ਮਹਿਲਾ ਦਿਵਸ ਮਨਾਉਣ ਦੇ ਢੰਗ ਤਰੀਕੇ

ਜੀਓ ਪੰਜਾਬ ਬਿਊਰੋ

ਲੇਖਕ- ਪ੍ਰਭਜੋਤ ਕੌਰ ਢਿੱਲੋਂ

ਬਹੁਤ ਸਾਰੇ ਦਿਵਸ ਅਤੇ ਦਿਹਾੜੇ ਮਨਾਏ ਜਾਂਦੇ ਹਨ।ਹਰ ਦਿਨ ਦਿਹਾੜੇ ਦਾ ਕੋਈ ਕਾਰਨ ਹੁੰਦਾ ਹੈ ਅਤੇ ਉਸਦੀ ਆਪਣੀ ਮਹੱਤਤਾ ਹੁੰਦੀ ਹੈ।ਮਹਿਲਾ ਦਿਵਸ ਮਨਾਉਣ ਦਾ ਵੀ ਕਾਰਨ ਹੈ ਜਿਸ ਤੇ ਵਿਚਾਰ ਕਰਨੀ ਅਤੇ ਸਾਡਾ ਜਾਨਣਾ ਉਸ ਬਾਰੇ ਬਹੁਤ ਜ਼ਰੂਰੀ ਹੈ।ਅੰਦੋਲਨ ਵਿੱਚੋਂ ਇਸ ਦਿਵਸ ਦਾ ਜਨਮ ਹੋਇਆ ਹੈ।ਨਿਊਯਾਰਕ ਵਿੱਚ 1908 ਨੂੰ ਤਕਰੀਬਨ 15000 ਹਜ਼ਾਰ ਔਰਤਾਂ ਨੇ ਸ਼ਹਿਰ ਵਿੱਚ ਮਾਰਚ ਕੀਤਾ ਤੇ ਕੰਮ ਦੇ ਘੰਟੇ ਘਟਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਕੰਮ ਦੀ ਤਨਖਾਹ ਵਧਾਉਣ ਅਤੇ ਵੋਟ ਪਾਉਣ ਦਾ ਹੱਕ ਮਿਲੇ ਇਸ ਦੀ ਵੀ ਮੰਗ ਕੀਤੀ।ਇਸਤੋਂ ਇਕ ਸਾਲ ਬਾਅਦ ਅਮਰੀਕਾ ਦੀ ਸਪੈਸ਼ਲਿਸਟ ਪਾਰਟੀ ਨੇ ਇਸ ਨੂੰ ਕੌਮੀ ਮਹਿਲਾ ਦਿਵਸ ਐਲਾਨ ਦਿੱਤਾ। ਗੱਲ ਇੱਥੇ ਹੀ ਨਹੀਂ ਰੁਕੀ।ਕਾਲਰਾ ਜੇਟਕਿਨ ਨਾਮ ਦੀ ਮਹਿਲਾ ਨੇ ਸੰਨ1910 ਵਿੱਚ ਕੋਪਨਹੇਗਨ ਵਿੱਚ ਕੰਮਕਾਜੀ ਔਰਤਾਂ ਦੀ  ਇਕ ਕੌਮਾਂਤਰੀ ਕਾਨਫਰੰਸ ਦੌਰਾਨ  ਇਸ ਮਹਿਲਾ ਦਿਵਸ ਨੂੰ ਵਿਸ਼ਵ ਪੱਧਰ ਤੇ ਮਨਾਉਣ ਦਾ ਸੁਝਾਅ ਦਿੱਤਾ। ਇਸ ਕਾਨਫਰੰਸ ਵਿੱਚ 17 ਦੇਸ਼ਾਂ ਦੀਆਂ ਤਕਰੀਬਨ 100 ਔਰਤਾਂ ਸਨ। ਇਸ ਮਤੇ ਤੇ ਸਭ ਨੇ ਆਪਣੀ ਸਹਿਮਤੀ ਦੇ ਦਿੱਤੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਅਗਲੇ ਹੀ ਸਾਲ ਜਰਮਨੀ,ਡੈਨਮਾਰਕ ਆਸਟਰੀਆ ਅਤੇ ਸਵਿਟਜ਼ਰਲੈਂਡ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ।ਜੇਕਰ ਇਸ ਦਿਵਸ ਦੇ ਇਤਿਹਾਸ ਨੂੰ ਫਰੋਲੀਏ ਤਾਂ ਪਹਿਲਾਂ ਇਸਦੀ ਕੋਈ ਤਰੀਕ ਕਾਲਰ ਜੇਟਕਿਨ ਨਹੀਂ ਪੱਕੀ ਨਹੀਂ ਕੀਤਾ ਸੀ।ਪਰ ਸੰਨ 1917 ਵਿਸ਼ਵ ਯੁੱਧ ਦੌਰਾਨ ਰੂਸ ਦੀਆਂ ਮਹਿਲਾਵਾਂ ਨੇ”ਖਾਣਾ ਅਤੇ ਸ਼ਾਂਤੀ”ਦੀ ਮੰਗ ਕੀਤੀ ਸੀ।ਔਰਤਾਂ ਦੀ ਹੜਤਾਲ ਦਾ ਅਸਰ ਇਹ ਹੋਇਆ ਕਿ ਸਮਰਾਟ ਨਿਕੋਲਸ  ਨੂੰ ਗੱਦੀ ਛੱਡਣੀ ਪਈ।ਜਾਂਦੀ ਹੋਈ ਸਰਕਾਰ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ। ਗਰੇਗੋਰੀਅਨ ਕੈਲੰਡਰ ਵਿੱਚ ਇਹ ਦਿਨ 8 ਮਾਰਚ ਸੀ।ਉਸ ਮਗਰੋਂ ਇਸ ਦਿਨ ਨੂੰ ਹੀ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਣ ਲੱਗਾ। 

ਜਦੋਂ ਅੱਜ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਤਾਂ ਕੀ ਅੱਜ ਔਰਤਾਂ ਦੀ ਹਾਲਤ ਸੁਧੀਰ ਹੋਈ ਹੈ ਜਾਂ ਉਹ ਸੁਰੱਖਿਅਤ ਹੈ,ਇਸ ਬਾਰੇ ਵੀ ਸੋਚਣਾ ਬਹੁਤ ਜ਼ਰੂਰੀ ਹੈ।ਵੈਸੇ ਇਹ ਵੀ ਕੌੜਾ ਸੱਚ ਹੈ ਕਿ ਸਭ ਕੁੱਝ ਸੁਧਰਨਾ ਬਹੁਤ ਮੁਸ਼ਕਿਲ ਹੈ।ਪਰ ਦਿਨ ਦਿਹਾੜੇ ਬਲਾਤਕਾਰ ਜਾਂ ਛੇੜਛਾੜ ਤਾਂ ਬੰਦ ਹੋਣੀ ਹੀ ਚਾਹੀਦੀ ਹੈ।ਅਸਲ ਵਿੱਚ ਦਿਵਸ ਮਨਾਉਣ ਵੇਲੇ ਹਰ ਕਿਸੇ ਨੂੰ ਆਪਣੇ ਆਪ ਨਾਲ ਵਾਅਦਾ ਕਰਨਾ ਚਾਹੀਦਾ ਹੈ ਕਿ ਮੇਰੇ ਵਾਸਤੇ ਹਰ ਦਿਨ ਔਰਤ ਦਿਵਸ ਜਾਂ ਮਹਿਲਾ ਦਿਵਸ ਹੋਏਗਾ। ਵੱਡੀਆਂ ਕੰਪਨੀਆਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕਰਨ ਦੀ ਥਾਂ ਉਨ੍ਹਾਂ ਔਰਤਾਂ ਨੂੰ ਸਨਮਾਨਿਤ ਕੀਤਾ ਜਾਵੇ ਜੋ ਤੰਗੀਆਂ ਤਰੁੱਟੀਆਂ ਨਾਲ ਜੂਝਦਾ ਹੋਈ ਸਫਲਤਾ ਵੱਲ ਜਾ ਰਹੀ ਹੈ।

ਔਰਤ ਸਮਾਜ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਚੱਲਦੀ ਹੈ।ਮਹਿਲਾ ਦਿਵਸ ਇਕ ਅੰਦੋਲਨ ਚੋਂ ਨਿਕਲਿਆ ਹੈ।ਜੇਕਰ ਅਜੋਕੇ ਵਕਤ ਦੀ ਗੱਲ ਕਰੀਏ ਤਾਂ  ਤਿੰਨ ਬਿੱਲਾਂ ਜੋ ਕਿਸਾਨਾਂ ਲਈ ਸਰਕਾਰ ਨੇ ਬਣਾਏ ਸੀ,ਉਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਸਰਕਾਰ ਖਿਲਾਫ਼ ਆਵਾਜ਼ ਬੁਲੰਦ ਕੀਤੀ।ਇਹ ਮੋਰਚੇ ਤੋਂ ਕਿਸਾਨੀ ਅੰਦੋਲਨ ਅਤੇ ਫੇਰ ਜਨ ਅੰਦੋਲਨ ਬਣ ਗਿਆ। ਇਸ ਵਿੱਚ ਹਰ ਉਮਰ ਦੀਆਂ ਲੜਕੀਆਂ ਅਤੇ ਔਰਤਾਂ ਦੀ ਸ਼ਮੂਲੀਅਤ ਹੈ।ਤਿੰਨ ਮਹੀਨਿਆਂ ਤੋਂ ਉਪਰ ਹੋ ਗਿਆ ਦਿੱਲੀ ਦੇ ਬਰੂਹਾਂ ਤੇ ਆਪਣੇ ਹੱਕਾਂ ਲਈ ਔਰਤਾਂ ਬਰਾਬਰ ਡਟੀਆਂ ਹੋਈਆਂ ਹਨ।ਇਹ ਸਾਲ ਦਾ ਇੱਥੇ ਮਨਾਇਆ ਜਾਣ ਵਾਲਾ ਮਹਿਲਾ ਦਿਵਸ ਵੀ ਇਤਿਹਾਸ ਵਿੱਚ ਦਰਜ ਹੋਏਗਾ। ਕਿਸਾਨ ਆਗੂਆਂ ਨੇ ਇਸ ਦਿਨ ਸਟੇਜ ਔਰਤਾਂ ਦੇ ਹਵਾਲੇ ਕਰਨ ਦਾ ਐਲਾਨ ਕੀਤਾ ਹੈ।ਉਸ ਦਿਨ ਸਟੇਜ ਦਾ ਸੰਚਾਲਨ ਵੀ ਔਰਤਾਂ ਕਰਨਗੀਆਂ ਅਤੇ ਪ੍ਰੋਗਰਾਮ ਵੀ ਔਰਤਾਂ ਹੀ ਪੇਸ਼ ਕਰਨਗੀਆਂ। ਇਥੇ ਔਰਤਾਂ ਦਾ ਅਸਲ ਵਿੱਚ ਹਰ ਦਿਨ ਹੀ ਮਹਿਲਾ ਦਿਵਸ ਹੈ।ਜਦੋਂ ਸਟੇਜ ਤੋਂ ਹਰ ਰੋਜ਼ ਇੰਨਾ ਦੇ ਯੋਗਦਾਨ ਨੂੰ ਸਰਾਹਿਆ ਜਾਂਦਾ ਹੈ ਤਾਂ ਇਸ ਤੋਂ ਵੱਡਾ ਹੋਰ ਕੋਈ ਇਨਾਮ ਨਹੀਂ ਹੁੰਦਾ।

ਮਹਿਲਾ ਦਿਵਸ ਮਨਾਉਣ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਹੈ ਜਿੰਨਾ ਨੇ ਮਹਿਲਾਵਾਂ ਲਈ ਲੜਾਈ ਲੜੀ।ਹਕੀਕਤ ਇਹ ਹੈ ਕਿ ਜਦੋਂ ਆਪਣੇ ਹੱਕਾਂ ਦੀ ਗੱਲ ਹੋਵੇ ਅਤੇ ਸਰਕਾਰਾਂ ਤੋਂ ਹੱਕ ਲੈਣੇ ਹੋਣ ਤਾਂ ਲੜਾਈ ਸੌਖੀ ਨਹੀਂ ਹੁੰਦੀ। ਖੈਰ,ਇਸ ਦਿਵਸ ਦੀ ਆਪਣੀ ਅਹਿਮੀਅਤ ਅਤੇ ਮਹੱਤਤਾ ਹੈ,ਪਰ ਇਹ ਦਿਨ ਸਿਰਫ਼ ਸਟੇਜ ਦਾ ਸ਼ੰਗਾਰ ਨਹੀਂ ਹੋਣਾ ਚਾਹੀਦਾ।ਔਰਤਾਂ ਦੇ ਹੱਕ ਦੀ ਆਵਾਜ਼ ਚੁੱਕਣ ਦੀ ਗੱਲ ਉੱਥੇ ਕਰਕੇ, ਉੱਥੇ ਨਾ ਛੱਡੀ ਜਾਵੇ।ਔਰਤਾਂ ਨੂੰ ਹੀ ਚਾਹੀਦਾ ਹੈ ਕਿ ਔਰਤਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਨ।ਔਰਤ ਦਿਵਸ ਕਿਉਂ ਅਤੇ ਕਿਸ ਨੇ ਸ਼ੁਰੂ ਕੀਤਾ ਅਤੇ ਕਿਵੇਂ ਆਪਣੇ ਹੱਕਾਂ ਦੀ ਲੜਾਈ ਲੜੀ,ਇਸ ਬਾਰੇ ਦੱਸਣਾ ਚਾਹੀਦਾ ਹੈ।

ਪ੍ਰਭਜੋਤ ਕੌਰ ਢਿੱਲੋਂ (Prabhjot Kaur Dhillon)

ਮੁਹਾਲੀ ਮੋਬਾਈਲ ਨੰਬਰ 9815030221

Jeeo Punjab Bureau

Leave A Reply

Your email address will not be published.