10ਵੀਂ – 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਾਰੀਖ਼ਾਂ ਦਾ ਐਲਾਨ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 2 ਮਾਰਚ

ਸੀਆਈਸੀਐਸਈ (The Council for the Indian School Certificate Examinations) ਦੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਕ੍ਰਮਵਾਰ 5 ਮਈ ਅਤੇ 8 ਅਪ੍ਰੈਲ ਤੋਂ ਲਈਆਂ ਜਾਣਗੀਆਂ। CICSE ਦੇ ਮੁੱਖ ਕਾਰਜਕਾਰੀ ਅਤੇ ਸਚਿਵ, ਗੈਰੀ ਅਰਾਥੂਨ ਨੇ ਕਿਹਾ ਕਿ ਆਈਸੀਐਸਈ ਜੋ ਕਿ ਦਸਵੀਂ ਜਮਾਤ ਦੀ ਪ੍ਰੀਖਿਆ ਹੈ, 5 ਮਈ ਤੋਂ 7 ਜੂਨ ਤੱਕ ਅਤੇ ਆਈਐਸਸੀ ਦੀ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 8 ਅਪ੍ਰੈਲ ਤੋਂ 16 ਜੂਨ ਤੱਕ ਹੋਣਗੀਆਂ। ਸੀਆਈਸੀਐਸਈ ਬੋਰਡ ਦੀ ਪ੍ਰੀਖਿਆ ਆਮ ਤੌਰ ‘ਤੇ ਫਰਵਰੀ-ਮਾਰਚ ਵਿੱਚ ਹੁੰਦੀ ਹੈ, ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਇਸ ਵਾਰੀ ਪ੍ਰੀਖਿਆ ਵਿੱਚ ਦੇਰੀ ਕੀਤੀ ਗਈ ਹੈ ਅਤੇ ਇਹ ਹੁਣ ਅਪ੍ਰੈਲ-ਮਈ ਵਿੱਚ ਹੋਣਗੀਆਂ।

ਦੈਨਿਕ ਜਾਗਰਣ ਦੀ ਸਾਈਟ ‘ਤੇ ਛਪੀ ਰਿਪੋਰਟ ਅਨੁਸਾਰ, ਗੈਰੀ ਅਰਾਥੂਨ (Gerry Arathoon) ਨੇ ਦੱਸਿਆ ਕਿ ਪ੍ਰੀਖਿਆ ਦੇ ਨਤੀਜੇ ਜੁਲਾਈ ਤੱਕ ਸੰਯੋਜਕਾਂ ਰਾਹੀਂ ਸਕੂਲਾਂ ਦੇ ਮੁਖੀਆਂ ਨੂੰ ਦਿੱਤੇ ਜਾਣਗੇ। ਇਸ ਵਾਰ ਨਤੀਜੇ ਦਿੱਲੀ ਵਿਖੇ ਕੌਂਸਲ ਦਫ਼ਤਰ ਤੋਂ ਉਪਲਬਧ ਨਹੀਂ ਹੋਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਉਮੀਦਵਾਰਾਂ, ਮਾਪਿਆਂ ਤੋਂ ਕੋਈ ਪੁੱਛਗਿੱਛ ਪ੍ਰਵਾਨ ਨਹੀਂ ਕੀਤੀ ਜਾਵੇਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ 12ਵੀਂ ਜਮਾਤ ਦੀ ਪ੍ਰੀਖਿਆ 8 ਅਪ੍ਰੈਲ ਨੂੰ ਕੰਪਿਊਟਰ ਸਾਇੰਸ (ਪ੍ਰੈਕਟੀਕਲ) ਯੋਜਨਾਬੰਦੀ ਸੈਸ਼ਨ ਨਾਲ ਸ਼ੁਰੂ ਹੋਵੇਗੀ। CICSE ਦੀ ਕਲਾਸ 12 ਦੀ ਸਮਾਂ ਸਾਰਣੀ ‘ਚ ਦੱਸਿਆ ਗਿਆ ਹੈ ਕਿ ਭੌਤਿਕ ਵਿਗਿਆਨ, ਰਸਾਇਣ, ਜੀਵ ਵਿਗਿਆਨ, ਬਾਇਓਟੈਕਨਾਲੋਜੀ, ਭਾਰਤੀ ਸੰਗੀਤ, ਫ਼ੈਸ਼ਨ ਡਿਜ਼ਾਈਨਿੰਗ, ਸਰੀਰਕ ਸਿੱਖਿਆ, ਕੰਪਿਊਟਰ ਸਾਇੰਸ (ਪ੍ਰੀਖਿਆ ਸੈਸ਼ਨ) ਅਤੇ ਗ੍ਰਿਹ ਵਿਗਿਆਨ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀਆਂ ਤਾਰੀਖ਼ਾਂ ਅਤੇ ਸਮਾਂ, ਸਬੰਧਿਤ ਸਕੂਲ ਦੁਆਰਾ ਜਾਰੀ ਕੀਤੀਆਂ ਜਾਣਗੀਆਂ।

ਇਹ ਵੀ ਦੱਸਿਆ ਗਿਆ ਕਿ ਉੱਤਰ ਸ਼ੀਟਾਂ ਦੀ ਮੁੜ-ਜਾਂਚ ਲਈ ਬਿਨੈ-ਪੱਤਰਾਂ ਨੂੰ ਆਨਲਾਈਨ ਹੀ ਅਪਲਾਈ ਕਰਨਾ ਪਵੇਗਾ ਅਤੇ ਇਹ ਸਾਲ 2021 ਦੇ ਨਤੀਜੇ ਐਲਾਨਣ ਦੀ ਤਾਰੀਖ਼ ਤੋਂ ਸੱਤ ਦਿਨਾਂ ਦੇ ਅੰਦਰ ਹੀ ਅਪਲਾਈ ਕਰਨਾ ਹੋਵੇਗਾ। ਇੰਨਾ ਹੀ ਨਹੀਂ, ਸਾਲ 2022 ਵਿੱਚ, ਜਿਹੜੇ ਉਮੀਦਵਾਰ ਦੁਬਾਰਾ ਪ੍ਰੀਖਿਆਵਾਂ ਵਿੱਚ ਭਾਗ ਲੈਣ ਜਾ ਰਹੇ ਹਨ ਜਾਂ ਕੰਪਾਰਟਮੈਂਟ ਦੀ ਪ੍ਰੀਖਿਆ ਵਿਚ ਹਿੱਸਾ ਲੈਣਗੇ, ਉਨ੍ਹਾਂ ਨੂੰ ਵੀ ਆਪਣੇ ਬਿਨੈ-ਪੱਤਰਾਂ ਨੂੰ ਆਨਲਾਈਨ ਭਰਨਾ ਪਵੇਗਾ। ਪ੍ਰੀਖਿਆ ਕੇਂਦਰਾਂ ‘ਤੇ ਕੋਵਿਡ ਪ੍ਰੋਟੋਕੋਲ ਲਾਗੂ ਹੋਵੇਗਾ ਜਿੱਥੇ ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਦੇ ਨਾਲ ਸਰੀਰਕ ਦੂਰੀ ਦਾ ਵੀ ਧਿਆਨ ਰੱਖਿਆ ਜਾਵੇਗਾ।

Jeeo Punjab Bureau

Leave A Reply

Your email address will not be published.