ਸੂਬੇ ਭਰ ਵਿੱਚ ਮੁਜ਼ਾਹਰੇ, ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ

ਪਹਿਲਾਂ ਵਾਂਗ ਲੋਲੀਪੋਪ ਦੇਣ ਦੀ ਥਾਂ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ , 2 ਮਾਰਚ

ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਕਾਂਗਰਸ ਸਰਕਾਰ ਨੂੰ ਚੋਣ ਵਾਅਦੇ ਯਾਦ ਕਰਵਾਉਂਦੇ ਹੋਏ ਪਹਿਲਾਂ ਵਾਂਗ ਲੋਲੀਪੋਪ ਦੇਣ ਦੀ ਥਾਂ ਇਹਨਾਂ ਵਾਅਦਿਆਂ ਨੂੰ ਅਮਲੀ ਜਾਮਾ ਦਿਵਾਉਣ ਲਈ ਪੰਜਾਬ ਭਰ ਵਿੱਚ ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ, ਕਪੂਰਥਲਾ, ਮੋਗਾ, ਜਗਰਾਉਂ (ਲੁਧਿਆਣਾ) ਅਤੇ ਸੰਗਰੂਰ ਵਿਖੇ ਮੁਜ਼ਾਹਰੇ ਕੀਤੇ ਗਏ ਅਤੇ ਡੀਸੀਜ਼ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ।

ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ, ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਤੇ ਕਮੇਟੀ ਆਗੂ ਪਰਮਜੀਤ ਕੌਰ ਲੌਂਗੋਵਾਲ ਨੇ ਕਿਹਾ ਕਿ ਮਜ਼ਦੂਰ ਨੂੰ ਡਰ ਹੈ ਕਿ ਪਿਛਲੇ ਬਜਟਾਂ ਵਾਂਗ ਕੈਪਟਨ ਸਰਕਾਰ ਦਾ ਕਰਜ਼ਾ ਮੁਆਫੀ ਅੈਲਾਨ ਲੌਲੀਪੌਪ ਹੀ ਨਾ ਸਾਬਤ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਦੋ ਬਜਟਾਂ ਵਿੱਚ ਵੀ ਕੈਪਟਨ ਸਰਕਾਰ ਪੇਂਡੂ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਦੇ ਐਲਾਨ ਕਰਦੀ ਰਹੀ ਹੈ ਪਰ ਪਿਛਲੇ ਦੋ ਸਾਲਾ ਵਿੱਚ ਕਰਜ਼ਾ ਮੁਆਫ਼ੀ ਤੇ ਅਮਲ ਨਹੀਂ ਹੋਇਆ।ਮਜ਼ਦੂਰਾਂ,ਕਿਸਾਨਾਂ ਦੇ ਸਮੁੱਚੇ ਕਰਜ਼ੇ ਤੇ ਲੀਕ ਮਾਰਨ  ਦੇ ਵਾਅਦੇ ਨੂੰ ਹਕੀਕਤ ਤੋਂ ਕੋਹਾਂ ਦੂਰ ਦੱਸਦਿਆਂ ਆਗੂਆਂ ਨੇ  ਕਿਹਾ ਕਿ ਕੋਆਪਰੇਟਿਵ ਬੈਂਕਾਂ ਅਤੇ ਸੋਸਾਇਟੀਆਂ ਨੇ ਆਪਣੇ ਵਸੀਲਿਆਂ ਤੋਂ ਤਿੱਨ ਲੱਖ ਸੱਠ ਹਜ਼ਾਰ ਮਜ਼ਦੂਰਾਂ ਨੂੰ 696 ਕਰੋੜ ਰੁਪਿਆ ਕਰਜ਼ਾ ਮਜ਼ਦੂਰਾਂ ਨੂੰ ਦਿੱਤਾ। ਸਰਕਾਰ ਵੱਲੋਂ 6 ਮਾਰਚ 2019 ਨੂੰ ਜਾਰੀ ਕੀਤੇ ਮਾਫੀ ਦੇ ਨੋਟੀਫਿਕੇਸ਼ਨ ਉੱਤੇ ਅਮਲ ਨਾ ਹੋਣ ਕਾਰਨ ਮਜ਼ਦੂਰਾਂ ਨੂੰ ਦੋ ਸਾਲ ਦਾ ਹੋਰ ਵਿਆਜ ਪੈਣ ਨਾਲ ਉਹਨਾਂ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਗਈ ਹੈ। ਸਹਿਕਾਰੀ ਸੁਸਾਇਟੀਆਂ ਵੱਲੋਂ ਆਪਣੇ ਵਸੀਲਿਆਂ ਤੋਂ ਮਜ਼ਦੂਰਾਂ ਨੂੰ ਦਿੱਤੇ ਗਏ ਕਰਜ਼ਿਆਂ ਅਤੇ ਮਾਈ ਭਾਗੋ ਸਕੀਮ ਹੇਠ ਅਤੇ ਮਾਈਕ੍ਰੋ ਫ਼ਾਇਨਾਂਸ ਕਰਜ਼ਾ ਕੁੜਿੱਕੀ ਵਿੱਚ ਫਸੀਆਂ ਔਰਤਾਂ ਨੂੰ  ਰਾਹਤ  ਦੇਣ ਪ੍ਰਤੀ ਚੁੱਪ ਵੱਟੀ ਹੋਈ ਹੈ। ਹੁਣ ਤੱਕ ਦੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਸਿੱਟੇ ਵਜੋਂ ਅਮਰਵੇਲ ਵਾਂਗ ਵੱਧ ਫੁੱਲ ਰਹੀ ਬੇਰੁਜ਼ਗਾਰੀ,ਗਰੀਬੀ,ਮਹਿੰਗਾਈ,ਭੁੱਖ ਨੰਗ ਕੰਗਾਲੀ ਨੇ ਕਿਰਤੀ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਆਪਣੇ ਆਖ਼ਰੀ ਬਜਟ ਵਿਚ ਵੀ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਨਾ ਕਰਕੇ ਅਤੇ ਮਜ਼ਦੂਰਾਂ ਦੇ ਹੋਰ ਮੰਗਾਂ ਮਸਲਿਆਂ ਨੂੰ ਹੱਲ ਨਾ ਕਰਕੇ ਕੈਪਟਨ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਦੌੜ ਰਹੀ ਹੈ।

ਮੁੱਖ ਮੰਤਰੀ ਨੂੰ ਭੇਜੇ ਗਏ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ 6 ਮਾਰਚ 2019 ਨੂੰ ਮਜ਼ਦੂਰਾਂ ਦੇ ਕਰਜ਼ਾ ਮਾਫੀ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਕੀਤਾ ਜਾਵੇ,ਸਰਕਾਰ ਵੱਲੋਂ ਮਜ਼ਦੂਰਾਂ ਦੇ ਕਰਜੇ ਮਾਫ਼ੀ ਲਈ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਉੱਤੇ ਅਮਲ ਕਰਕੇ ਕੋ.ਅਪ. ਬੈਂਕਾਂ ਸਮੇਤ ਸਹਿਕਾਰੀ ਸੁਸਾਇਟੀਆਂ ਵੱਲੋਂ ਆਪਣੇ ਨਿੱਜੀ ਵਸੀਲਿਆਂ ਤੋਂ ਦਿੱਤੇ ਕਰਜ਼ੇ ਸਮੇਤ ਮਾਫ ਕੀਤੇ ਜਾਣ,ਸੂਦਖ਼ੋਰ ਅਦਾਰਿਆਂ ਦੀ ਚੁੰਗਲ ’ਚੋਂ ਕੱਢਣ ਲਈ ਮਜ਼ਦੂਰਾਂ ਨੂੰ ਕੋਆਪਰੇਟਿਵ ਸੁਸਾਇਟੀਆਂ ਵਿੱਚ ਬਿਨ੍ਹਾਂ ਸ਼ਰਤ ਹਿੱਸੇਦਾਰ ਬਣਾ ਕੇ ਸਸਤੇ ਵਿਆਜ ਦਰਾਂ ਉੱਤੇ ਕਰਜ਼ੇ ਦਿੱਤੇ ਜਾਣ,ਸਹਿਕਾਰੀ, ਸਰਕਾਰੀ ਅਤੇ ਗ਼ੈਰ-ਸਰਕਾਰੀ ਕਰਜ਼ੇ ਮੁਆਫ਼ ਕੀਤੇ ਜਾਣ। ਲਾਕ ਡਾਊਨਲੋਡ ਦੀਆਂ ਸ਼ਿਕਾਰ ਹੋਈਆਂ ਬੇਰੋਜ਼ਗਾਰ ਔਰਤਾਂ ਸਿਰ ਮਾਈਕਰੋ ਫਾਈਨਾਂਸ ਕੰਪਨੀਆਂ ਦੀਆਂ ਕਿਸ਼ਤਾਂ ਅਤੇ ਵਿਆਜ ਸਰਕਾਰ ਵੱਲੋਂ ਅਦਾ ਕੀਤਾ ਜਾਵੇ,ਮਨਰੇਗਾ ਤਹਿਤ ਮਜਦੂਰਾਂ ਨੂੰ ਕਾਨੂੰਨ ਅਨੁਸਾਰ ਘੱਟੋ-ਘੱਟ ਉਜਰਤ ਤਹਿਤ ਬਣਦੀ ਦਿਹਾੜੀ ਅਤੇ ਬਿਨ੍ਹਾਂ ਪੱਖਪਾਤ ਹਰ ਰੋਜ਼ ਕੰਮ ਦੇਣਾ ਯਕੀਨੀ ਬਣਾਇਆ ਜਾਵੇ,ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਜਨਤਕ ਵੰਡ ਪ੍ਰਣਾਲੀ ਹੇਠ ਦਿੱਤੇ ਜਾਣ ਵਾਲਾ ਰਾਸ਼ਨ ਸਿਆਸੀ ਦਖਲ ਅੰਦਾਜੀ ਤੋਂ ਬਿਨਾਂ ਹਰ ਲੋੜਵੰਦ ਨੂੰ ਦੇਣਾ ਯਕੀਨੀ ਬਣਾਇਆ ਜਾਵੇ। ਰਾਸ਼ਨ ਦੀ ਵੰਡ ਵਿੱਚ ਭਿ੍ਰਸ਼ਟਾਚਾਰ ਲਈ ਜ਼ੁੰਮੇਵਾਰ ਦੋਸ਼ੀਆ ਵਿਰੁੱਧ ਪਰਚੇ ਦਰਜ ਕੀਤੇ ਜਾਣ। ਕੱਟੇ ਨੀਲੇ ਕਾਰਡ ਬਹਾਲ ਕੀਤੇ ਜਾਣ,ਬਿਨਾਂ ਪੱਖਪਾਤ ਲੋੜਵੰਦ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਅਤੇ ਮਕਾਨ ਦੀ ਉਸਾਰੀ ਲਈ ਢੁੱਕਵੀਂ ਗਰਾਂਟ ਦਿੱਤੀ ਜਾਵੇ,ਘਰੇਲੂ ਬਿਜਲੀ ਬਿੱਲ ਮੁਆਫੀ ਦੀ ਸਹੂਲਤ ਲੈ ਰਹੇ ਮਜ਼ਦੂਰਾਂ ਨੂੰ ਭੇਜੇ ਗਏ ਬਿਜਲੀ ਬਿੱਲ ਵਾਪਸ ਲਏ ਜਾਣ ਤੇ ਕੱਟੇ ਕੁਨੈਕਸ਼ਨ ਮੁੜ ਜੋੜੇ ਜਾਣ,ਪੀਣ ਵਾਲੇ ਪਾਣੀ ਦੇ ਬਿੱਲ ਪੰਚਾਇਤਾਂ ਅਦਾ ਕਰਨ ਜਾਂ ਸਰਕਾਰ ਖੁਦ ਅਦਾ ਕਰੇ ਅਤੇ ਮਜ਼ਦੂਰਾਂ ਦੇ ਪੀਣ ਵਾਲੇ ਪਾਣੀ ਦੇ ਬਿੱਲਾਂ ’ਤੇ ਲਕੀਰ ਫੇਰੀ ਜਾਵੇ,ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ 33 ਸਾਲਾ ਪਟੇ ਉਤੇ ਦਿਓ ਅਤੇ ਬਾਕੀ ਬਚਦੀ ਜ਼ਮੀਨ ਛੋਟੇ ਕਿਸਾਨਾਂ ਲਈ ਰਾਖਵੀਂ ਕੀਤੀ ਜਾਵੇ,ਨਜ਼ੂਲ ਸੁਸਾਇਟੀਆਂ ਦੀਆਂ ਜ਼ਮੀਨਾਂ ਦੇ ਮਾਲਕਾਨਾ ਹੱਕ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਕੀਤਾ ਜਾਵੇ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ, ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ,ਪਰਮਜੀਤ ਕੌਰ ਲੌਂਗੋਵਾਲ, ਸੂਬਾ ਆਗੂਆਂ ਹੰਸ ਰਾਜ ਪੱਬਵਾਂ, ਮੰਗਾਂ ਸਿੰਘ ਵੈਰੋਕੇ,ਰਾਜ ਕੁਮਾਰ ਪੰਡੋਰੀ,ਕਮਲਜੀਤ ਸਨਾਵਾ,ਮਹਿੰਦਰ ਸਿੰਘ ਖੈਰੜ, ਨਿਰਮਲ ਸਿੰਘ ਸ਼ੇਰਪੁਰਸੱਧਾ ਹਾਜਰ ਸਨ।

Jeeo Punjab Bureau

Leave A Reply

Your email address will not be published.