ਚੋਣ ਵਰ੍ਹੇ ਵਿਚ ਮੁੱਖ ਮੰਤਰੀ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਕਰ ਰਹੇ ਹਨ ਯਤਨ

ਕਿਹਾ ਕਿ ਵਿੱਤ ਮੰਤਰੀ ਨੇ ਚਾਲ ਬਾਜ਼ੀ ਤੇ ਪਹਿਲਾਂ ਪੂਰੇ ਨਾ ਕੀਤੇ ਵਾਅਦਿਆਂ ਨੁੰ ਨਵੇਂ ਸਿਰੇ ਤੋਂ ਪੈਕ ਕਰ ਕੇ ਪੇਸ਼ ਕੀਤਾ

ਮੰਗ ਕੀਤੀ ਕਿ ਕਾਂਗਰਸ ਸਰਕਾਰ ਕੀਤੇ ਵਾਅਦੇ ਅਨੁਸਾਰ ਮਾਰਚ 2017  ਤੋਂ ਵਧੀ ਹੋਈ ਸ਼ਗਨ ਤੇ ਬੁਢਾਪਾ ਪੈਨਸ਼ਨ ਦੇ ਬਕਾਏ ਜਾਰੀ ਕਰੇ

ਕਿਹਾ ਕਿ ਮੁੱਖ ਮੰਤਰੀ ਸੂਬੇ ਦਾ ਕਰਜ਼ਾ ਦੁੱਗਣਾ ਹੋਣ ਦੀ ਪ੍ਰਧਾਨਗੀ ਕਰਦੇ ਰਹੇ ਤੇ ਸੂਬੇ ਕੋਲ ਪੂੰਜੀਗਤ ਖਰਚ ਲਈ ਕੋਈ ਪੈਸਾ ਨਹੀਂ ਰਿਹਾ।

ਜੀਓ ਪੰਜਾਬ ਬਿਊਰੋ

ਚੰਡੀਗੜ੍ਹ , 8 ਮਾਰਚ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬੀਆਂ ਨੁੰ ਧੋਖਾ ਦੇਣ ਤੇ ਉਹਨਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਐਲਾਨਾਂ ਨਾਲ ਚੋਣ ਵਰ੍ਹੇ ਵਿਚ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕਰ ਰਹੇ ਹਨ ਜਦਕਿ ਉਹਨਾਂ ਨੇ ਇਹਨਾਂ ਵਿਚੋਂ ਕੋਈ ਵਾਅਦਾ ਪੂਰਾ ਨਹੀਂ ਕਰਨਾ।

ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਸਮਾਂ ਲੰਘ ਗਿਆ ਹੈ ਤੇ ਹੁਣ ‘ਜੁਮਲੇ’ ਕਦੇ ਵੀ ਸਖ਼ਤ ਮਿਹਨਤ ਤੇ ਇਰਾਦੇ ਦੀ ਥਾਂ ਨਹੀਂ ਲੈ ਸਕਦੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਬਜਟ ਵਿਚ ਅੱਜ ਪੁਰਾਣੇ ਵਾਅਦਿਆਂ ਨੁੰ ਨਵਿਆਇਆ ਤੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕੀਤਾ ਤੇ ਜਿਹੜੀਆਂ ਸਕੀਮਾਂ ਲਈ ਪੈਸੇ ਵੀ ਰੱਖੇ ਗਏ ਹਨ, ਉਹ ਕਦੇ ਵੀ ਜਾਰੀ ਨਹੀਂ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਰਕਾਰ ਨੇ ਮਹਿਸੂਸ ਕਰ ਲਿਆ ਹੈ ਕਿ ਕੋਈ ਵੀ ਠੋਸ ਕੰਮ ਨਾ ਕਰਨ ਕਾਰਨ ਹੁਣ ਉਹ ਸਿਰਫ ਜੁਮਲਿਆਂ ’ਤੇ ਹੀ ਨਿਰਭਰ ਨਹੀਂ ਰਹਿ ਸਕਦੀ। ਉਹਨਾਂ ਕਿਹਾ ਕਿ ਇਹ ਪੰਜਾਬੀਆਂ ਦੀ ਸਖ਼ਤ ਮਿਹਨਤ ਦਾ ਅਪਮਾਨ ਹੈ ਕਿਉਂਕਿ ਪੰਜਾਬੀਆਂ  ਨੇ ਕਾਂਗਰਸ ਪਾਰਟੀ ਨੂੰ ਇਹ ਮੰਨ ਕੇ ਸੱਤਾ ਸੌਂਪ ਦਿੱਤੀ ਕਿ ਮੁੱਖ ਮੰਤਰੀ ਪਵਿੱਤਰ ਗੁਟਕਾ ਸਾਹਿਬ ਤੇ ਦਸਮ ਗ੍ਰੰਥ ਦੀ ਚੁੱਕੀ ਸਹੁੰ ਮੁਤਾਬਕ ਆਪਣੇ ਵਾਅਦੇ ਪੂਰੇ ਕਰਨਗੇ।

ਬਜਟ ਬਾਰੇ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿੱਤ ਮੰਤਰੀ ਜਾਣਦੇ ਹਨ ਕਿ ਉਹਨਾਂ ਕੋਲ ਮਾੜੇ ਵਿੱਤੀ ਪ੍ਰਬੰਧਨ ਕਾਰਨ ਦੇਣ ਲਈ ਕੁਝ ਨਹੀਂ ਹੈ ਤੇ ਮਾੜੇ ਪ੍ਰਬੰਧਨ ਕਾਰਨ ਹੀ ਸੂਬੇ ਦਾ ਕਰਜ਼ਾ ਦੁੱਗਣਾ ਹੋ ਗਿਆ ਹੈ ਤੇ ਤਿੰਨ ਲੱਖ ਕਰੋੜ ਰੁਪਏ ਤੱਕ ਪਹੁੰਚਣ ਵਾਲਾ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਜਾਣਦੇ ਹਨ ਕਿ ਲੋਕਾਂ ਨਾਲ ਕੀਤੇ ਵਾਅਦਿਆਂ ਨੁੰ ਪੂਰਾ ਕਰਨ ਲਈ 6882 ਕਰੋੜ ਰੁਪਏ ਪੂੰਜੀ ਕਾਫੀ ਨਹੀਂ ਹੈ ਕਿਉਂਕਿ ਹਾਲੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।  ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸ਼ਗਨ ਸਕੀਮ ਦੀ ਰਾਸ਼ੀ 51000 ਰੁਪਏ ਕਰਨ ਤੇ ਬੁਢਾਪਾ ਪੈਨਸ਼ਨ 1500 ਰੁਪਏ ਕਰਨ ਵਰਗੇ ਐਲਾਨ ਕਰ ਦਿੱਤੇ ਗਏ ਪਰ ਨਾਲ ਹੀ ਕਹਿ ਦਿੱਤਾ ਗਿਆ ਕਿ ਇਹ ਇਸ ਸਾਲ ਜੁਲਾਈ ਤੋਂ ਲਾਗੂ ਕੀਤੇ ਜਾਣਗੇ।

ਉਹਨਾਂ ਕਿਹਾ ਕਿ ਸਰਕਾਰ ਦੇ ਟਰੈਕ ਰਿਕਾਰਡ ਨੁੰ ਵੇਖਦਿਆਂ ਇਹੀ ਕਿਹਾ ਜਾ ਸਕਦਾ ਹੈ ਕਿ ਹੋ ਸਕਦਾ ਹੈ ਕਿ ਇਹ ਵਾਅਦੇ ਵੀ ਚੋਣਾਂ ਤੋਂ ਇਕ ਮਹੀਨਾ ਪਹਿਲਾਂ ਤੱਕ ਵੀ ਲਾਗੂ ਨਾ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਗਏ ਉਹ ਇਸ ਸ਼ਰਤ ’ਤੇ ਕੀਤੇ ਗਏ ਸਨ ਕਿ ਇਹ ਮਾਰਚ 2017 ਤੋਂ ਪੂਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਇਹ ਵਾਅਦੇ ਪੂਰੇ ਕਰਨ ਲਈ ਗੰਭੀਰ ਹੈ ਤਾਂ ਫਿਰ ਇਸਨੁੰ ਵਧੀ ਹੋਈ ਸ਼ਗਨ ਰਾਸ਼ੀ ਤੇ ਬੁਢਾਪਾ ਪੈਨਸ਼ਨ ਸਕੀਮ ਮਾਰਚ 2017 ਤੋਂ ਲਾਗੂ ਕਰ ਕੇ ਇਸਦੇ ਬਕਾਏ ਲੋਕਾਂ ਨੁੰ ਦੇਣੇ ਚਾਹੀਦੇ ਹਨ ਨਹੀਂ ਤਾਂ ਫੋਕੇ ਬਿਆਨਾਂ ਨਾਲ ਲੋਕਾਂ ਨੂੰ ਮੂਰਖ ਬਣਾਉਣ ਦੇ ਯਤਨ ਬੰਦ ਕਰ ਦੇਣੇ ਚਾਹੀਦੇ ਹਨ।

ਬਾਦਲ ਨੇ ਵਿੱਤ ਮੰਤਰੀ ਵੱਲੋਂ  ਮਹਿਲਾਵਾਂ ਨਾਲ ਵਾਅਦੇ ਕਰਨ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਉਹਨਾਂ ਦਾ ਇਹ ਵਾਅਦੇ ਪੂਰੇ ਕਰਨ ਦਾ ਕੋਈ  ਟੀਚਾ ਨਹੀਂ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਦੇ ਬਜਟ ਵਿਚ ਵੀ ਮੁੱਖ ਮੰਤਰੀ ਨੇ ਮਹਿਲਾਵਾਂ ਲਈ ਸਰਕਾਰੀ ਬੱਸਾਂ ਵਿਚ ਸਫਰ ਵਾਸਤੇ 50 ਫੀਸਦੀ ਰਿਆਇਤਾਂ ਦਾ ਐਲਾਨ ਕੀਤਾ ਸੀ ਪਰ ਇਸ ਵਾਅਦੇ ਨੂੰ ਲਾਗੂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਸਾਲ ਹੁਣ ਮੁੱਖ ਮੰਤਰੀ ਨੇ ਔਰਤਾਂ ਵਾਸਤੇ ਮੁਫਤ ਸਫਰ ਦੀ ਸਹੂਲਤ ਦਾ ਵਾਅਦਾ ਕੀਤਾ ਹੈ। ਉਹਨਾਂ ਕਿਹਾ ਕ ਅਜਿਹੇ ਵਿੱਤ ਮੰਤਰੀ ’ਤੇ ਕੌਣ ਵਿਸ਼ਵਾਸ ਕਰੇਗਾ ?

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੇ ਚਾਰ ਸਾਲ ਤੋਂ ਕਿਸਾਨਾਂ ਨੂੰ ਪੂਰਨ ਕਰਜ਼ਾ ਮੁਆਫੀ ਦਾ ਦਾਅਵਾ ਕਰ ਕੇ ਮੂਰਖ ਬਣਾਇਆ ਹੋਇਆ ਸੀ। ਉਹਨਾਂ ਕਿਹਾ ਕਿ ਇਸ ਭ੍ਰਿਸ਼ਟ ਤੇ ਬੇਦਿਲ ਸਰਕਾਰ ਨੇ ਇਕ ਵਾਰ ਫਿਰ ਤੋਂ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ 2019-20 ਵਿਚ ਕੀਤੇ 3 ਹਜ਼ਾਰ ਕਰੋੜ ਰੁਪਏ ਦੇ ਵਾਅਦੇ ਤੇ 2020-21 ਵਿਚ ਕੀਤੇ 2 ਹਜ਼ਾਰ ਕਰੋੜ ਰੁਪਏ ਦੇ ਦਾਅਵੇ ਅਨੁਸਾਰ ਇਹ ਰਾਸ਼ੀ ਨਹੀਂ ਵੰਡੀ ਤੇ ਹੁਣ ਇਸਨੇ 1712 ਕਰੋੜ ਰੁਪਏ ਕਿਸਾਨਾਂ ਤੇ ਮਜ਼ਦੂਰਾਂ  ਲਈ ਕਰਜ਼ਾ ਮੁਆਫੀ ਵਾਸਤੇ ਰੱਖਣ ਦਾ ਐਲਾਨ ਕਰ ਦਿੱਤਾ ਹੈ ਜੋ ਕਿ ਦੋਹਾਂ ਲਈ ਭੱਦਾ ਮਜ਼ਾਕ ਹੈ।

Jeeo Punjab Bureau

Leave A Reply

Your email address will not be published.