84 ਸਾਲਾ ਸੇਵਾ ਮੁਕਤ ਮੇਜਰ ਨੇ ਲਗਵਾਇਆ ਕੋਰੋਨਾ ਵੈਕਸੀਨ ਦਾ ਟੀਕਾ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 2 ਮਾਰਚ

ਕੋਰੋਨਾ ਦੇ ਖਾਤਮੇ ਲਈ ਲਾਜ਼ਮੀ ਹੈ ਕਿ ਕੋਰੋਨਾ ਵੈਕਸੀਨੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਉਤੇ ਯਕੀਨ ਨਾ ਕਰਦਿਆਂ ਵੈਕਸੀਨੇਸ਼ਨ ਕਰਵਾਈ ਜਾਵੇ। ਇਹ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸੇਵਾ ਮੁਕਤ ਮੇਜਰ ਕੇ.ਐਸ. ਢਿੱਲੋਂ, ਜਿਨ੍ਹਾਂ ਦੀ ਉਮਰ 84 ਸਾਲ ਹੈ, ਨੇ ਅੱਜ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ ਹੈ ਤੇ ਉਹ ਪੂਰੀ ਤਰ੍ਹਾਂ ਠੀਕ ਠਾਕ ਹਨ ਤੇ ਹੋਰਨਾਂ ਨੂੰ ਵੈਕਸੀਨੇਸ਼ਨ ਲਈ ਪ੍ਰੇਰਨਾ ਦੇ ਰਹੇ ਹਨ। ਇਸ ਸਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ ਨੇ ਸੋਸ਼ਲ ਮੀਡੀਆ ਉਤੇ ਵੀ ਸਾਂਈ ਕੀਤੀ ਹੈ।

ਜ਼ਿਕਰਯੋਗ ਹੈ ਕਿ ਸੇਵਾ ਮੁਕਤ ਮੇਜਰ ਕੇ.ਐਸ. ਢਿੱਲੋਂ ਸੰਨ 1965 ਵਿੱਚ ਪਾਕਿਸਤਾਨ ਖਿਲਾਫ ਜੰਗ ਲੜ ਚੁੱਕੇ ਹਨ। ਉਦੋਂ ਉਨ੍ਹਾਂ ਨੇ ਟੈਂਕਾਂ ਦੀ ਟੁਕੜੀ ਦੀ ਅਗਵਾਈ ਕੀਤੀ ਸੀ ਤੇ ਉਸ ਜੰਗ ਵਿੱਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੇ ਚੌਥੀ ਸਟੇਜ ਦੇ ਕੈਂਸਰ ਸਮੇਤ ਹੋਰ ਵੀ ਬਿਮਾਰੀਆਂ ਨੂੰ ਮਾਤ ਦਿੱਤੀ ਹੈ। ਹੁਣ ਉਨ੍ਹਾਂ ਨੇ ਕੋਵਿਡ ਵੈਕਸੀਨ ਵੀ ਅੱਗੇ ਹੋ ਕੇ ਲਗਵਾਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 5,633 ਹੈਲਥ ਕੇਅਰ ਵਰਕਰਾਂ, 3,816 ਫ਼ਰੰਟ ਲਾਈਨ ਵਰਕਰਾਂ, 45 ਤੋਂ 60 ਦੀ ਉਮਰ, ਜਿਨ੍ਹਾਂ ਨੂੰ ਕੋਈ ਨਾ ਕੋਈ ਬਿਮਾਰੀ ਹੈ, ਦੇ 57 ਵਿਅਕਤੀ ਅਤੇ 60 ਤੋਂ ਵੱਧ ਦੇ 423 ਵਿਆਕਤੀਆਂ ਨੂੰ ਕਰੋਨਾ ਵੈਕਸੀਨ ਦਾ ਟੀਕਾ ਲਾਇਆ ਜਾ ਚੁੱਕਾ ਹੈ।

ਕਿਹਾ ਕਿ ਸਮੂਹ ਨਾਗਰਿਕਾਂ ਦਾ ਫਰਜ਼ ਬਣਦਾ ਹੈ ਉਹ ਬਿਨਾਂ ਕਿਸੇ ਡਰ ਜਾਂ ਭੈਅ ਤੋਂ ਕੋਵਿਡ-19 ਤੋਂ ਬਚਣ ਲਈ ਬਿਨਾਂ ਅਫਵਾਹਾਂ ’ਤੇ ਯਕੀਨ ਕਰੇ ਵੱਧ ਤੋਂ ਵੱਧ ਗਿਣਤੀ ਵਿੱਚ ਇਹ ਟੀਕਾਕਰਨ ਕਰਵਾਉਣ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਇੱਕ ਅਜਿਹੀ ਮਹਾਂਮਾਰੀ ਹੈ ਜਿਸ ਨਾਲ ਦੁਨੀਆਂ ਭਰ ਵਿਚ ਲੱਖਾਂ ਦੀ ਗਿਣਤੀ ’ਚ ਅਨਮੋਲ ਮਨੁੱਖੀ ਜਾਨਾਂ ਚਲੀਆਂ ਗਈਆਂ । ਕੁਝ ਸ਼ਰਾਰਤੀ ਅਨਸਰ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਗਲਤ ਦਸ ਰਹੇ ਹਨ ਜਦੋਂ ਕਿ ਇਹ ਵੈਕਸ਼ੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਵਾਇਰਸ ਦੇ ਵੈਕਸੀਨ ਬਾਰੇ ਅਫਵਾਹਾਂ ਫੈਲਾਉਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੁੜ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਦੱਸੀਆਂ ਸਾਵਧਾਨੀਆਂ ਜਿਵੇਂ ਕਿ ਆਪਣਾ ਨੱਕ ਤੇ ਮੂੰਹ ਰੁਮਾਲ ਜਾਂ ਮਾਸਕ ਨਾਲ ਢੱਕਣਾ,  ਇੱਕ ਦੂਜੇ ਤੋਂ ਲਗਭਗ 06 ਫੁੱਟ ਦੀ ਦੂਰੀ ਬਣਾ ਕੇ ਰੱਖਣ ਸਮੇਤ ਵੱਖ ਵੱਖ ਸਾਵਧਾਨੀਆਂ ਦੀ ਵਰਤੋਂ ਲਾਜ਼ਮੀ ਕਰਨ।

Jeeo Punjab Bureau

Leave A Reply

Your email address will not be published.