ਲੋਕ ਇਨਸਾਫ਼ ਪਾਰਟੀ ਨੇ ਕਿਸਾਨਾਂ ਦੇ ਹੱਕ ਵਿਚ ਕੀਤਾ ਪੈਦਲ ਮਾਰਚ

ਕਿਸਾਨ ਅੰਦੋਲਨ ਲਈ ਮੁਫ਼ਤ ਬੱਸਾਂ ਚਲਾਵੇ ਪੰਜਾਬ ਸਰਕਾਰ :ਬੈਂਸ


ਜੀਓ ਪੰਜਾਬ ਬਿਊਰੋ
ਚੰਡੀਗੜ੍ਹ, 8 ਮਾਰਚ

ਲੋਕ ਇਨਸਾਫ਼ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਅਤੇ ਕਿਸਾਨਾਂ ਦੇ ਹੱਕ ਵਿਚ ਪਾਰਟੀ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਸਰਪ੍ਰਸਤ ਅਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਐਮਐਲਏ ਹੋਸਟਲ ਤੋਂ ਲੈ ਕੇ ਵਿਧਾਨ ਸਭਾ ਤੱਕ ਪੈਦਲ ਮਾਰਚ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਹੱਕ ਵਿਚ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੈਂਸ ਭਰਾਵਾਂ ਨੇ ਕਿਹਾ ਕਿ ਇੱਕ ਰੋਸ ਮਾਰਚ ਕਿਸਾਨਾਂ ਦੇ ਹੱਕ ਵਿਚ ਹੈ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਅੰਦੋਲਨ ਕਰ ਕੇ ਹੀ ਰੱਦ ਹੋਣੇ ਹਨ ਨਾਂ ਕਿ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨਾਲ ਮੀਟਿੰਗਾਂ ਕਰ ਕੇ ਅਤੇ ਇਹ ਸਭ ਜਾਣਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰੀਏ। ਉਨਾ ਕਿਹਾ ਕਿ ਕਿਸਾਨਾਂ ਦੇ ਹੱਕ ਦੀ ਗੱਲ ਤਾਂ ਸਾਰੇ ਕਰਦੇ ਹਨ ਪਰ ਅਸਲ ਵਿਚ ਉਨਾ ਦੀ ਹਿਮਾਇਤ ਨਹੀਂ ਕਰਦੇ। ਉਨਾ ਅਕਾਲੀ ਦਲ ਤੇ ਵਰ੍ਹਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ ਨੂੰ ਛੱਡ ਕੇ ਹੁਣ ਇਹ ਅਕਾਲੀ ਜ਼ਿਲ੍ਹਾ ਪੱਧਰ ਤੇ ਪੰਜਾਬ ਸਰਕਾਰ ਵਿਰੁੱਧ ਰੈਲੀਆਂ ਕਰਨ ਲੱਗ ਪਏ ਹਨ, ਜਦਕਿ ਇੰਨਾ ਨੂੰ ਚਾਹੀਦਾ ਸੀ ਕਿ ਇਹ ਆਪਣੇ ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਉਂਦੇ ਕਿ ਜਿਹੜੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਪੰਜਾਬ ਦੀ ਹੋਂਦ ਦੀ ਲੜਾਈ ਲੜ ਰਹੇ ਹਨ ਉਨਾ ਦੇ ਅੰਦੋਲਨ ਵਿਚ ਸ਼ਾਮਲ ਹੋ ਕੇ ਕੇਂਦਰ ਸਰਕਾਰ ਤੇ ਦਬਾਓ ਬਣਾਓ। ਉਨਾ ਕਿਹਾ ਕਿ ਅਸੀ ਵਿਧਾਨ ਸਭਾ ਦੇ ਅੰਦਰ ਜਾ ਕੇ ਵੀ ਕਹਾਂਗੇ ਕਿ ਕਿਸਾਨ ਅੰਦੋਲਨ ਵਿਚ ਜਾਣ ਵਾਲਿਆਂ ਵਾਸਤੇ ਬੱਸਾਂ ਮੁਫ਼ਤ ਕੀਤੀਆਂ ਜਾਣ ਤਾਂ ਜੋ ਗ਼ਰੀਬ ਵੀ ਕਿਸਾਨ ਅੰਦੋਲਨ ਦਾ ਹਿੱਸਾ ਬਣ ਸਕਣ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਕਿ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਕੀ ਕਰਨਾ ਚਾਹੀਦਾ ਹੈ ਦੇ ਜਵਾਬ ਵਿਚ ਉਨਾ ਕਿਹਾ ਕਿ ਭਾਜਪਾ ਦੇ 2 ਵਿਧਾਇਕਾਂ ਨੂੰ ਛੱਡ ਕੇ ਬਾਕੀ ਪੰਜਾਬ ਦੇ 115 ਵਿਧਾਇਕ ਆਪੋ ਆਪਣੇ ਹਲਕੇ ਵਿਚੋਂ 1000 – 1000 ਬੰਦਾਂ ਅੰਦੋਲਨ ਵਿਚ ਭੇਜਣ ਜਿਸ ਨਾਲ ਉੱਥੇ ਇੱਕ ਲੱਖ 15 ਹਜ਼ਾਰ ਲੋਕ ਹੋਰ ਪੁੱਜ ਜਾਣਗੇ। ਉਨਾ ਕਿਹਾ ਕਿ ਇਹ ਲੋਕ ਕਿਸਾਨਾਂ ਦੇ ਨਾਂ ਤੇ ਸਿਆਸਤ ਕਰਦੇ ਹਨ। ਪੱਤਰਕਾਰਾਂ ਵੱਲੋਂ ਪੇਸ਼ ਕੀਤੇ ਜਾ ਰਹੇ ਬਜਟ ਦੇ ਸਵਾਲ ਤੇ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਚਾਰ ਸਾਲ ਲੰਘ ਗਏ ਅਤੇ ਇਹ ਆਖ਼ਰੀ ਬਜਟ ਹੈ, ਜੇਕਰ ਇਹ ਚਾਰ ਸਾਲ ਵਿਚ ਕੁੱਝ ਨਹੀਂ ਕਰ ਸਕੇ ਤਾਂ ਅਖੀਰਲੇ ਸਾਲ ਵਿਚ ਕੀ ਕਰ ਲੈਣਗੇ। ਇੰਨਾ ਨੇ 2017 ਦੀਆਂ ਚੋਣਾ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ ਤੇ ਵੱਡੇ ਵੱਡੇ ਗਪੌੜ ਮਾਰੇ ਅਤੇ ਹੁਣ ਇਹ ਫੇਰ ਉਸੇ ਨੂੰ ਲੈ ਆਏ। ਉਨਾ ਕਿਹਾ ਕਿ ਅਸੀ ਕੋਈ ਵਿਰੋਧ ਨਹੀਂ ਕਰਦੇ, ਪ੍ਰੰਤੂ ਕਾਠ ਦੀ ਹਾਂਡੀ ਇੱਕੋ ਵਾਰ ਚੜ੍ਹਦੀ ਹੈ ਅਤੇ ਪੰਜਾਬ ਦੇ ਲੋਕ ਹੁਣ ਉਸ ਤੇ ਵਿਸ਼ਵਾਸ ਨਹੀਂ ਕਰਨਗੇ। ਉਨਾ ਕਿਹਾ ਕਿ ਦਿੱਲੀ ਵਿਚ ਕੇਜਰੀਵਾਲ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ ਉਨਾ ਨੂੰ ਚਾਹੀਦਾ ਹੈ ਕਿ ਉਹ ਕਿਸਾਨ ਅੰਦੋਲਨ ਦਾ ਹਿੱਸਾ ਬਣਨ। ਇਸ ਮੌਕੇ ਤੇ ਲੋਕ ਇਨਸਾਫ਼ ਪਾਰਟੀ ਮਾਝਾ ਜ਼ੋਨ ਦੇ ਇੰਚਾਰਜ ਅਮਰੀਕ ਸਿੰਘ ਵੀਰਪਾਲ, ਇੰਚਾਰਜ ਦੋਆਬਾ ਜ਼ੋਨ ਜਰਨੈਲ ਸਿੰਘ ਨੰਗਲ, ਗਗਨਦੀਪ ਸਿੰਘ ਸਨੀ ਕੈਂਥ ਪ੍ਰਧਾਨ ਯੂਥ ਵਿੰਗ ਪੰਜਾਬ , ਕਰਨਲ ਅਵਤਾਰ ਸਿੰਘ ਹੀਰਾ, ਦੀਪਇੰਦਰ ਸਿੰਘ ਸੰਨੀ ਬਰਾੜ, ਜਗਜੋਤ ਸਿੰਘ ਖਾਲਸਾ, ਸਰਪੰਚ ਸੁਖਜਿੰਦਰ ਸਿੰਘ,ਗੁਰਜੋਤ ਸਿੰਘ ਗਿੱਲ,ਐਡਵੋਕੇਟ ਲਛਮਣ ਸਿੰਘ,ਸਰਬਜੀਤ ਸਿੰਘ ਕੰਗ, ਪ੍ਰੀਤਇੰਦਰ ਸਿੰਘ ਪੰਨੂ, ਰਾਜਵਿੰਦਰ ਸਿੰਘ ਖਹਿਰਾ, ਮਨਜੀਤ ਸਿੰਘ ਮੀਹਾਂ, ਜ਼ੋਰਾਵਰ ਸਿੰਘ ਭਾਊਵਾਲ, ਗੋਗੀ ਟੇਡੇਵਾਲ, ਸ਼ਸ਼ੀ ਬੰਗੜ, ਧਰਮਜੀਤ ਸਿੰਘ ਮਾਨ, ਬੁੱਧ ਸਿੰਘ ਆਲਮਗੀਰ ਆਦਿ ਹਾਜ਼ਰ ਸਨ।
Jeeo Punjab Bureau

Leave A Reply

Your email address will not be published.