੈ।ਉਸ ਲਈ ਵਿਕਾਸ ਹੀ ਉਸ ਵੇਲੇ ਉਸਦਾ ਲਾਡਲਾ ਪੁੱਤ ਹੁੰਦਾ ਹੈ। ਪਰ ਦੂਸਰੀ ਪਾਰਟੀ ਦਾ ਬੁਲਾਰਾ ਉਸਤੇ ਤੋਹਮਤਾਂ ਲਗਾਉਣ ਅਤੇ ਚਿੱਕੜ ਸੁੱਟਣ ਵਿੱਚ ਕੋਈ ਕਸਰ ਨਹੀਂ ਛੱਡਦਾ।ਹਕੀਕਤ ਇਹ ਹੈ ਕਿ ਜਿਵੇਂ ਉਹ ਲੜ ਰਹੇ ਹੁੰਦੇ ਹਨ ਖੁਦ ਨੂੰ ਬਹੁਤੀ ਵਾਰ ਸ਼ਰਮ ਆਉਣ ਲੱਗ ਜਾਂਦੀ ਹੈ।ਆਪਣੇ ਆਪ ਤੇ ਗੁੱਸਾ ਵੀ ਆਉਂਦਾ ਹੈ ਕਿ ਅਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਅਕਲ ਵੀ ਨਹੀਂ ਰੱਖਦੇ।ਜੋ ਕੁੱਝ ਚੈਨਲਾਂ ਤੇ ਬੈਠਕੇ ਬੋਲਿਆ ਜਾ ਰਿਹਾ ਹੁੰਦਾ ਹੈ,ਉਹ ਆਮ ਕਰਕੇ ਝੂਠ ਹੀ ਹੁੰਦਾ ਹੈ ਅਤੇ ਹਵਾ ਵਿੱਚ ਹੀ ਤੀਰ ਚਲਾ ਰਹੇ ਹੁੰਦੇ ਹਨ।

ਆਉ ਰਲਮਿਲ ਕੇ ਅਸੀਂ ਵਿਕਾਸ ਨੂੰ ਲੱਭਣ ਦਾ ਹੀ ਕੰਮ ਕਰ ਲਈਏ।ਵਿਕਾਸ ਦੀ ਪ੍ਰੀਭਾਸ਼ਾ ਸਰਕਾਰਾਂ ਵਿੱਚ ਬੈਠਿਆਂ ਲਈ ਸ਼ਾਇਦ ਸਾਡੇ ਤੋਂ ਵੱਖਰੀ ਹੋਵੇ।ਸੱਭ ਤੋਂ ਪਹਿਲਾਂ ਜੇਕਰ ਸਿੱਖਿਆ ਦੀ,ਸਕੂਲਾਂ ਦੀ ਗੱਲ ਕਰੀਏ ਤਾਂ ਸਰਕਾਰੀ ਸਕੂਲਾਂ ਦਾ ਤਾਂ ਬੁਰਾ ਹਾਲ ਹੈ ਅਤੇ ਜਿੰਨੀ ਮਹਿੰਗਾਈ ਹੋ ਰਹੀ ਹੈ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਬਹੁਤਿਆਂ ਲਈ ਔਖਾ ਹੋ ਜਾਵੇਗਾ।ਹਾਂ,ਇਸ ਵਕਤ ਦੀ ਜੇਕਰ ਗੱਲ ਕਰੀਏ ਤਾਂ ਪੜ੍ਹਨ ਤੋਂ ਬਾਅਦ ਵਧੇਰੇ ਨੌਜਵਾਨ ਹੱਥਾਂ ਵਿੱਚ ਡਿਗਰੀਆਂ ਲੈਕੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ।ਮਾਪੇ ਪ੍ਰੇਸ਼ਾਨ ਹਨ ਕਿ ਇੰਨਾ ਪੈਸਾ ਲਗਾਇਆ,ਕਮਾਈ ਦਾ ਤਾਂ ਰਾਹ ਖੁੱਲਿਆ ਹੀ ਨਹੀਂ। ਕਲੇਜਾ ਮੂੰਹ ਨੂੰ ਆਉਂਦਾ ਹੈ ਜਦੋਂ ਨੌਜਵਾਨ ਨੌਕਰੀਆਂ ਮੰਗਣ ਲਈ ਆਵਾਜ਼ ਚੁੱਕਦੇ ਹਨ ਤਾਂ ਉਨ੍ਹਾਂ ਨੂੰ ਪੁਲਿਸ ਇਵੇਂ ਡਾਂਗਾਂ ਸੋਟਿਆਂ ਨਾਲ ਕੁੱਟਦੀ ਹੈ ਜਿਵੇਂ ਉਨ੍ਹਾਂ ਨੇ ਬਹੁਤ ਵੱਡਾ ਗੁਨਾਹ ਕੀਤਾ ਹੋਵੇ।ਸੋਚਣ ਵਾਲੀ ਗੱਲ ਹੈ ਕਿ ਜਿੰਨਾ ਨੂੰ ਇੰਨਾ ਨੌਜਵਾਨਾਂ ਨੇ ਵੀ ਵੋਟ ਦਿੱਤੀ ਹੋਏਗੀ,ਉਹ ਵੀ ਆਵਾਜ਼ ਨਹੀਂ ਚੁੱਕਦਾ ਕਿ ਇਹ ਪਸ਼ੂ ਨਹੀਂ ਹਨ।ਇਹ ਨੌਜਵਾਨ ਦੇਸ਼ ਦਾ ਭਵਿੱਖ ਹਨ,ਜੇਕਰ ਭਵਿੱਖ ਸੜਕਾਂ ਤੇ ਰੁਲ ਰਿਹਾ ਹੈ ਤਾਂ ਸੰਜੀਦਗੀ ਸਾਹਮਣੇ ਆ ਰਹੀ ਹੈ।

ਕਿਹੜਾ ਵਿਕਾਸ ਅਤੇ ਕਾਹਦਾ ਵਿਕਾਸ,ਸਾਨੂੰ ਗਲੀਆਂ ਨਾਲੀਆਂ ਅਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਵਿੱਚ ਹੀ ਉਲਝਾਇਆ ਹੋਇਆ ਹੈ।ਪਿੰਡਾਂ ਵਿੱਚ ਉਹ ਹੀ ਗਲੀਆਂ ਨਾਲੀਆਂ ਸਰਪੰਚ ਤੋਂ ਲੈਕੇ ਸੰਸਦ ਦੀ ਚੋਣ ਤੱਕ ਦਾ ਫੈਸਲਾ ਕਰ ਦਿੰਦੀਆਂ ਹਨ।ਸ਼ਾਇਦ ਉਨ੍ਹਾਂ ਨੂੰ ਢੰਗ ਨਾਲ ਇਸੇ ਕਰਕੇ ਨਹੀਂ ਬਣਾਇਆ ਜਾਂਦਾ ਕਿ ਇੰਨਾ ਦੇ ਵਿਕਾਸ ਤੇ ਹੀ ਤਾਂ ਵੋਟਾਂ ਲੈਣੀਆਂ ਹਨ।ਸ਼ਹਿਰਾਂ ਵਿੱਚ ਵੀ ਸਮਸਿਆਵਾਂ ਉਹ ਹੀ ਹਨ।ਵਿਕਾਸ ਸਮਝ ਨਹੀਂ ਆਉਂਦਾ ਕਿੱਥੇ ਹੈ ਅਤੇ ਸਰਕਾਰਾਂ ਤੇ ਪ੍ਰਸ਼ਾਸ਼ਨ ਕਿਸਨੂੰ ਵਿਕਾਸ ਕਹਿੰਦੇ ਹਨ।ਹਾਂ,ਹੁਣ ਸਾਨੂੰ ਵੀ ਜਾਗਣਾ ਪਵੇਗਾ,ਸੋਚਣਾ ਪਵੇਗਾ। ਦੋ ਗੱਲਾਂ ਹਨ ਜਾਂ ਤਾਂ ਸਿਆਸਤਦਾਨਾਂ ਦੇ ਵਿਕਾਸ ਨੂੰ ਮੰਨ ਲਈਏ ਅਤੇ ਆਪਣੇ ਬੱਚਿਆਂ ਨੂੰ ਡੰਡੇ ਖਾਂਦੇ ਵੇਖਦੇ ਰਹੀਏ ਜਾਂ ਵੋਟ ਪਾਉਣ ਤੋਂ ਪਹਿਲਾਂ ਉਮੀਦਵਾਰ ਨੂੰ ਚੰਗੀ ਤਰ੍ਹਾਂ ਜਾਣ ਲਈਏ।ਜੇਕਰ ਦਿਹਾੜੀਦਾਰ ਇਹ ਸੋਚਦਾ ਹੈ ਕਿ ਚੋਣਾਂ ਵੇਲੇ ਜੋ ਮਿਲਦਾ ਹੈ ਉਹ ਬਥੇਰਾ ਹੈ ਤਾਂ ਉਸਦੇ ਬੱਚਿਆਂ ਦੀ ਦੁਰਦਸ਼ਾ ਹੋਣੀ ਹੀ ਹੈ।ਇਵੇਂ ਹੀ ਜੇਕਰ ਦੂਸਰੇ ਪਾਰਟੀਬਾਜੀ ਵਿੱਚ ਜਾਂ ਸਾਂਝਾ ਕਰਕੇ ਵੋਟਾਂ ਪਾਉਣਗੇ ਤਾਂ ਪੜ੍ਹਾਉਣ ਤੋਂ ਬਾਅਦ ਬੱਚੇ ਡਿਗਰੀਆਂ ਲੈਕੇ ਧੱਕੇ ਹੀ ਖਾਣਗੇ।

ਵਿਕਾਸ ਲੱਭਣ ਲਈ ਦੇਸ਼ ਦੇ ਵੋਟਰ ਨੂੰ ਸੋਚਣਾ ਪਵੇਗਾ,ਜਾਗਣਾ ਪਵੇਗਾ।ਆਉ ਆਪਣੀ ਵਿਕਾਸ ਦੀ ਪ੍ਰੀਭਾਸ਼ਾ ਸਿਆਸਤਦਾਨਾਂ ਨੂੰ ਸਮਝਾਈਏ ਅਤੇ ਆਪ ਵੀ ਸਮਝੀਏ।ਦੇਸ਼ ਸਾਡਾ ਹੈ।ਵਿਕਾਸ ਕਰਵਾਉਣਾ ਸਾਡਾ ਵੀ ਫਰਜ਼ ਹੈ ਅਤੇ ਜੇਕਰ ਨਹੀਂ ਹੋ ਰਿਹਾ ਤਾਂ ਪੁੱਛਣ ਦਾ ਅਧਿਕਾਰ ਵੀ ਸਾਨੂੰ ਹੈ।

ਪ੍ਰਭਜੋਤ ਕੌਰ ਢਿੱਲੋਂ (Prabhjot Kaur Dhillon)

ਮੁਹਾਲੀ ਮੋਬਾਈਲ ਨੰਬਰ 9815030221

Jeeo Punjab Bureau

Leave A Reply

Your email address will not be published.