ਚੱਬੇਵਾਲ ਨੇ ਪਵਿੱਤਰ ਸਦਨ ਦੇ ਨਾਲ ਨਾਲ ਪੰਜਾਬੀਆਂ ਨੂੰ ਧੋਖਾ ਦੇਣ ਦੀ ਕੀਤੀ ਹੈ ਕੋਸ਼ਿਸ਼

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 4 ਮਾਰਚ

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਲਦੇਵ ਖਹਿਰਾ ਨੇ ਅੱਜ ਮੰਗ ਕੀਤੀ ਕਿ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਚੱਬੇਵਾਲ ਵੱਲੋਂ ਸੰਵਿਧਾਨ ਦੀ 85ਵੀਂ ਸੋਧ ਜੋ ਕਿ ਅਨੁਸੂਚਿਤ ਜਾਤੀ ਦੇ ਮੁਲਾਜ਼ਮਾਂ ਲਈ ਤਰੱਕੀਆਂ ਵਿਚ ਰਾਖਵੇਂਕਰਨ ਨਾਲ ਸਬੰਧਤ ਹੈ, ਦੇ ਪੰਜਾਬ ਵਿਚ ਲਾਗੂ ਹੋਣ ਬਾਰੇ ਵਿਧਾਨ ਸਭਾ ਵਿਚ ਬੋਠੇ ਝੂਠ ਲਈ ਉਹਨਾਂ ਖਿਲਾਫ ਵਿਸ਼ੇਸ਼ ਅਧਿਕਾਰ ਤਹਿਤ ਕਾਰਵਾਈ ਕੀਤੀ ਜਾਵੇ।

ਸਿਫਰ ਕਾਲ ਦੌਰਾਨ ਇਹ ਮਾਮਲਾ ਉਠਾਉਂਦਿਆਂ ਬਲਦੇਵ ਖਹਿਰਾ ਨੇ ਕਿਹਾ ਕਿ ਚੱਬੇਵਾਲ ਵੱਲੋਂ ਪਵਿੱਤਰ ਸਦਨ ਦੇ ਨਾਲ ਨਾਲ ਪੰਜਾਬੀਆਂ ਨੂੰ ਧੋਖਾ ਦੇਣ ਦੀ ਕੀਤੀ ਗਈ ਕੋਸ਼ਿਸ਼ ਲਈ ਉਹਨਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਨੁਸੂਚਿਤ ਜਾਤੀ ਮੁਲਾਜ਼ਮਾਂ ਵਿਚ ਇਸ ਗੱਲ ਨੂੰ ਲੈ ਕੇ ਕਾਫੀ ਰੋਹ ਹੈ ਕਿ ਵਾਰ ਵਾਰ ਵਾਅਦਾ ਕਰਨ ਦੇ ਬਾਵਜੂਦ ਸੂਬੇ ਵਿਚ 85ਵੀਂ ਸੋਧ ਲਾਗੂ ਨਹੀਂ ਕੀਤੀ ਗਈ। ਉਹਨਾਂ ਨੇ ਕਾਂਗਰਸ ਪਾਰਟੀ ਵੱਲੋਂ ਦਲਿਤ ਭਾਈਚਾਰੇ ਨਾਲ ਲਾਅਰੇਬਾਜ਼ੀ ਕਰਨ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਦਲਿਤਾਂ ਦੀ ਹਾਲਤ ਸੁਧਾਰਨ ਵਾਸਤੇ ਕੁਝ ਨਹੀਂ ਕੀਤਾ ਗਿਆ।

ਖਹਿਰਾ ਨੇ ਕਿਹਾ ਕਿ ਉਹ ਵੀ ਭਲਾਈ ਕਮੇਟੀ ਦੇ ਮੈਂਬਰ ਹਨ ਜਿਸਨੇ ਤਿੰਨ ਸਾਲ ਪਹਿਲਾਂ ਇਸ ਮਾਮਲੇ ’ਤੇ ਚਰਚਾ ਕੀਤੀ ਸੀ ਤੇ ਸੂਬੇ ਵਿਚ 85ਵੀਂ ਸੋਧ ਲਾਗੂ ਕਰਵਾਉਣ ਦਾ ਯਤਨ ਕੀਤਾ ਸੀ। ਉਹਨਾਂ ਕਿਹਾ ਕਿ ਕਾਂਗਰਸ ਦੇ ਵਿਧਾਇਕ ਖਿਲਾਫ ਕਾਰਵਾਈ ਕਰਨ ਤੋਂ ਇਲਾਵਾ ਵਿਧਾਨ ਸਭਾ ਨੂੰ ਇਸ ਦਾ ਵੀ ਨੋਟਿਸ ਲੈਣਾ ਚਾਹੀਦਾ ਹੈ ਕਿ ਅਨੁਸੂਚਿਤ ਜਾਤੀ ਮੁਲਾਜ਼ਮਾਂ ਨਾਲ ਇਸ ਤਰੀਕੇ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਸਾਰੇ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੋ 85ਵੀਂ ਸੋਧ ਲਾਗੂ ਕਰਨ ਦੇ ਰਾਹ ਵਿਚ ਅੜਿਕਾ ਬਣ ਰਹੇ ਹਨ ਅਤੇ ਉਹਨਾਂ ਕਿਹਾ ਕਿ ਅਕਾਲੀ ਦਲ ਸੂਬੇ ਵਿਚ ਇਹ ਸੋਧ ਲਾਗੂ ਕਰਨ ਲਈ ਸਰਕਾਰ ਨੁੰ ਮਜਬੂਰ ਕਰ ਦੇਵੇਗਾ।

Jeeo Punjab Bureau

Leave A Reply

Your email address will not be published.