6 ਮਾਰਚ ਨੂੰ ਕੀਤਾ ਜਾਵੇਗਾ ਕੇ ਐਮ ਪੀ ਰੋਡ ਜਾਮ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ , 4 ਮਾਰਚ

ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੀ ਲੜਾਈ ਕਾਰਪੋਰੇਟ ਪੱਖੀ ਭਾਰਤੀ ਹਾਕਮਾਂ ਵੱਲੋਂ 1990-91 ਵਿਚ ਲਿਆਂਦੀਆਂ ਅਖੌਤੀ ਨਵੀਂਆਂ ਆਰਥਿਕ ਨੀਤੀਆਂ ਨੂੰ ਲਾਗੂ ਕਰਨ ਦਾ ਅਹਿਮ ਕਦਮ ਹੈ, ਜਿਸਨੂੰ ਭਾਰੀ ਬਹੁਮਤ ਦੇ ਜ਼ੋਰ ਨਾਲ ਮੋਦੀ ਸਰਕਾਰ ਧੱਕੇ ਨਾਲ ਥੋਪ ਰਹੀ ਹੈ ।

ਅੱਜ ਟਿੱਕਰੀ ਬਾਰਡਰ ਤੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬੀਕੇਯੂ (ਏਕਤਾ ਉਗਰਾਹਾਂ) ਦੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਇਹਨਾਂ ਨੀਤੀਆਂ ਤਹਿਤ ਹੀ ‌ਬਰਨਾਲਾ ਜ਼ਿਲ੍ਹੇ ‘ਚ ਮੇਰੀ ਤੇ ਮੇਰੇ ਪਿੰਡ ਛੰਨਾ ਦੇ ਕਿਸਾਨਾਂ ਸਮੇਤ ਗੁਆਂਢੀ ਪਿੰਡਾਂ ਧੌਲੇ ਤੇ ਸੰਘੇੜੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਟਰਾਈਡੈਂਟ ਕੰਪਨੀ ਦੇ ਮਾਲਕ ਰਜਿੰਦਰ ਗੁਪਤਾ ਵੱਲੋਂ ਵੇਲੇ ਦੀ ਕਾਂਗਰਸ ਹਕੂਮਤ ਨਾਲ਼ ਮਿਲਕੇ ਹਥਿਆਈ ਗਈ ਸੀ ਅਤੇ 2008 ‘ਚ ਜ਼ਿਲ੍ਹਾ ਮਾਨਸਾ ਦੇ ਪਿੰਡ ਗੋਬਿੰਦਪੁਰਾ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ। ਪਰ ਇਹਨਾਂ ਜ਼ਮੀਨਾਂ ਉੱਤੇ ਅਜੇ ਤੱਕ ਵੀ ਦੱਸੇ ਗਏ ਪ੍ਰੋਜੈਕਟ ਨਹੀਂ ਲਾਏ ਗਏ। ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਵਿਕਾਸ ਦੇ ਨਾਂਅ ਹੇਠ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦਾ ਅਸਲ ਮਕਸਦ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਦੇ ਸੁਪਰ ਮੁਨਾਫਿਆਂ ਦੀ ਗਰੰਟੀ ਕਰਨਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨ ਅੰਦੋਲਨ ਦੇ ਹਮਾਇਤੀ ਫ਼ਿਲਮੀ ਕਲਾਕਾਰਾਂ ਤਾਪਸੀ ਪਨੂੰ ਤੇ ਕਸ਼ਯਪ ਦੇ ਘਰ ਆਮਦਨ ਕਰ ਵਿਭਾਗ ਦੇ ਛਾਪਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਘੋਲ਼ ਨੂੰ ਦਬਾਉਣ ਲਈ ਨੀਵੀਂ ਪੱਧਰ ਦੇ ਹੱਥਕੰਡੇ ਅਪਣਾ ਰਹੀ ਹੈ।

ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਸਰਕਾਰਾਂ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੀ ਬਦੌਲਤ ਕਰਜ਼ੇ ਤੇ ਗ਼ਰੀਬੀ ਦੇ ਸਤਾਏ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਪਰ ਮੋਦੀ ਸਰਕਾਰ ਇਹਨਾਂ ਦੀ ਬਾਂਹ ਫੜਨ ਦੀ ਬਜਾਏ ਖੇਤੀ ਕਿੱਤੇ ਨੂੰ ਹੀ ਤਬਾਹ ਕਰਨ ‘ਤੇ ਉੱਤਰ ਆਈ ਹੈ। ਉਹਨਾਂ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਦਿੱਲੀ ਮੋਰਚਿਆਂ ਨੂੰ ਤਕੜਾਈ ਦੇਣ ਲਈ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਮੌਕੇ ਟਿੱਕਰੀ ਬਾਰਡਰ ‘ਤੇ ਕੀਤੀ ਜਾ ਰਹੀ ਵਿਸ਼ਾਲ ਔਰਤ ਕਾਨਫਰੰਸ ਵਿੱਚ ਔਰਤਾਂ ਨੂੰ ਵਿਸ਼ਾਲ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਉਹਨਾਂ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 6 ਮਾਰਚ ਨੂੰ ਕੇ ਐਮ ਪੀ ਰੋਡ ਨੂੰ ਜਾਮ ਕੀਤਾ ਜਾਵੇਗਾ।

ਇਸ ਮੌਕੇ ਕਿਸਾਨ ਆਗੂ ਅਮਰਜੀਤ ਸਿੰਘ ਸੈਦੋਕੇ ਨੇ ਭਾਰਤੀ ਜਮਹੂਰੀਅਤ ਨੂੰ ਨਕਲੀ ਜਮਹੂਰੀਅਤ ਕ਼ਰਾਰ ਦਿੰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਅਹਿਮ ਅਹੁਦਿਆਂ ਦੀ ਚੋਣ ਕਾਰਪੋਰੇਟ ਘਰਾਣਿਆਂ ਵੱਲੋਂ ਹੀ ਕੀਤੀ ਜਾਂਦੀ ਹੈ।

ਲੋਕ ਗਾਇਕ ਸਰਬਜੀਤ ਚੀਮਾ ਨੇ ਸੰਘਰਸ਼ ਮੋਰਚਿਆਂ ‘ਚ ਡਟੇ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਦੇ ਸਿਰੜ ਨੂੰ ਸਲਾਮ ਕਰਦਿਆਂ ਆਪਣੇ ਗੀਤਾਂ ਰਾਹੀਂ ਮੋਰਚੇ ‘ਚ ਡਟੇ ਲੋਕਾਂ ਦੇ ਜੋਸ਼ ਨੂੰ ਹੁਲਾਰਾ ਵੀ ਦਿੱਤਾ। ਇਸ ਮੌਕੇ ਸੰਗਰੂਰ ਜ੍ਹਿਲੇ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਉੱਘੇ ਕਹਾਣੀਕਾਰ ਅਤਰਜੀਤ ਸਿੰਘ ਬਠਿੰਡਾ ,ਜੋਗਿੰਦਰ ਸਿੰਘ ਦਿਆਲਪੁਰਾ ,ਮਲਕੀਤ ਸਿੰਘ ਹੇੜੀਕੇ, ਨੇ ਵੀ ਸੰਬੋਧਨ ਕੀਤਾ ।

Jeeo Punjab Bureau

Leave A Reply

Your email address will not be published.