ਬਜਟ ਪੇਸ਼ ਕਰਨ ਵਾਲੇ ਦਿਨ ਵਿਧਾਨ ਸਭਾ ਵਿਚੋਂ ਬਾਹਰ ਰੱਖਣ ਵਿਰੁੱਧ ਦਿੱਤੀਆਂ ਗ੍ਰਿਫਤਾਰੀਆਂ

ਜਲ ਤੋਪਾਂ ਦਾ ਸਾਹਮਣਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਕਾਂਗਰਸ ਸਰਕਾਰ ਵੱਲੋਂ ਪੰਜਾਬੀਆਂ ਨੂੰ ਧੋਖਾ ਦੇਣ ਤੇ ਅਸਲ ਵਿਰੋਧੀ ਧਿਰ ਨੁੰ ਬਜਟ ਪੇਸ਼ ਕਰਨ ਵਾਲੇ ਦਿਨ ਵਿਧਾਨ ਸਭਾ ਵਿਚੋਂ ਬਾਹਰ ਰੱਖਣ ਵਿਰੁੱਧ ਦਿੱਤੀਆਂ ਗ੍ਰਿਫਤਾਰੀਆਂ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 8 ਮਾਰਚ

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਅੱਜ ਪੁਲਿਸ ਦੇ ਬੈਰੀਕੇਡ ਤੋੜ ਕੇ, ਜਲ ਤੋਪਾਂ ਦਾ ਸਾਹਮਣਾ ਕਰਦਿਆਂ ਗ੍ਰਿਫਤਾਰੀਆਂ ਦੇ ਕੇ ਕਾਂਗਰਸ ਸਰਕਾਰ ਵੱਲੋਂ ਪੰਜਾਬੀਆਂ ਨੁੰ ਧੋਖਾ ਦੇਣ ਅਤੇ ਬਜਟ ਪੇਸ਼ ਕਰਨ ਵਾਲੇ ਦਿਨ ਅਸਲ ਵਿਰੋਧੀ ਧਿਰ ਨੂੰ ਵਿਧਾਨ ਸਭਾ ਵਿਚੋਂ ਬਾਹਰ ਰੱਖਣ ਵਿਰੁੱਧ ਰੋਸ ਪ੍ਰਗਟਾਇਆ।

ਇਸ ਰੋਸ ਪ੍ਰਦਰਸ਼ਨ ਦੌਰਾਨ ਵਿਧਾਇਕ ‘ਮਨਪ੍ਰੀਤ ਕੈਪਟਨ ਮੁਰਦਾਬਾਦ, ਕਿਸਾਨ ਦਾ ਕਾਤਲ ਮਨਪ੍ਰੀਤ ਮੁਰਦਾਬਾਦ’ ਦੇ ਨਾਅਰੇ  ਲਗਾਉਂਦੇ ਹੋਏ ਸੂਬਾ ਵਿਧਾਨ ਸਭਾ ਵੱਲ ਵਧੇ ਪਰ ਪੁਲਿਸ ਨੇ ਉਹਨਾਂ ਨੂੰ ਰਾਹ ਵਿਚ ਰੋਕ ਲਿਆ ਤੇ ਅੱਗੇ ਜਾਣ ਤੋਂ ਰੋਕ ਦਿੱਤਾ। ਵਿਧਾਇਕਾਂ ਨੇ ਪੁਲਿਸ ਦੇ ਬੈਰੀਕੇਡ ਤੋੜ ਦਿੱਤੇ ਅਤੇ ਉਹਨਾਂ ਉਪਰ ਜਲ ਤੋਪਾਂ ਨਾਲ ਪਾਣੀ ਮਾਰਨ ਦੀ ਪਰਵਾਹ ਨਾ ਕਰਦਿਆਂ ਅੱਗੇ ਵਧਦੇ ਰਹੇ। ਬਾਅਦ ਵਿਚ ਉਹਨਾਂ  ਗ੍ਰਿਫਤਾਰੀਆਂ ਦਿੱਤੀਆਂ ਤੇ ਉਹਨਾਂ ਨੁੰ ਸੈਕਟਰ ਤਿੰਨ ਦੇ ਪੁਲਿਸ ਥਾਣੇ ਵਿਚ  ਲਿਜਾਇਆ ਗਿਆ ਜਿਥੇ ਉਹਨਾਂ ਨੇ ਕਾਂਗਰਸ ਸਰਕਾਰ ਦੇ ਖਿਲਾਫ ਧਰਨਾ ਦਿੱਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਪਾਰਟੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਅਸਲ ਵਿਰੋਧੀ ਘਿਰ ਨੂੰ ਜਾਣ ਬੁੱਝ ਕੇ ਵਿਧਾਨ ਸਭਾ ਵਿਚੋਂ ਬਾਹਰ ਰੱਖਿਆ ਹੈ ਤਾਂ ਜੋ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਇਕ ਵਾਰ ਫਿਰ ਤੋਂ ਮੂਰਖ ਬਣਾਇਆ ਜਾ ਸਕੇ। ਇਹਨਾਂ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਸਪਸ਼ਟ ਹੈ ਕਿ ਕਾਂਗਰਸ ਸਰਕਾਰ ਸਿਰਫ  ਮੂਕ ਦਰਸ਼ਕ ਬਣੀ ਵਿਰੋਧੀ ਧਿਰ ਚਾਹੁੰਦੀ ਹੈ ਤੇ ਇਸਨੇ ਅਕਾਲੀ ਦਲ ਦੇ ਵਿਧਾਇਕਾਂ ਨੁੰ ਇਸ ਕਰ ਕੇ ਮੁਅੱਤਲ ਕਰ ਦਿੱਤਾ ਕਿਉਂਕਿ ਉਹ ਸੱਚ ਨਹੀਂ ਸੁਣਨਾ ਚਾਹੁੰਦੀ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਗ ਰਿਪੋਰਟ ਨੇ ਪਹਿਲਾਂ ਹੀ ਬਜਟ ਬੇਨਕਾਬ ਕਰ ਦਿੱਤਾ ਹੈ ਤੇ  ਦੱਸਿਆ ਹੈ ਕਿ ਕਾਂਗਰਸ ਸਰਕਾਰ ਨੇ ਸਮਾਜ ਭਲਾਈ ਸਕੀਮਾਂ ’ਤੇ ਖਰਚ ਅੱਧਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਬਜਟ ਦੀ ਪੇਸ਼ਕਾਰੀ ਹੋਰ ਕੁਝ ਨਹੀਂ ਬਲਕਿ ਸਰਕਾਰ ਵੱਲੋਂ ਇਕ ਦਿਨ ਲਈ ਸਸਤੀ ਪਬਲੀਸਿਟੀ ਕਰਨ ਦਾ ਇਕ ਯਤਨ ਹੈ। ਉਹਨਾਂ ਕਿਹਾ ਕਿ ਸਰਕਾਰ ਕੋਲ ਕਿਸਾਨਾਂ, ਦਲਿਤਾਂ ਤੇ ਨੌਜਵਾਨਾਂ ਲਈ ਪਿਛਲੇ ਕਈ ਸਾਲਾਂ ਤੋਂ ਵੱਖ ਵੱਖ ਸਕੀਮਾਂ ਵਿਚ ਬਜਟ ਦਾ ਪੈਸਾ ਜਾਰੀ ਕਰਨ ਤੋਂ ਬਾਅਦ ਲੋਕਾਂ ਦਾ ਸਾਹਮਣਾ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਪਹਿਲਾਂ ਝੂਠੇ ਵਾਅਦੇ ਕਰਨਾ ਤੇ ਫਿਰ ਉਸ ਤੋਂ ਮੁਕਰ ਜਾਣਾ ਇਸ ਸਰਕਾਰ ਦੀ ਆਦਤ ਦਾ ਹਿੱਸਾ ਹੈ।

Jeeo Punjab Bureau

Leave A Reply

Your email address will not be published.