ਬੱਲੇ ਉਏ ਪੰਜਾਬ ਦਿਉ ਸ਼ੇਰ ਪੁੱਤਰੋ

ਜੀਓ ਪੰਜਾਬ ਬਿਊਰੋ

ਲੇਖਕ- ਪ੍ਰਭਜੋਤ ਕੌਰ ਢਿੱਲੋਂ

ਕਿਸਾਨਾਂ ਦੇ ਮੋਰਚੇ ਅਤੇ ਅੰਦੋਲਨ ਨੇ ਜੋ ਕੀਤਾ ਉਹ ਇਕ ਵੱਖਰੀ ਮਿਸਾਲ ਹੀ ਸਿਰਜ ਗਿਆ।ਕੇਂਦਰ ਸਰਕਾਰ ਦੇ ਬਣਾਏ ਹਫੜਾ ਦਫੜੀ ਵਿੱਚ ਤਿੰਨ ਕਾਨੂੰਨ ਜਿੰਨਾ ਨੂੰ ਉਹ ਕਿਸਾਨਾਂ ਦੇ ਹਿੱਤਾਂ ਵਾਲੇ ਕਹਿ ਰਹੀ ਹੈ,ਕਿਸਾਨਾਂ ਨੇ ਉਨਾਂ ਨੂੰ ਸਿਰੇ ਤੋਂ ਹੀ ਸ਼ਿਕਾਰ ਦਿੱਤਾ।ਬਥੇਰੀ ਰੌਲੀ ਪਈ ਕਿ ਇਸ ਤੇ ਬਹਿਸ ਨਹੀਂ ਹੋਈ ਅਤੇ ਇਹ ਸਾਡੇ ਸੰਵਿਧਾਨ ਦੇ ਉਲਟ ਹੈ ਪਰ ਕਹਿੰਦੇ ਨੇ ਤਕੜੇ ਦਾ ਛੇਈਂ ਵੀਹੀਂ ਸੌ।ਕੇਂਦਰ ਸਰਕਾਰ ਨੇ ਕਿਸੇ ਨੂੰ ਸੁਣਨਾ ਠੀਕ ਹੀ ਨਹੀਂ ਸਮਝਿਆ। ਹਾਂ,ਕੇਂਦਰ ਸਰਕਾਰ ਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਇਸ ਬਿੱਲ ਦੀ ਸਮਝ ਨਹੀਂ ਆਈ ਜਾਂ ਉਹ ਪੜ੍ਹਨ ਜੋਗੇ ਹੀ ਨਹੀਂ। ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵੱਡੇ ਅਹੁਦਿਆਂ ਤੇ ਬੈਠੇ ਬਹੁਤ ਸਾਰੇ ਇੰਨਾ ਪਰਿਵਾਰਾਂ ਦੇ ਹੀ ਪੁੱਤ ਹਨ।ਕਿਸਾਨ ਵੀ ਪੜ੍ਹੇ ਲਿਖੇ ਹਨ।ਖੈਰ,ਪਿੱਛਲੇ ਕਾਫੀ ਦਿਨਾਂ ਤੋਂ ਪੰਜਾਬ ਦੇ ਕਿਸਾਨ ਧਰਨਿਆਂ ਤੇ ਬੈਠੇ ਹੋਏ ਸੀ।ਜਿਥੇ ਉਹ ਧਰਨਿਆਂ ਤੇ ਬੈਠੇ ਹੋਏ ਸਨ ਉੱਥੇ ਉਨ੍ਹਾਂ ਕਾਨੂੰਨਾਂ ਨੂੰ ਪੰਜਾਬੀ ਵਿੱਚ ਟਰਾਂਸਲੇਟ ਕੀਤਾ ਅਤੇ ਪਿੰਡਾਂ ਵਿੱਚ ਜਾਕੇ ਲੋਕਾਂ ਨੂੰ ਸਮਝਾਉਣਾ ਸ਼ੁਰੂ ਕੀਤਾ। ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਇਕੱਠੀਆਂ ਹੋ ਗਈਆਂ।ਧਰਨਿਆਂ ਵਿੱਚ ਉਦੋਂ ਨਵੀਂ ਰੂਹ ਆ ਗਈ ਜਦੋਂ ਜਥੇਬੰਦੀਆਂ ਨੇ ਮਿਲਕੇ ਇਸਨੂੰ ਹੁਲਾਰਾ ਦਿੱਤਾ। ਕਿਸਾਨਾਂ ਨੇ ਰੇਲ ਪਟੜੀਆਂ ਤੇ ਬੈਠਕੇ ਰੇਲ ਆਵਾਜਾਈ ਬੰਦ ਕਰ ਦਿੱਤੀ। ਜਦੋਂ ਸਰਕਾਰਾਂ ਨੇ ਘੇਸਲ  ਮਾਰੀ ਹੋਵੇ ਤਾਂ ਉਸਨੂੰ ਸੁਣਾਉਣ ਔਖਾ ਹੁੰਦਾ ਹੈ।ਖੈਰ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਵੇਖਦੇ ਹੋਏ ਕਿਸਾਨਾਂ ਨੇ ਰੇਲਾਂ ਚਲਾਉਣ ਲਈ ਹਾਮੀ ਭਰ ਦਿੱਤੀ ਪਰ ਸਰਕਾਰ ਨੇ ਮਾਲ ਗੱਡੀਆਂ ਦੇ ਨਾਲ ਸਵਾਰੀ ਗੱਡੀਆਂ ਦੀ ਸ਼ਰਤ ਵੀ ਰੱਖ ਦਿੱਤੀ। ਕਿਸਾਨਾਂ ਨੇ ਬਹੁਤ ਸੋਚ ਵਿਚਾਰ ਤੋਂ ਬਾਅਦ ਇਹ ਗੱਲ ਵੀ ਮੰਨ ਲਈ।ਗੱਡੀਆਂ ਚੱਲ ਪਈਆਂ ਪਰ ਸਰਕਾਰ ਆਪਣੀ ਗੱਲ ਤੋਂ ਟੱਸ ਤੋਂ ਮੱਸ ਨਹੀਂ ਹੋਈ। ਕਿਸਾਨਾਂ ਨੇ ਬਹੁਤ ਪਹਿਲਾਂ ਛੱਬੀ ਸਤਾਈ ਨਵੰਬਰ ਨੂੰ ਦਿੱਲੀ ਚਲੋ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ।ਸਰਕਾਰ ਨੇ ਇਕ ਦੋ ਮੀਟਿੰਗਾਂ ਕੀਤੀਆਂ ਕਿਸਾਨਾਂ ਨਾਲ ਜਿਸ ਵਿੱਚ ਉਨ੍ਹਾਂ ਨੇ ਕਿਸਾਨਾਂ ਨੂੰ ਪਾਠ ਪੜਾਉਣਾ ਸ਼ੁਰੂ  ਕਰ ਦਿੱਤਾ।ਖੈਰ ਜਥੇਬੰਦੀਆਂ ਨਾਲ ਹਰਿਆਣਾ ਦੀਆਂ ਜਥੇਬੰਦੀਆਂ ਜੁੜ ਚੁੱਕੀਆਂ ਸਨ।ਦੂਸਰੇ ਰਾਜਾਂ ਨਾਲ ਵੀ ਗੱਲ ਬਾਤ ਹੋ ਰਹੀ ਸੀ।ਅਸਲ ਵਿੱਚ ਹਰ ਵਰਗ ਅਤੇ ਹਰ ਸ਼੍ਰੇਣੀ ਬੇਹੱਦ ਤੰਗ ਅਤੇ ਪ੍ਰੇਸ਼ਾਨ ਹੈ।ਲੋਕਾਂ ਨੂੰ ਆਪਣੇ ਘਰ ਚਲਾਉਣਾ ਔਖੇ ਹੋ ਚੁੱਕੇ ਹਨ ਪਰ ਕੋਈ ਵੀ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਖੈਰ ਕਿਸਾਨਾਂ ਨੇ ਦਿੱਲੀ ਨੂੰ ਮਿਥੇ ਪ੍ਰੋਗਰਾਮ ਅਨੁਸਾਰ ਚਾਲੇ ਪਾ ਦਿੱਤੇ।ਹਰਿਆਣਾ ਵਾਲੇ ਦਿੱਲੀ ਨੂੰ ਤੁਰ ਪਏ ਅਤੇ ਪੰਜਾਬ ਵਾਲਿਆਂ ਨੂੰ ਹਰਿਆਣੇ ਦੇ ਹਰ ਬਾਰਡਰ ਤੇ ਵੱਡੀਆਂ ਵੱਡੀਆਂ ਰੋਕਾਂ ਲਗਾਕੇ ਅਤੇ ਪੁਲਿਸ ਲਗਾਕੇ ਰੋਕਣਾ ਸ਼ੁਰੂ ਕਰ ਦਿੱਤਾ। ਹਰਿਆਣਾ ਸਰਕਾਰ ਦਾ ਰਵੱਈਆ ਇਹ ਸੀ ਜਿਵੇਂ ਜਰਨੈਲੀ ਸੜਕ ਉਨ੍ਹਾਂ ਦੀ ਨਿੱਜੀ ਜਾਇਦਾਦ ਹੋਵੇ।ਖੈਰ ਸਦਕੇ ਜਾਈਏ ਕਿਸਾਨਾਂ ਦੇ ਜਿੰਨਾ ਨੇ ਆਪਣੇ ਜੋਸ਼ ਦੇ ਨਾਲ ਹੋਸ਼ ਦਾ ਵੀ ਸਬੂਤ ਦੇ ਦਿੱਤਾ। ਸੰਭਾਲ ਬੈਰੀਅਰ ਦੀਆਂ ਰੋਕਾਂ ਨੂੰ ਇਵੇਂ ਸੜਕ ਤੋਂ ਹਟਾਇਆ ਜਿਵੇਂ ਉਹ ਖਿਡੌਣੇ ਹੋਣ।ਭਾਰੀ ਟਰੱਕ ਧੱਕੇ ਲਗਾ ਲਗਾਕੇ ਪਾਸੇ ਕਰ ਦਿੱਤੇ।ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੇਖ ਰਹੇ ਸੀ ਤਾਂ ਫਖਰ ਹੋ ਰਿਹਾ ਸੀ ਅਤੇ ਜਦੋਂ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਰਹੇ ਸੀ ਤਾਂ ਅੱਖਾਂ ਭਰ ਆਉਂਦੀਆਂ।ਸੱਚੀਂ ਏਹ ਸ਼ੇਰ ਪੁੱਤ ਹਨ।ਕਿਧਰੇ ਕਿਸੇ ਨਾਲ ਧੱਕਾ ਮੁੱਕੀ ਨਹੀਂ। ਆਪਣੇ ਸੁਭਾਅ ਦੇ ਉਲਟ ਜਿਵੇਂ ਸਹਿਣਸ਼ੀਲਤਾ ਵਿਖਾਈ ਇਹ ਵੀ ਆਪਣੇ ਆਪ ਵਿੱਚ ਮਿਸਾਲ ਸੀ।ਹਾਂ,ਟੀਚਾ ਦਿੱਲੀ ਪਹੁੰਚਣਾ  ਸੀ ਹਰਿਆਣਾ ਸਰਕਾਰ ਦੀਆਂ ਲਾਈਆਂ ਥਾਂ ਥਾਂ ਰੋਕਾਂ ਤੋੜਦੇ ਅਤੇ ਪਰੇ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਦੇ ਸ਼ੇਰ ਦਿੱਲੀ ਦੇ ਬੂਹੇ ਤੇ ਜਾ ਬੈਠੇ।

ਜਿਵੇਂ ਦੀਆਂ ਰੋਕਾਂ ਲਗਾਈਆਂ ਗਈਆਂ ਉਹ ਵੇਖਕੇ ਉਨ੍ਹਾਂ ਲੋਕਾਂ ਦੀ ਲਿਆਕਤ ਅਤੇ ਸਮਝਦਾਰੀ ਵੀ ਸਾਹਮਣੇ ਆ ਗਈ ਜਿੰਨਾ ਨੇ ਇਹ ਸੁਝਾਅ ਦਿੱਤੇ। ਸੜਕਾਂ ਤੇ ਮਿੱਟੀ ਦੇ ਢੇਰ ਲਗਾਕੇ ਕਿਸਾਨਾਂ ਨੂੰ ਰੋਕਣਾ ਚਾਹਿਆ।ਜਿੰਨਾ ਨੇ ਪਹਾੜਾਂ ਵਰਗੇ ਟਿੱਬਿਆਂ ਨੂੰ ਪੱਧਰਾ ਕਰਕੇ ਖੇਤੀ ਯੋਗ ਜ਼ਮੀਨ ਬਣਾ ਲਈ,ਉਨ੍ਹਾਂ ਨੂੰ ਤੁਹਾਡੇ ਤਿੰਨ ਚਾਰ ਟਿੱਪਰ ਰੋਕ ਲੈਣਗੇ,ਤਰਸ ਆਇਆ ਅਜਿਹੇ ਅਧਿਕਾਰੀਆਂ ਅਤੇ ਅਫਸਰਾਂ ਤੇ।ਕਿਸਾਨਾਂ ਨੇ ਹੱਥਾਂ ਨਾਲ ਹੀ ਮਿੱਟੀ ਹਟਾਉਣ ਸ਼ੁਰੂ ਕਰ ਦਿੱਤੀ।ਦਿਲ ਭਰ ਆਇਆ ਉਨ੍ਹਾਂ ਦਾ ਜਜ਼ਬਾ ਵੇਖਕੇ।ਸੱਚ ਹੈ ਕਿ ਅਸੀਂ ਜਿੰਨਾ ਦੇ ਵਾਰਿਸ ਹਾਂ ਉਨ੍ਹਾਂ ਦਾ ਹੱਥ ਹਮੇਸ਼ਾਂ ਸਾਡੇ ਸਿਰ ਤੇ ਰਹਿੰਦਾ ਹੈ।ਜਿੰਨਾ ਨੂੰ ਪੰਜਾਬੀਆਂ ਦਾ ਇਤਿਹਾਸ ਪਤਾ ਨਹੀਂ ਸੀ ਜਾਂ ਸ਼ੱਕ ਸੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਪਤਾ ਲੱਗ ਗਿਆ।ਜਿਹੜੀ ਕੌਮ ਹਰ ਕਿਸੇ ਦੇ ਅਤੇ ਕਿਧਰੇ ਵੀ ਮੁਸੀਬਤ ਆਵੇ ਲੰਗਰ ਲਗਾ ਦਿੰਦੀ ਹੈ,ਇਥੇ ਵੀ ਉਹ ਹੀ ਜਜ਼ਬਾ ਵੇਖਣ ਨੂੰ ਮਿਲਿਆ।ਜਿੰਨਾ ਪੁਲਿਸ ਵਾਲਿਆਂ ਨੇ ਉਨ੍ਹਾਂ ਦੇ ਰਾਹ ਰੋਕੇ,ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਪਾਣੀ ਦੀਆਂ ਬੁਛਾਰਾਂ ਮਾਰੀਆਂ ਉਨ੍ਹਾਂ ਨੂੰ ਵੀ ਲੰਗਰ ਖਵਾ ਰਹੇ ਸੀ।ਇਹ ਜਿਗਰਾ ਹੈ ਕਿਸਾਨਾਂ ਦਾ।ਆਪਣੇ ਨਾਲ ਛੇ ਛੇ ਮਹੀਨਿਆਂ ਦਾ ਰਾਸ਼ਨ ਲੈਕੇ ਗਏ ਨੇ।ਸਰਦੀਆਂ ਦਾ ਮੌਸਮ ਹੈ ਪਰ ਆਪਣੀਆਂ ਟਰਾਲੀਆਂ ਨੂੰ ਹੀ ਆਪਣਾ ਘਰ ਬਣਾਕੇ ਤੁਰ ਪਏ।ਪੰਜਾਬ ਨੇ ਗੱਲ ਤੋਰੀ ਤਾਂ ਇਹ ਸਾਰੇ ਦੇਸ਼ ਵਿੱਚ ਤੁਰ ਪਈ।ਕਰਦੇ ਕਰਦੇ ਹਰ ਵਰਗ,ਹਰ ਸ਼੍ਰੇਣੀ ਅਤੇ ਹਰ ਉਮਰ ਦਾ ਬੰਦਾ ਕਿਸਾਨਾਂ ਨਾਲ ਆ ਖੜ੍ਹਾ ਹੋਇਆ।ਕਿਸਾਨਾਂ ਦੀ ਹਾਲਤ ਦਿਨੋਂ ਦਿਨ ਆਰਥਿਕ ਤੌਰ ਤੇ ਪੂਰੇ ਦੇਸ਼ ਵਿੱਚ ਖਰਾਬ ਹੋ ਰਹੀ ਹੈ।ਖੁਦਕੁਸ਼ੀਆਂ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ ਪਰ ਕੋਈ ਸੁਣਦਾ ਸਮਝਦਾ ਹੀ ਨਹੀਂ। ਕਿਸਾਨਾਂ ਤੋਂ ਬੇਹੱਦ ਘੱਟ ਕੀਮਤ ਤੇ ਖਰੀਦ ਕੇ ਮਹਿੰਗੇ ਭਾਅ ਤੇ ਲੋਕਾਂ ਨੂੰ ਵੇਚਿਆ ਜਾਂਦਾ ਹੈ।ਕਿਸਾਨ ਆਪਣੀ ਥਾਂ ਤੇ ਰੋਂਦਾ ਹੈ ਅਤੇ ਖਰੀਦ ਕੇ ਖਾਣ ਵਾਲਾ ਆਪਣੀ ਥਾਂ ਤੇ ਰੋਂਦਾ ਹੈ ਪਰ ਸਰਕਾਰਾਂ ਬੈਠਕੇ ਲੋਕਾਂ ਦਾ ਤਮਾਸ਼ਾ ਵੇਖਦੀਆਂ ਹਨ।

ਕਿਸਾਨਾਂ ਦੇ ਨਾਲ ਮਜ਼ਦੂਰ,ਚਾਹੇ ਉਹ ਮੰਡੀਆਂ ਵਿੱਚ ਕੰਮ ਕਰਦੇ ਹਨ ਜਾਂ ਖੇਤਾਂ ਵਿੱਚ,ਉਹ ਵੀ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹਨ।ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਦੇ ਨਾਲ ਨਾਲ ਸਾਰਿਆਂ ਨੂੰ ਜਗਾ ਦਿੱਤਾ ਹੈ।ਇਸ ਵੇਲੇ ਯੂ ਪੀ ਦੇ,ਉਤਰਾਖੰਡ ਦੇ,ਮੱਧ ਪ੍ਰਦੇਸ਼ ਅਤੇ ਰਾਜਿਸਥਾਨ ਦੇ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਦੇ ਬੂਹਿਆਂ ਤੇ ਬੈਠੇ ਹੋਏ ਹਨ ਅਤੇ ਇੰਨਾ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ਨੂੰ ਕਹਿ ਰਹੇ ਹਨ।ਪਰ ਸਰਕਾਰ ਜਿੰਨਾ ਦੇ ਢਿੱਡ ਦੁੱਖ ਦਾ ਹੈ ਉਨ੍ਹਾਂ ਨੂੰ ਸਿਰ ਦਰਦ ਦੀ ਦਵਾਈ ਅਖਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਸਿਆਣਪ ਤਾਂ ਉਸ ਵਿੱਚ ਹੁੰਦੀ ਹੈ ਕਿ ਜਿਸ ਨੂੰ ਤਕਲੀਫ਼ ਹੈ ਉਸਨੂੰ ਪਹਿਲਾਂ ਚੰਗੀ ਤਰ੍ਹਾਂ ਸੁਣੋ ਅਤੇ ਫੇਰ ਦਵਾਈਆਂ ਦਿਉ।ਜੇਕਰ ਇਹ ਕਾਨੂੰਨ ਬਣਾਉਣ ਤੋਂ ਪਹਿਲਾ ਕਿਸਾਨਾਂ ਨਾਲ ਸਲਾਹ ਮਸ਼ਵਰਾ ਕੀਤਾ ਹੁੰਦਾ ਤਾਂ ਇਹ ਨੌਬਤ ਆਉਣੀ ਹੀ ਨਹੀਂ ਸੀ।ਜੇਕਰ ਉਦੋਂ ਨਹੀਂ ਇਵੇਂ ਕਰਨ ਵਿੱਚ ਕੁਤਾਹੀ ਹੋ ਗਈ ਤਾਂ ਹੁਣ ਹੀ ਉਨ੍ਹਾਂ ਦੀਆਂ ਗੱਲਾਂ ਮੰਨ ਲਵੋ।

ਬਿਲਕੁੱਲ,ਅੱਜ ਜੈ ਜਵਾਨ ਅਤੇ ਜੈ ਕਿਸਾਨ ਦੋਨਾਂ ਨੂੰ ਸਰਕਾਰ ਨੇ ਸੜਕਾਂ ਤੇ ਲਿਆ ਕੇ ਬਿਠਾ ਦਿੱਤਾ ਹੈ।ਜੇਕਰ ਅੰਨ ਦੀ ਘਾਟ ਹੋਵੇ ਤਾਂ ਵੀ ਬਰਬਾਦੀ ਹੈ ,ਜੇਕਰ ਸੈਨਾ ਕਮਜ਼ੋਰ ਹੋਵੇ ਤਾਂ ਵੀ ਤਬਾਹੀ ਹੈ ਅਤੇ ਜੇਕਰ ਸੈਨਿਕਾਂ ਦਾ ਮਨੋਬਲ ਡਿੱਗ ਜਾਏ ਤਾਂ ਹਾਲਾਤ ਬੇਹੱਦ ਖਰਾਬ ਹੋ ਜਾਂਦੇ ਹਨ ਪਰ ਪਤਾ ਨਹੀਂ ਸਰਕਾਰਾਂ ਵਿੱਚ ਬੈਠਿਆਂ ਨੂੰ ਇਹ ਗੱਲ ਸਮਝ ਕਿਉਂ ਨਹੀਂ ਆ ਰਹੀ।ਸਰਹੱਦਾਂ ਤੇ ਵੀ ਵਧੇਰੇ ਕਰਕੇ ਕਿਸਾਨਾਂ ਦੇ ਹੀ ਪੁੱਤ ਹੁੰਦੇ ਹਨ।ਸਿਆਸਤਦਾਨਾਂ ਦੇ ਪੁੱਤ ਤਾਂ ਸਰਹੱਦਾਂ ਤੇ ਹੋਣ ਕਦੇ ਸੁਣਿਆ ਹੀ ਨਹੀਂ।ਸਿਆਣੇ ਕਹਿੰਦੇ ਨੇ ਕੁੱਬੇ ਦੇ ਲੱਤ ਮਾਰੀ ਵਰ ਆ ਗਈ। ਇੰਨਾ ਬਿਲਾਂ ਨੇ ਲੋਕ ਨੂੰ ਜਗਾ ਦਿੱਤਾ ਅਤੇ ਇਕੱਠੇ ਕਰ ਦਿੱਤਾ। ਹਾਂ,ਜਿਵੇਂ ਲੋਕ ਉੱਠੇ ਹਨ,ਇਹ ਹਰ ਸਿਆਸੀ ਪਾਰਟੀ ਅਤੇ ਸਿਆਸਤਦਾਨਾਂ ਨੂੰ ਬਹੁਤ ਕੁੱਝ ਸਮਝਾਉਣ ਵਿੱਚ ਵੀ ਸਫਲ ਹੋ ਗਏ ਹਨ।ਅਸੀਂ ਹੀ ਸੁੱਤੇ ਹੋਏ ਸੀ।

 ਮੁਸ਼ਕਿਲਾਂ ਵਿੱਚ ਦਿੱਲੀ ਦੇ ਬੂਹਿਆਂ ਤੇ ਬੈਠੇ ਹਨ ਪਰ ਹੌਂਸਲੇ ਬੁਲੰਦ ਨੇ,ਚਿਹਰਿਆਂ ਤੇ ਕੋਈ ਸ਼ਿਕਣ ਨਹੀਂ, ਕੋਈ ਡਰ ਨਹੀਂ।ਬੱਲੇ ਉਏ ਪੰਜਾਬ ਦੇ ਸ਼ੇਰ ਪੁੱਤਰੋ ਨਹੀਂ ਰੋਗਾਂ ਤੁਹਾਡੀਆਂ। ਇਥੇ ਬਾਜਾਂ ਵਾਲੇ ਬਾਪੂ ਦੇ ਪੁੱਤ ਨੇ,ਮਾਈ ਭਾਗੋ ਦੀਆਂ ਵਾਰਿਸ ਵੀ ਹਨ ਅਤੇ ਭਾਈ ਘਨੱਈਆ ਜੀ ਦੇ ਕਦਮਾਂ ਤੇ ਚੱਲਣ ਵਾਲੇ ਵੀ।ਕਿਸਾਨਾਂ ਦਾ ਅੰਦੋਲਨ ਕਿਸਾਨਾਂ ਲਈ ਹੀ ਨਹੀਂ ਹੈ,ਹਰ ਰੋਟੀ ਖਾਣ ਵਾਲੇ ਦਾ ਅੰਦੋਲਨ ਹੈ। 

ਪ੍ਰਭਜੋਤ ਕੌਰ ਢਿੱਲੋਂ (Prabhjot KaurDhillon)

ਮੁਹਾਲੀ ਮੋਬਾਈਲ ਨੰਬਰ 9815030221

Jeeo Punjab Bureau

Leave A Reply

Your email address will not be published.