ਕਾਂਗਰਸ ਸਰਕਾਰ ਦਾ ਸਾੜਿਆ ਪੁਤਲਾ, ਵਿਧਾਨ ਸਭਾ ਵਿਚੋਂ ਕੀਤਾ ਵਾਕ ਆਊਟ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 3 ਮਾਰਚ

ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਦੇ ਬਾਹਰ ਕਾਂਗਰਸ ਸਰਕਾਰ ਦਾ ਪੁਤਲਾ ਸਾੜ ਕੇ ਸਰਕਾਰੀ ਮੁਲਾਜ਼ਮਾਂ ਨਾਲ ਵਿਤਕਰਾ ਕੀਤੇ ਜਾਣ ਖਿਲਾਫ ਰੋਸ ਪ੍ਰਗਟ ਕੀਤਾ ਤੇ ਉਸ ਸਮੇਂ ਵਿਧਾਨ ਸਭਾ ਵਿਚੋਂ ਵਾਕ ਆਊਟ ਕੀਤਾ ਜਦੋਂ ਮਾਮਲੇ ’ਤੇ ਬਾਰੀਕੀ ਨਾਲ ਚਰਚਾ ਲਈ ਪੇਸ਼ ਕੀਤਾ ਗਿਆ ਮਤਾ ਸਪੀਕਰ ਨੇ ਰੱਦ ਕਰ ਦਿੱਤਾ।

ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਅਕਾਲੀ ਦਲ ਦੇ ਵਿਧਾਇਕ ਅੱਜ ਸਵੇਰੇ ਵਿਧਾਨ ਸਭਾ ਦੇ ਬਾਹਰ ਇਕੱਤਰ ਹੋਏ ਤੇ ਕਾਂਗਰਸ ਸਰਕਾਰ ਦਾ ਪੁਤਲਾ ਸਾੜ ਕੇ ਸਰਕਾਰੀ ਮੁਲਾਜ਼ਮਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਪੇ ਕਮਿਸ਼ਨ ਲਾਗੂ ਕਰੋ ਤੇ ਮੁਲਾਜ਼ਮਾਂ ਦਾ ਬਕਾਇਆ ਜਾਰੀ ਕਰੋ ਵਰਗੇ ਨਾਅਰੇ ਲਗਾ ਕੇ ਅਕਾਲੀ ਦਲ ਦੇ ਵਿਧਾਇਕਾਂ ਨੇ ਮੰਗ ਕੀਤੀ ਕਿ ਕਾਂਗਰਸ ਪਾਰਟੀ ਸਰਕਾਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤੇ ਦਾ ਰੋਕਿਆ ਗਿਆ 6 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਤੁਰੰਤ ਜਾਰੀ ਕਰੇ। ਉਹਨਾਂ ਕਿਹਾ ਕਿ ਇਸੇ ਤਰੀਕੇ ਸਰਕਾਰ ਨੇ ਜਾਣ ਬੁੱਝ ਕੇ ਛੇਵੇਂ ਤਨਖਾਹ ਕਮਿਸ਼ਨ ਦੇਣ ਤੋਂ ਰੋਕ ਰੱਖਿਆ ਹੈ ਤੇ ਵਾਰ ਵਾਰ ਇਸ ਦੀ ਮਿਆਦ ਵਿਚ ਵਾਧਾ ਕੀਤਾ ਜਾ ਰਿਹਾ ਹੈ ਤੇ ਕਮਿਸ਼ਨ ਨੁੰ ਆਪਣੀ ਰਿਪੋਰਟ ਪੇਸ਼ ਨਾ ਕਰਨ ਵਾਸਤੇ ਆਖਿਆ ਜਾ ਰਿਹਾ ਹੈ।

ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਹ ਪਹਿਲੀ ਹੀ ਕੈਬਨਿਟ ਮੀਟਿੰਗ ਵਿਚ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰੇਗੀ ਪਰ ਚਾਰ ਸਾਲ ਬੀਤਣ ’ਤੇ ਵੀ ਅਜਿਹਾ ਨਹੀਂ ਕੀਤਾ ਗਿਆ।

ਵਿਧਾਇਕਾਂ ਨੇ ਮੰਗ ਕੀਤੀ ਕਿ ਸਾਰੇ ਨਵੇਂ ਭਰਤੀ ਕੀਤੇ ਜਾ ਰਹੇ ਮੁਲਾਜ਼ਮਾਂ ਨੂੰ ਪੰਜਾਬ ਦੇ ਤਨਖਾਹ ਸਕੇਲ ਦਿੱਤੇ ਜਾਣ ਤੇ ਇਹਨਾਂ ਨੂੰ ਕੇਂਦਰ ਸਰਕਾਰ ਅਨੁਸਾਰ ਘੱਟ ਤਨਖਾਹ ਸਕੇਲ ਦੇਣ ਦਾ ਮਤਲਬ ਸਰਕਾਰ ਵੱਲੋਂ ਇਹਨਾਂ ਨਾਲ ਵਿਤਕਰਾ ਕਰਨਾ ਹੈ। ਉੁਹਨਾਂ ਨੇ ਸਰਕਾਰੀ ਵਿਭਾਗਾਂ ਦੇ ਪੁਨਰਗਠਨ ਦੇ ਨਾਂ ’ਤੇ ਹਜ਼ਾਰਾਂ ਆਸਾਮੀਆਂ ਖਤਮ ਕੀਤੇ ਜਾਣ ਦੀ ਵੀ ਨਿਖੇਧੀ ਕੀਤੀ।

ਬਾਅਦ ਵਿਚ ਅਕਾਲੀ ਦਲ ਦੇ ਵਿਧਾਇਕਾਂ ਨੇ ਸਦਨ ਵਿਚ ਰੋਸ ਪ੍ਰਗਟ ਕੀਤਾ ਤੇ ਉਦੋਂ ਸਦਨ ਵਿਚੋਂ ਵਾਕ ਆਊਟ  ਕੀਤਾ ਜਦੋਂ ਸਪੀਕਰ ਰਾਣਾ ਕੇ ਪੀ ਸਿੰਘ ਨੇ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਸਰਕਾਰੀ ਮੁਲਾਜ਼ਮਾਂ ਨਾਲ ਹੋ ਰਹੇ ਵਿਤਕਰੇ ’ਤੇ ਚਰਚਾ ਲਈ ਪੇਸ਼ ਕੀਤਾ ਗਿਆ ਮਤਾ ਰੱਦ ਕਰ ਦਿੱਤਾ। ਅਕਾਲੀ ਦਲ ਦੇ ਵਿਧਾਇਕਾਂ ਨੇ ਸਪੀਕਰ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹਨਾਂ ਨੇ ਇਹ ਕਹਿ ਕੇ ਮਤਾ ਰੱਦ ਕੀਤਾ ਹੈ ਕਿ ਇਹ ਚਲੰਤਾ ਮਾਮਲਾ ਨਹੀਂ ਹੈ। ਉਹਨਾਂ ਸਵਾਲ ਕੀਤਾ ਕਿ ਇਸ ਨਾਲੋਂ ਚਲੰਤ ਮਾਮਲਾ ਕੀ ਹੋ ਸਕਦਾ ਹੈ ਤੇ ਉਹਨਾਂ ਨੇ ਸਪੀਕਰ ’ਤੇ ਪੱਖਪਾਤੀ ਰਵੱਈਆ ਅਪਣਾਉਣ ਦਾ ਦੋਸ਼ ਲਗਾਇਆ।

Jeeo Punjab Bureau

Leave A Reply

Your email address will not be published.