ਦੋਵੇਂ ਬੋਤਲਾਂ ਵਿਚ ਦਵਾ ਹੈ, ਇੱਕ ਬਾਹਰੀ ਜ਼ਖਮਾਂ ਦੀ, ਦੂਜੀ ਅੰਦਰੂਨੀ ਗ਼ਮਾਂ ਦੀ

ਜੀਓ ਪੰਜਾਬ ਬਿਊਰੋ

ਦੋਵੇਂ ਬੋਤਲਾਂ ਵਿਚ ਦਵਾ ਹੈ, ਇੱਕ ਬਾਹਰੀ ਜ਼ਖਮਾਂ ਦੀ, ਦੂਜੀ ਅੰਦਰੂਨੀ ਗ਼ਮਾਂ ਦੀ, ਗ਼ਮ ਦਿਲ ਵਾਲਿਆਂ ਅੰਦਰ ਹੁੰਦੇ ਨੇ, ਜੋ ਹਰ ਕਿਸੇ ਨੂੰ ਅਪਵਿੱਤਰ ਕਰੇ ਬਿਨਾਂ ਪਵਿੱਤਰ ਪਿਆਰ ਕਰਦੇ ਹਨ, ਭਾਵਨਾਵਾਂ ਰਹਿਤ ਮਸ਼ੀਨਾਂ ਨੂੰ ਇਹ ਅਹਿਸਾਸ ਕਰਵਾਇਆ ਹੀ ਨਹੀਂ ਜਾ ਸਕਦਾ। ਜੋ ਮੱਤਾਂ ਜ਼ਖਮ ਜਾਂ ਗ਼ਮ ਦੇਣ ਵਾਲੇ ਦਿੰਦੇ ਨੇ, ਉਸ ਤੋਂ ਜ਼ਿਆਦਾ ਪੀਣ ਵਾਲੇ ਸਮਝਦੇ ਹੁੰਦੇ ਆ ਕਿ…

ਬੋਤਲ ਇੱਕ ਸ਼ਰਾਬ ਦੀ ਪੈਂਦੀ ਹੈ ਮਹਿੰਗੇ ਮੁੱਲ

ਜਾਂ ਪੁਆਵੇ ਬੇੜੀਆਂ ਜਾਂ ਪਾਉਂਦੀ ਗੰਗਾ ਫੁੱਲ!

ਸਭ ਜਾਣਦੇ ਹਨ ਸੁਗੰਧੀ ਨਾਲੋਂ ਦਵਾਈ ਬਣਨਾ ਚੰਗਾ ਹੁੰਦਾ ਹੈ, ਸੁਗੰਧੀ ਸਿਰਫ਼ ਮਹਿਕ ਦਿੰਦੀ ਹੈ, ਪਰ ਦਵਾਈ ਨਵਾਂ ਜੀਵਨ ਪਰ ਜੇ ਉਹ ਨਸ਼ਾ ਨਾ ਬਣੇ ਤਾਂ…ਜੀਵਨ ਕੱਚ ਦੀ ਬੋਤਲ ਅੰਦਰ ਨਹੀਂ, ਉਸ ਅੰਦਰ ਤਾਂ ਦਵਾਈ ਹੈ, ਵਰਤੋਂ ਅਸੀਂ ਕਰਨੀ ਹੈ, ਲੋੜ ਤੋਂ ਜ਼ਿਆਦਾ ਵਰਤਿਆਂ ਤਾਂ ਘਿਓ ਵੀ ਜਾਨ ਲੈ ਲੈਂਦਾ ਹੈ। ਦਵਾਈ ਦੀ ਸੁਚੱਜੀ ਵਰਤੋਂ ਨਾਲ ਜ਼ਖਮ ਠੀਕ ਹੁੰਦੇ ਹਨ, ਦੁਰਵਰਤੋਂ ਨਾਲ ਨਹੀਂ। ਆਪਣਿਆਂ ਨਾਲ ਰਹਿਣ ਲਈ ਹਰ ਚੀਜ਼ ਦੀ ਸੁਚੱਜੀ ਵਰਤੋਂ ਕਰਨੀ ਹੀ ਪੈਂਦੀ ਹੈ। ਸ਼ਰਾਬੀ ਪੁੱਤ ਦਾ ਮੂੰਹ ਤਾਂ ਮਾਂ ਨੂੰ ਵੀ ਚੰਗਾ ਨਹੀਂ ਲਗਦਾ ਜੋ ਸਾਨੂੰ ਸਾਰਿਆਂ ਨਾਲੋਂ ਕਈ ਮਹੀਨੇ ਜ਼ਿਆਦਾ ਜਾਣਦੀ ਹੁੰਦੀ ਹੈ।

ਇਹ ਗੱਲ ਵੀ ਪੱਕੀ ਹੈ ਕਿ ਸ਼ਰਾਬ ਗ਼ਮ ਜਾਂ ਅੰਦਰੂਨੀ ਜ਼ਖਮ ਠੀਕ ਨਹੀਂ ਕਰਦੀ, ਕਿਉਂਕਿ ਇਹ ਮਿਹਦੇ ਵਿਚ ਪ੍ਰਵੇਸ਼ ਕਰਦੀ ਹੈ, ਗ਼ਮ ਤਾਂ ਮਨ ਅਤੇ ਦਿਲ ਦੀਆਂ ਅੰਤ੍ਰੀਵ ਡੂੰਘਾਣਾਂ ‘ਚ ਡੂੰਘੇ ਲਹਿਕੇ ਛੁੱਪੇ ਹੁੰਦੇ ਹਨ, ਘੋਰ ਅੰਦਰ…ਪਰ ਹਾਂ ਸ਼ਰਾਬ ਦਾ ਨਸ਼ਾ ਸਾਡੇ ਟੁੱਟੇ-ਥੱਕੇ ਸਰੀਰ ਨੂੰ ਵਕਤੀ ਤੌਰ ਤੇ ਕੁਝ ਤੇਜ਼ੀ ਜਰੂਰ ਦਿੰਦਾ ਹੈ, ਪਰ ਸ਼ਕਤੀ ਜਾਂ ਤਾਕਤ ਕਦੇ ਵੀ ਨਹੀਂ ਦੋਸਤੋ, ਜ਼ਖਮ ਤਾਂ ਸਿਵਿਆਂ ‘ਚ ਜਾ ਕੇ ਸਵਾਹ ਹੁੰਦੇ ਹਨ! ਨਸ਼ੇ ਦੀ ਲੋੜ ਤੋਂ ਵੱਧ ਵਰਤੋਂ ਸਰੀਰ, ਮਨ ਤੇ ਦਿਮਾਗ਼ ਲਈ ਖ਼ਤਰਨਾਕ ਹੁੰਦੀ ਹੈ।

ਮੈਂ ਖੁਦ ਸ਼ਰਾਬ ਦੀ ਵਰਤੋਂ ਕਰਦਾ ਹਾਂ, ਮੇਰਾ ਮੰਨਣਾ ਇਹ ਹੈ ਕਿ ਜਿਨ੍ਹਾਂ ਪਰਿਵਾਰਾਂ ਨੂੰ ਇਹ ਪੀਣੀ ਆਉਂਦੀ ਐ, ਉਨ੍ਹਾਂ ਵਿਚ ਇਹ ਪੀੜ੍ਹੀਆਂ ਤੱਕ ਸਾਥ ਨਿਭਾਉਂਦੀ ਹੈ, ਤੇ ਪਿਆਰ, ਮੁਹੱਬਤ ਤੇ ਚੱਜ ਅਚਾਰ ਵੀ ਬਣਾਈ ਰੱਖਦੀ ਹੈ। ਪੀਣੀ ਸੌਖੀ ਨਹੀਂ, ਪਚਾਉਂਣੀ ਸੌਖੀ ਨਹੀਂ, ਪੀਣ ਤੋਂ ਪਹਿਲਾਂ ਵੀ ਮਿਹਨਤਾਂ ਮੰਗਦੀ ਐ ਤੇ ਬਾਅਦ ਵਿਚ ਵੀ, ਰੋਗੀ ਉਹ ਹੁੰਦੇ ਨੇ ਜੋ ਪੀਕੇ ਮੰਜੇ ਨਾਲ ਜੁੜਦੇ ਆ…ਸ਼ਰਾਬ ਪੀਣ ਸਮੇਂ ਮਨੁੱਖ ਦੀਆਂ ਛੇ ਗਿਆਨ ਇੰਦਰੀਆਂ ਕੰਮ ਕਰਦੀਆਂ ਨੇ, ਜੋ ਹੋਰ ਕਿਸੇ ਵੀ ਗਤੀਵਿਧੀ ਵਿਚ ਨਹੀਂ ਜਿਵੇਂ ਸ਼ਰਾਬ ਨੂੰ…ਅੱਖਾਂ ਵੇਖਦੀਆਂ, ਨੱਕ ਸੁੰਘਦਾ, ਹੱਥ ਛੂੰਹਦੇ ਆ, ਜੀਭ ਚੱਖਦੀ ਅਤੇ ਦਿਮਾਗ਼ ਨੱਚਦਾ, ਕੰਨ ਰਹਿ ਜਾਂਦੇ ਆ ਉਨ੍ਹਾਂ ਨੂੰ ਸੁਣਾਉਂਣ ਲਈ ਗਲਾਸਾਂ ਨੂੰ ਟਕਰਾਉਂਣਾ ਪੈਂਦਾ ਹੈ।

ਮੇਰੇ ਲਈ ਐਨੀ ਮਾੜੀ ਨਹੀਂ ਇਹ ਵਿਚਾਰੀ! ਜਿੰਨੀ ਓਨਾ ਨੇ ਬਣਾ ਦਿੱਤੀ ਐ, ਆਪ ਜੀ ਦਾ ਨਜ਼ਰੀਆਂ ਹੋਰ ਵੀ ਹੋਰ ਹੋ ਸਕਦੈ ਜੀ ਉਸ ਲਈ ਮੁਆਫ਼ੀ, ਕੋਈ ਚੀਜ਼ ਬਿਨਾਂ ਲੋੜ ਤੋਂ ਬਣੀ ਹੀ ਨਹੀਂ। ਕੁਦਰਤ ਸਭ ਦਾ ਖਿਆਲ ਰੱਖਦੀ ਹੈ। ਦਵਾਈ ਬਣਕੇ ਸ਼ਰਾਬ ਪ੍ਰੇਮੀਆਂ ਦੇ ਜਜ਼ਬੇ ਤੇ ਵੈਰੀਆਂ ਦੀ ਨਫ਼ਰਤ ਨੂੰ ਤੀਬਰ ਕਰਦੀ ਹੈ।

ਜਿਵੇਂ ਮੀਂਹ ਤੋਂ ਬਾਅਦ ਖੱਬਲ ਪੈਂਦਾ ਹੁੰਦਾ ਤੇ ਸ਼ਰਾਬ ਅੰਦਰ ਜਾਂਦਿਆ ਹੀ ਗੱਲਾਂ-ਬਾਤਾਂ ਰਾਹੀਂ ਮਨ ਦਾ ਭਾਰ ਹਲਕਾ ਹੁੰਦਾ ਹੈ!

ਅਸੀਂ ਮਿੱਟੀ ‘ਚੋਂ ਪੈਦਾ ਹੋਏ, ਅਖ਼ੀਰ ਮਿੱਟੀ ਵਿਚ ਹੀ ਸਮਾ ਜਾਣਾ, ਫਿਰ ਕਦੇ-ਕਦੇ ਦਾਰੂ ਦੀ ਛਿੱਟ ਲਗਾਉਣ ਦਾ ਵੀ ਕੀ ਹਰਜ਼ ਹੈ?

ਜ਼ਿਆਦਾ ਸ਼ਰਾਬੀ ਹੋਣਾ ਇੱਕ ਕਿਸਮ ਦੀ ਵਕਤੀ ਖੁਦਕੁਸ਼ੀ ਹੁੰਦੀ ਹੈ। ਕੀ ਕਰਾ ਕਲਮ ਨੇ ਤਾਂ ਬੰਦਸ਼ਾਂ ਦਾ ਹਰ ਸੰਗਲ ਤੋੜ ਕੇ, ਆਪਣੀ ਗੱਲ ਲਿਖ ਹੀ ਜਾਣੀ ਹੁੰਦੀ ਹੈ, ਚਾਹੇ ਉਸਨੂੰ ਕਾਰਜ਼ ਲਈ ਡੋਬਾ ਆਪਣੇ ਖੂਨ ਦਾ ਹੀ ਕਿਉਂ ਨਾ ਲਾਉਂਣਾ ਪਵੇ…ਵਿਚਾਰਾਂ ਨਾਲ ਸਹਿਮਤ ਜਾਂ ਨਾ ਸਹਿਮਤ ਹੋਣਾ ਕਲਮ ਲਈ ਕੋਈ ਮਹਿਣੇ ਨਹੀਂ ਰੱਖਦਾ, ਕੁਦਰਤ ਨੇ ਸਾਡੇ ਸਾਰਿਆਂ ਦੇ ਖੋਪੜ ਵਿਚ ਅਲੱਗ-ਅਲੱਗ ਲਾਏ ਹਨ ਤਾਂ ਹੀ ਦੁਨੀਆ ਤੇ ਰੰਗੀਨੀਆਂ ਨੇ…ਹਰਫੂਲ ਭੁੱਲਰ ਮੰਡੀ ਕਲਾਂ 9876870157

Jeeo Punjab Bureau

Leave A Reply

Your email address will not be published.