ਕੀ ਸ਼ਰਾਬ ਦੇ ਠੇਕਿਆਂ ਦੀ ਵਧੇਰੇ ਜ਼ਰੂਰਤ ਹੈ ਜਾਂ ਸਕੂਲਾਂ ਦੀ

ਜੀਓ ਪੰਜਾਬ ਬਿਊਰੋ

ਲੇਖਕ- ਪ੍ਰਭਜੋਤ ਕੌਰ ਢਿੱਲੋਂ

ਕਿਸੇ ਵੀ ਪਿੰਡ,ਸ਼ਹਿਰ ਜਾਂ ਕਸਬੇ ਦੀ ਸੜਕ ਤੇ ਚਲੇ ਜਾਉ,ਤੁਹਾਨੂੰ ਥੋੜ੍ਹੇ ਜਿਹੇ ਫਰਕ ਤੇ ਸ਼ਰਾਬ ਦਾ ਠੇਕਾ ਵਿਖਾਈ ਦੇਵੇਗਾ।ਇੰਜ ਲੱਗਦਾ ਹੈ ਜਿਵੇਂ ਸਰਕਾਰਾਂ ਨੂੰ ਸਕੂਲਾਂ ਦੀ ਥਾਂ ਸ਼ਰਾਬ ਦੇ ਠੇਕਿਆਂ ਦੀ ਵਧੇਰੇ ਜ਼ਰੂਰਤ ਮਹਿਸੂਸ ਹੋਣ ਲੱਗ ਗਈ ਹੈ। ਸ਼ਰਾਬ ਦੇ ਠੇਕੇ ਖੋਲ੍ਹਣ ਨਾਲ ਬਹੁਤ ਸਾਰੀਆਂ ਹੋਰ ਸਮਸਿਆਵਾਂ ਵੀ ਖੜ੍ਹੀਆਂ ਹੋ ਜਾਂਦੀਆਂ ਹਨ।ਇਹ ਕਹਿਣਾ ਕਿ ਸ਼ਰਾਬ ਨਸ਼ਾ ਨਹੀਂ, ਸਰਾਸਰ ਗਲਤ ਹੈ।ਕਹਿੰਦੇ ਨੇ ਚੰਗੇ ਸਕੂਲ ਬਣਾਉ ਤਾਂ ਕਿ ਜੇਲ੍ਹਾਂ ਨਾ ਬਣਾਉਣੀਆਂ ਪੈਣ।ਮੁਆਫ਼ ਕਰਨਾ ਅਸੀਂ ਸਕੂਲਾਂ ਦੀ ਮਹੱਤਤਾ ਹੀ ਭੁੱਲ ਗਏ ਹਾਂ।ਸਟੇਟ ਨੂੰ ਚਲਾਉਣ ਲਈ ਸ਼ਰਾਬ ਦੀ ਕਮਾਈ ਵੱਲ ਵੱਧਣ ਇੰਨਾ ਜ਼ਰੂਰੀ ਵੀ ਨਹੀਂ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਬਾਰੇ ਸੋਚੀਏ ਹੀ ਨਾ।ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ,ਘਰਾਂ ਨੂੰ ਉਜਾੜਨ,ਘਰਾਂ ਵਿੱਚ ਸੱਤਰ ਵਿਛਾਉਣ ਅਤੇ ਅਪਰਾਧਿਕ ਕੰਮ ਕਰਨ ਵਿੱਚ ਸ਼ਰਾਬ ਨੇ ਵੱਡਾ ਯੋਗਦਾਨ ਪਾਇਆ ਹੈ। 

ਬੜੀ ਹੈਰਾਨੀ ਹੁੰਦੀ ਹੈ ਜਦੋਂ ਆਏ ਦਿਨ ਲੋਹੇ ਦੀਆਂ ਟੀਮਾਂ ਨਾਲ ਪੈਡ ਬਣਾਕੇ ਨਵਾਂ ਸ਼ਰਾਬ ਦਾ ਠੇਕਾ ਖੁੱਲਦਾ ਵੇਖਣ ਨੂੰ ਮਿਲ ਜਾਂਦਾ ਹੈ। ਉਸ ਠੇਕੇ ਨੂੰ ਜੰਗੀ ਪੱਧਰ ਤੇ ਤਿਆਰ ਕੀਤਾ ਜਾ ਰਿਹਾ ਹੁੰਦਾ ਹੈ ਤੇ ਫੇਰ ਉਥੇ ਵੀ ਚੰਗੀ ਚੋਖੀ ਭੀੜ ਵੇਖੀ ਜਾ ਸਕਦੀ ਹੈ। ਪਰ ਕਦੇ ਸਕੂਲ ਇਵੇਂ ਬਣਦੇ ਅਤੇ ਖੁੱਲਦੇ ਨਹੀਂ ਵੇਖੇ।ਸਰਕਾਰੀ ਸਕੂਲ ਤਾਂ ਸਰਕਾਰ ਦੇ ਚੇਤਿਆਂ ਵਿੱਚੋਂ ਮਨਫੀ ਹੋ ਗਏ ਹਨ।ਕੁੱਝ ਸਰਕਾਰੀ ਸਕੂਲ ਆਪ ਅਧਿਆਪਕਾਂ ਨੇ ਮਿਹਨਤ ਕਰਕੇ ਚੰਗੇ ਬਣਾ ਲਏ ਹਨ।ਜਿਹੜੀ ਸਰਕਾਰ ਸ਼ਰਾਬ ਦੀ ਆਮਦਨ ਤੇ ਟਿਕਣ ਦਾ ਯਤਨ ਕਰ ਰਹੀ ਹੋਵੇ ਉਸਨੇ ਬੱਚਿਆਂ ਬਾਰੇ ਕੀ ਸੋਚਣਾ ਹੈ।ਇੰਜ ਲੱਗਦਾ ਹੈ ਕਿ ਸਰਕਾਰ ਸਕੂਲਾਂ ਬਾਰੇ ਘੱਟ ਸੋਚ ਰਹੀ ਹੈ ਅਤੇ  ਸ਼ਰਾਬ ਦੇ ਠੇਕਿਆਂ ਦੀ ਸਹੂਲਤ ਦੇਣ ਲਈ ਵਧੇਰੇ ਗੰਭੀਰ ਹੈ। 

ਸਿਸਟਮ ਅਸੀਂ ਰਲਮਿਲ ਕੇ ਇੰਨਾ ਕੁ ਵਿਗਾੜ ਲਿਆ ਹੈ ਕਿ ਲੋਕਾਂ ਤੇ ਮਾਨਸਿਕ ਦਬਾਅ ਵੱਧ ਗਿਆ ਹੈ ।ਅੱਜ ਮਜ਼ਦੂਰ ਦਿਹਾੜੀ ਲਗਾਕੇ ਜਾਂਦਾ ਹੈ ਤਾਂ ਰਸੋਈ ਲਈ ਕੁੱਝ ਖਰੀਦਣ ਤੋਂ ਪਹਿਲਾਂ ਸ਼ਰਾਬ ਦੇ ਠੇਕੇ ਤੇ ਜਾਂਦਾ ਹੈ। ਕੋਈ ਥਕਾਵਟ ਉਤਾਰਨ ਲਈ ਪੀਂਦਾ ਹੈ ਅਤੇ ਕੋਈ ਮਾਨਸਿਕ ਪ੍ਰੇਸ਼ਾਨੀ ਚੋਂ ਬਾਹਰ ਨਿਕਲਣ ਲਈ ਪੀਂਦਾ ਹੈ।ਪਰ ਜਿਸ ਤਰ੍ਹਾਂ ਸ਼ਰਾਬ ਦੀ ਪੀਣ ਦੀ ਮਾਤਰਾ ਵੱਧ ਰਹੀ ਹੈ ਕੋਈ ਇਹ ਸੋਚ ਹੀ ਨਹੀਂ ਰਿਹਾ ਕਿ ਪੰਜਾਬ ਅਤੇ ਪੰਜਾਬ ਦੇ ਲੋਕ ਕਿਧਰ ਨੂੰ ਜਾ ਰਹੇ ਹਨ। ਪੰਜਾਬ ਵਿੱਚ ਫੈਲ ਕਬੀਲੇ ਗੱਭਰੂਆਂ ਨੂੰ ਵੇਖਣ ਲਈ ਅੱਖਾਂ ਤਰਸ ਜਾਂਦੀਆਂ ਹਨ।ਬੜੀ ਤਕਲੀਫ਼ ਹੁੰਦੀ ਹੈ ਜਦੋਂ ਕਿਧਰੇ ਭਰਤੀ ਹੁੰਦੀ ਹੈ ਤਾਂ ਸਾਡੇ ਨੌਜਵਾਨ ਦੌੜਨ ਜੋਗੇ ਵੀ ਨਹੀਂ ਹੁੰਦੇ।ਕਿਧਰੇ ਮਿਆਰੀ ਸਿੱਖਿਆ ਨਾ ਹੋਣ ਕਰਕੇ ਚੰਗੀਆਂ ਨੌਕਰੀਆਂ ਤੋਂ ਵਾਂਝੇ ਰਹਿ ਜਾਂਦੇ ਹਨ।ਇਹ ਵੋਟਰ ਮਾਪਿਆਂ ਅਤੇ ਸਰਕਾਰਾਂ ਦੋਨਾਂ ਦੀ ਗਲਤੀ ਹੈ।ਜਦੋਂ ਚੋਣਾਂ ਹੁੰਦੀਆਂ ਹਨ ਤਾਂ ਸ਼ਰਾਬ ਦੀਆਂ ਬੋਤਲਾਂ ਲੈਕੇ ਵੋਟਾਂ ਪਾਉਣ ਵਿੱਚ ਸ਼ਰਮ ਮਹਿਸੂਸ ਨਹੀਂ ਹੁੰਦੀ।ਉਦੋਂ ਨਾ ਕੋਈ ਆਪਣੇ ਬਾਰੇ ਸੋਚਦਾ ਹੈ ਅਤੇ ਨਾ ਕੋਈ ਆਪਣੇ ਬੱਚਿਆਂ ਬਾਰੇ।ਇਸ ਤੋਂ ਅੱਗੇ ਜਦੋਂ ਹਰ ਚੌਰਾਹੇ ਗਲੀ ਵਿੱਚ ਟੀਨਾਂ ਪਾਕੇ ਠੇਕੇ ਖੁੱਲਦੇ ਹਨ ਤਾਂ ਬਜਾਏ ਇਸਦੇ ਕਿ ਇਸਦਾ ਵਿਰੋਧ ਕੀਤਾ ਜਾਏ ਅਤੇ ਖੁੱਲਣ ਤੋਂ ਰੋਕਿਆ ਜਾਵੇ,ਧੜੇਬੰਦੀ ਹੋ ਜਾਂਦੀ ਹੈ ਅਤੇ ਆਪਸ ਵਿੱਚ ਲੜਨ ਲੱਗ ਜਾਂਦੇ ਹਨ।ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਫਾਇਦੇ ਚੁੱਕਣ ਵਾਲੇ ਦਾ ਰਸਤਾ ਅਸੀਂ ਆਪ ਹੀ ਪੱਧਰਾ ਕਰ ਦਿੰਦੇ ਹਾਂ। ਅਸੀਂ ਚੋਣਾਂ ਵੇਲੇ ਚੰਗੇ ਸਕੂਲਾਂ ਦੀ ਗੱਲਬਾਤ ਹੀ ਨਹੀਂ ਕਰਦੇ।ਜਦੋਂ ਅਸੀਂ ਆਪਣੇ ਬੱਚਿਆਂ ਲਈ ਅਤੇ ਅਗਲੀ ਪੀੜ੍ਹੀ ਲਈ ਗੰਭੀਰ ਨਹੀਂ ਤਾਂ ਸਰਕਾਰਾਂ ਨੂੰ ਇਹ ਸਿਰ ਦਰਦੀ ਲੈਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਮੈਂ ਕਿਧਰੇ ਪੜ੍ਹ ਰਹੀ ਸੀ ਕਿ ਜਿਵੇਂ ਦੇ ਲੋਕ ਹੁੰਦੇ ਹਨ ਉਵੇਂ ਦੀਆਂ ਹੀ ਸਰਕਾਰਾਂ ਹੁੰਦੀਆਂ ਹਨ। ਮੈਨੂੰ ਲੱਗਦਾ ਹੈ ਕਿ ਬਹੁਤ ਲੋਕ ਇਸ ਨਾਲ ਸਹਿਮਤ ਹੋਣਗੇ। 

ਬਿਲਕੁੱਲ, ਸਾਨੂੰ ਸਾਰਿਆਂ ਨੂੰ ਅਤੇ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਚੰਗੇ ਸਕੂਲਾਂ ਦੀ ਗਿਣਤੀ ਵਧੇਰੇ ਹੋਵੇਗੀ ਤਾਂ ਜੇਲ੍ਹਾਂ ਤੇ ਪੈਸੇ ਖਰਚਣ ਦੀ ਜ਼ਰੂਰਤ ਨਹੀਂ। ਕਰਾਈਮ ਹੋਣਾ ਆਪਣੇ ਆਪ ਘੱਟ ਜਾਵੇਗੀ। ਜਦੋਂ ਲੋਕਾਂ ਕੋਲ ਨੌਕਰੀਆਂ ਹੋਣਗੀਆਂ ਤਾਂ ਮਾਨਸਿਕ ਦਬਾਅ ਵੀ ਘੱਟ ਜਾਵੇਗਾ। ਵਿਕਾਸ ਲੋਕਾਂ ਨੂੰ ਵਧੇਰੇ ਸ਼ਰਾਬ ਪਿਆ ਕੇ ਨਹੀਂ ਹੋ ਸਕਦਾ,ਵਿਕਾਸ ਚੰਗੇ ਸਕੂਲਾਂ ਨਾਲ ਅਤੇ ਮਿਆਰੀ ਸਿੱਖਿਆ ਨਾਲ ਹੀ ਹੋਣਾ ਹੈ।ਮੇਰੀ ਨਿੱਜੀ ਸੋਚ ਹੈ ਕਿ ਸ਼ਰਾਬ ਦੇ ਠੇਕਿਆਂ ਦੀ ਥਾਂ ਸਾਨੂੰ ਚੰਗੇ ਸਕੂਲਾਂ ਦੀ ਜਰੂਰਤ ਹੈ। ਜਦੋਂ ਘਰਾਂ ਵਿੱਚ ਸੱਥਰ ਵਿੱਛਦੇ ਹਨ ਅਤੇ ਆਪਣਿਆਂ ਦੀਆਂ ਅਰਥੀਆਂ ਚੁੱਕਣੀਆਂ ਪੈਂਦੀਆਂ ਹਨ ਤਾਂ ਮੋਢੇ ਟੁੱਟ ਜਾਂਦੇ ਹਨ।ਅਸੀਂ ਆਪਣੇ ਆਪ ਨੂੰ ਇਸ ਸਾਰੇ ਵਿੱਚ ਜੇਕਰ ਗੁਨਾਹਗਾਰ ਮੰਨ ਲਈਏ ਤਾਂ ਸੁਧਾਰ ਜਲਦੀ ਹੋ ਜਾਏਗਾ। ਸਰਕਾਰ ਅਸੀਂ ਬਣਾਉਣੀ ਹੈ।ਜਿਵੇਂ ਦੀ ਸਰਕਾਰ ਸੋਚ ਸਮਝਕੇ ਬਣਾਵਾਂਗੇ ਉਵੇਂ ਦੀਆਂ ਸਹੂਲਤਾਂ ਅਤੇ ਵਿਕਾਸ ਹੋਏਗਾ।ਜਦੋਂ ਥਾਂ ਥਾਂ ਠੇਕੇ ਖੁੱਲਦੇ ਹਨ ਤਾਂ ਧੜੇਬੰਦੀ ਨਾ ਕਰਕੇ ਇੱਕਠੇ ਹੋਕੇ ਇਸਨੂੰ ਖੁੱਲ ਤੋਂ ਰੋਕਣਾ ਚਾਹੀਦਾ ਹੈ।ਜਦੋਂ ਕਿਸੇ ਦੇਸ਼ ਅਤੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਉਨ੍ਹਾਂ ਨੂੰ ਮਿਆਰੀ ਸਿੱਖਿਆ ਤੋਂ ਪਰੇ ਕਰਕੇ ਅਤੇ ਨੌਜਵਾਨੀ ਨੂੰ ਨਸ਼ੇ ਤੇ ਲਗਾ ਦਿਉ ਤਾਂ ਲੜਾਈ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਕੀ ਅਸੀਂ ਆਪ ਹੀ ਆਪਣੇ ਆਪ ਨੂੰ ਖਤਮ ਕਰਨ ਵਿੱਚ ਲੱਗੇ ਹੋਏ ਹਾਂ, ਇਹ ਸੋਚਣਾ ਅਤੇ ਸਮਝਣਾ ਪਵੇਗਾ। ਸ਼ਰਾਬ ਨੂੰ ਨਸ਼ੇ ਦੀ ਸ਼੍ਰੇਣੀ ਵਿਚੋਂ ਨਹੀਂ ਕੱਢਿਆ ਜਾ ਸਕਦਾ। ਲੋਕਾਂ ਦੇ ਘਰ ਬੁਰੀ ਤਰ੍ਹਾਂ ਤਬਾਹ ਹੋਏ ਹਨ ਅਤੇ ਹੋ ਰਹੇ ਹਨ।ਆਉਣ,ਸਰਕਾਰਾਂ ਨੂੰ ਇਹ ਦੱਸੀਆਂ ਕਿ ਸਾਨੂੰ ਸ਼ਰਾਬ ਦੇ ਠੇਕਿਆਂ ਦੀ ਜ਼ਰੂਰਤ ਨਹੀਂ ਹੈ, ਸਾਨੂੰ ਚੰਗੇ ਸਕੂਲਾਂ ਦੀ ਜ਼ਰੂਰਤ ਹੈ। ਪੰਚਾਇਤਾਂ ਨੂੰ ਆਪਣੇ ਪਿੰਡ ਦੇ ਨੌਜਵਾਨਾਂ ਲਈ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਪੰਚਾਇਤਾਂ ਮਿੰਨੀ ਸਰਕਾਰਾਂ ਹਨ,ਜੋ ਪਿੰਡ ਲਈ ਕੰਮ ਕਰਦੀਆਂ ਹਨ।ਸਰਕਾਰੀ ਸਕੂਲਾਂ ਨੂੰ ਮਿਆਰੀ ਬਣਾਉਣ ਤੇ ਜੋਰ ਦਿਉ ਅਤੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਘਟਾਉਣ ਲਈ ਅੱਗੇ ਆਉ।ਇਕ ਵਾਰ ਸੋਚਣਾ ਜ਼ਰੂਰ ਕਿ ਵਿਕਾਸ ਵਧੇਰੇ ਠੇਕੇ ਖੁੱਲ ਵਿੱਚ ਹੈ ਜਾਂ ਸਕੂਲ ਖੋਲਣ ਵਿੱਚ। ਸਾਨੂੰ ਜ਼ਰੂਰਤ ਸਕੂਲਾਂ ਦੀ ਹੈ ਜਾਂ  ਸ਼ਰਾਬ ਦੇ ਠੇਕਿਆਂ  ਦੀ।

ਪ੍ਰਭਜੋਤ ਕੌਰ ਢਿੱਲੋਂ (Prabhjot Kaur Dhillon)

ਮੁਹਾਲੀ ਮੋਬਾਈਲ ਨੰਬਰ 9815030221

Jeeo Punjab Bureau

Leave A Reply

Your email address will not be published.