9 ਮੈਂਬਰੀ ਕਮੇਟੀ ਬਣਾਏ ਜਾਣ ਦੀਆਂ ਖ਼ਬਰਾਂ ਗਲਤ- ਸੰਯੁਕਤ ਕਿਸਾਨ ਮੋਰਚਾ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 9 ਮਾਰਚ

ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਨਾਲ ਗੱਲਬਾਤ ਲਈ 9 ਮੈਂਬਰੀ ਕਮੇਟੀ ਬਣਾਏ ਜਾਣ ਦੀਆਂ ਖ਼ਬਰਾਂ ਗਲਤ ਹਨ।  ਅਜਿਹੀ ਕੋਈ ਕਮੇਟੀ ਨਹੀਂ ਬਣਾਈ ਗਈ ਹੈ।

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਇੱਕ ਵਫ਼ਦ ਪੱਛਮੀ ਬੰਗਾਲ ਅਤੇ ਅਸਾਮ ਜਾ ਕੇ ਉਥੇ ਵੋਟਰਾਂ ਨੂੰ ਅਪੀਲ ਕਰੇਗਾ ਕਿ ਉਹ ਕਿਸਾਨ ਵਿਰੋਧੀ ਨੀਤੀਆਂ ਕਾਰਨ ਭਾਜਪਾ ਨੂੰ ਵੋਟ ਨਾ ਦੇਣ. ਤਿੰਨ ਦਿਨਾਂ ਦਾ ਇਹ ਪ੍ਰੋਗਰਾਮ 12 ਮਾਰਚ ਤੋਂ ਸ਼ੁਰੂ ਹੋਵੇਗਾ। ਕਿਸਾਨ-ਅੰਦੋਲਨ ‘ਚ ਹੁਣ ਤੱਕ ਆਪਣੀਆਂ ਸ਼ਹਾਦਤਾਂ ਦੇਣ ਵਾਲੇ ਕਿਸਾਨਾਂ ਦੀ ਗਿਣਤੀ 280 ਹੋ ਗਈ ਹੈ। ਅੱਜ ਹਰਿਆਣੇ ਦੇ ਜੀਂਦ ਜ਼ਿਲ੍ਹੇ ਦੇ 50 ਸਾਲਾ ਕਿਸਾਨ ਰਾਧੇਸ਼ਿਆਮ ਦੀ ਟਿਕਰੀ- ਕਿਸਾਨ ਮੋਰਚੇ ‘ਤੇ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਬਿਜ਼ਨੌਰ ਤੋਂ ਬਾਅਦ, ਕਿਸਾਨ ਮਜ਼ਦੂਰ ਚੇਤਨਾ ਮੁਹਿੰਮ ਕੱਲ੍ਹ ਉਤਰਾਖੰਡ ਦੇ ਜਸਪੁਰ ਵਿੱਚ ਦਾਖ਼ਲ ਹੋਈ।  ਇਸ ਯਾਤਰਾ ਤਹਿਤ ਕਿਸਾਨ ਆਗੂਆਂ ਨੇ ਨੇ 300 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੱਕ  ਪ੍ਰਚਾਰ ਕੀਤਾ ਹੈ ਅਤੇ ਹੁਣ ਤੱਕ 200 ਤੋਂ ਵੱਧ ਪਿੰਡਾਂ ਅਤੇ ਕਸਬਿਆਂ ਨੂੰ ਨਾਲ ਜੋੜਿਆ ਹੈ। ਅੱਜ ਇਹ ਕਾਫ਼ਲਾ ਦਿਨੇਸ਼ਪੁਰ ਪਹੁੰਚ ਜਾਵੇਗਾ।

ਸੰਯੁਕਤ ਕਿਸਾਨ ਮੋਰਚਾ ਨੌਦੀਪ ਕੌਰ ਅਤੇ ਉਸਦੇ ਸਾਥੀਆਂ ਤੇ ਏਬੀਵੀਪੀ ਵੱਲੋਂ ਕੀਤੇ ਹਮਲੇ ਦੀ ਸਖ਼ਤ ਨਿਖੇਧੀ ਕਰਦਾ ਹੈ। ਕੱਲ੍ਹ ਕੌਮਾਂਤਰੀ ਔਰਤ ਦਿਵਸ ਮੌਕੇ ਦਿੱਲੀ ਯੂਨੀਵਰਸਿਟੀ ਵਿਖੇ ਇੱਕ ਸਮਾਗਮ ਦੌਰਾਨ ਕੱਲ ਨੌਦੀਪ ਕੌਰ ਅਤੇ ਸਾਥੀਆਂ ‘ਤੇ ਹਮਲਾ ਕੀਤਾ ਗਿਆ ਸੀ।

Jeeo Punjab Bureau

Leave A Reply

Your email address will not be published.