ਇਹ ਤਾਂ ਸਮਝ ਹੀ ਹੁਣ ਆਇਆ

ਜੀਓ ਪੰਜਾਬ ਬਿਊਰੋ

ਲੇਖਕ- ਪ੍ਰਭਜੋਤ ਕੌਰ ਢਿੱਲੋਂ

ਅਸੀਂ ਸਾਰਿਆਂ ਨੇ ਬਹੁਤ ਵਾਰ ਸੁਣਿਆ ਅਤੇ ਕਿਹਾ ਵੀ ਹੋਏਗਾ, “ਤੂੰ ਤਾਂ ਰਾਸ਼ਨ ਪਾਣੀ ਲੈਕੇ ਮੇਰੇ ਤੇ ਚੜ੍ਹ ਗਿਆਂ, ਇਹ ਅਕਸਰ ਉਦੋਂ ਕਹਿੰਦੇ ਹਾਂ ਜਦੋਂ ਸਾਹਮਣੇ ਵਾਲਾ ਪੂਰੇ ਗੁੱਸੇ ਵਿੱਚ ਹੋਵੇ ਅਤੇ ਉਸਦੀ ਚੜ੍ਹਾਈ ਹੋਵੇ। ਪਰ ਹਕੀਕਤ ਕਿਸਾਨਾਂ ਦੇ ਅੰਦੋਲਨ ਨੇ ਚੰਗੀ ਤਰ੍ਹਾਂ ਸਮਝਾ ਦਿੱਤੀ ਕਿਸਾਨਾਂ ਨੇ ਪੰਜਾਬ ਤੋਂ ਅੰਦੋਲਨ ਸ਼ੁਰੂ ਕੀਤਾ। ਹਰਿਆਣਾ ਨੇ ਮੋਢੇ ਨਾਲ ਮੋਢਾ ਲਗਾਕੇ ਸਾਥ ਦਿੱਤਾ। ਪਰ ਦਿੱਲੀ ਵੱਲ ਨੂੰ ਤੁਰੇ ਤਾਂ ਟਰਾਲੀਆਂ ਵਿੱਚ ਛੇ ਕੁ ਮਹੀਨੇ ਦਾ ਰਾਸ਼ਨ,ਪਾਣੀ ਦੇ ਟੈਂਕਰ ਅਤੇ ਹੋਰ ਸਮਾਨ ਭਰ ਲਿਆ। ਠੀਕ ਹੈ,ਜਿੱਥੇ ਵੀ ਬੈਠਾਂਗੇ,ਦਾਲ ਰੋਟੀ ਬਣਾਵਾਂਗੇ ਅਤੇ ਖਾਵਾਂਗੇ ਅਤੇ ਪੂਰੀ ਤਾਕਤ ਨਾਲ ਸਾਹਮਣਾ ਕਰਾਂਗੇ।ਪੇਟ ਨਾ ਪਈਆਂ ਰੋਟੀਆਂ,ਸਭੇ ਗੱਲਾਂ ਛੋਟੀਆਂ,ਜਦੋਂ ਮੱਥਾ ਲਗਾ ਲਿਆ ਤਾਂ ਇਕ ਗੱਲੋਂ ਤਾਂ ਬੇਫਿਕਰੀ ਹੋਵੇ ਕਿ ਰੋਟੀ ਦਾ ਪ੍ਰਬੰਧ ਕਰਨਾ ਹੈ।

ਇਸ ਵਕਤ ਲੰਗਰ ਦਾ ਕੋਈ ਫਿਕਰ ਨਹੀਂ, ਕੋਈ ਪ੍ਰਵਾਹ ਨਹੀਂ,ਹਜ਼ਾਰਾਂ ਲੋਕ ਖਾ ਗਏ ਜਾਂ ਲੱਖਾਂ ਖਾ ਗਏ।ਸਰਕਾਰ ਨੂੰ ਵੀ ਪਤਾ ਤਾਂ ਹੈ ਕਿ ਇਹ ਰੋਟੀ ਪੱਖੋਂ ਮਜ਼ਬੂਤ ਹਨ।ਮੈਂ ਇਕ ਦਿਨ ਅੰਦੋਲਨ ਵਿੱਚੋਂ  ਪਾਈ ਵੀਡੀਓ ਵੇਖ ਰਹੀ ਸੀ।ਸਰਦਾਰ ਸਾਹਿਬ ਹੱਥ ਤੇ ਰੋਟੀ ਫੜ ਖਾ ਰਹੇ ਸੀ ਅਤੇ ਕਹਿ ਰਹੇ ਸੀ,ਪਰਛਾਦੇ ਬਣ ਰਹੇ ਨੇ,ਦਹੀਂ ਮੱਖਣ,ਦੁੱਧ ਘਿਉ ਬਥੇਰਾ ਹੈ,ਖੁੱਲੇ ਖਾਣ ਨੂੰ ਹੈ,ਛੇ ਮਹੀਨੇ ਬੈਠਣਾ ਪਵੇ ਸਾਲ ਬੈਠਣਾ ਪਵੇ ਕੋਈ ਪ੍ਰਵਾਹ ਨਹੀਂ।ਸਵੇਰੇ ਚਾਰ ਚਾਰ ਪਰੌਂਠੇ ਖਾ ਲਈਦਾ ਨੇ ਅਤੇ ਫੇਰ ਜੈਕਾਰੇ ਲਗਾਉਂਦੇ ਹਾਂ।ਇਸ ਅੰਦੋਲਨ ਵਿੱਚ ਤਾਂ ਹਰ ਤਰ੍ਹਾਂ ਦੇ ਲੰਗਰ ਹਨ।ਜਦੋਂ ਲੰਗਰ ਦੀ ਘਾਟ ਨਾ ਹੋਵੇ ਤਾਂ ਹੌਂਸਲੇ ਵੀ ਬੁਲੰਦ ਰਹਿੰਦੇ ਨੇ।ਬਿਲਕੁੱਲ ਰਾਸ਼ਨ ਪਾਣੀ ਲੈਕੇ ਹੀ ਚੜ੍ਹ ਹੋਏ ਨੇ। ਪਿੱਛੇ ਨੂੰ ਭੱਜਣ ਦੀ ਕਾਹਲ ਨਹੀਂ, ਕਿਸੇ ਤੋਂ ਕੁੱਝ ਮੰਗਣਾ ਨਹੀਂ। ਕਿਧਰੇ ਬਦਾਮਾਂ ਦੇ ਲੰਗਰ ਹਨ ਅਤੇ ਕਿਧਰੇ ਪਿੰਨੀਆਂ ਦੇ,ਕਿਧਰੇ ਬਦਾਮਾਂ ਵਾਲਾ ਦੁੱਧ ਹੈ ਅਤੇ ਕਿਧਰੇ ਪੀਂਦਾ,ਕਿਧਰੇ ਵੰਨ ਸਵੰਨੀਆਂ ਸਬਜ਼ੀਆਂ ਲੰਗਰ ਵਿੱਚ ਹਨ ਅਤੇ ਕਿਧਰੇ ਦੇਸੀ ਘਿਉ ਦੀਆਂ ਜਲੇਬੀਆਂ। ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਤਾਂ ਰਾਸ਼ਨ ਪਾਣੀ ਲੈਕੇ ਚੜ੍ਹ ਹੋਏ ਹਨ,ਗੱਲ ਮੰਨਣ ਵਿੱਚ ਹੀ ਭਲਾਈ ਹੈ।ਮਾੜੇ ਅਤੇ ਭੁੱਖੇ ਨੂੰ ਤਾਂ ਦਬਾਇਆ ਜਾ ਸਕਦਾ ਹੈ,ਇੰਨਾ ਨੂੰ ਦਬਾਉਣਾ ਅਤੇ ਡਰਾਉਣਾ ਸੌਖਾ ਨਹੀਂ ਹੈ।ਜਿਹੜੇ ਆਪ ਸਰਕਾਰ ਨਾਲ ਲੜਾਈ ਲੜਨ ਲਈ ਚਾਰ ਪੰਜ ਸੌ ਕਿਲੋਮੀਟਰ ਘਰਾਂ ਤੋਂ ਦੂਰ ਬੈਠੇ ਹਨ ਪਰ ਇੱਥੇ ਵੀ ਹਰ ਕਿਸੇ ਨੂੰ ਲੰਗਰ ਛਕਾ ਰਹੇ ਹਨ।

ਰਾਸ਼ਨ ਪਾਣੀ ਲੈਕੇ ਚੜ੍ਹ ਹੋਏ ਹਨ,ਤਾਂ ਆਪਣੇ ਦੁੱਖ ਨੂੰ ਵੀ ਹੱਸਕੇ ਜਰ ਰਹੇ ਹਨ।ਸਿੰਘ ਹਨ ਤੇ ਸ਼ੇਰਾਂ ਵਾਂਗ ਹੀ ਰਹਿੰਦੇ ਹਨ।ਰਾਸ਼ਨ ਪਾਣੀ ਤਾਂ ਲੱਖਾਂ ਦੀਆਂ ਗੱਡੀਆਂ ਪਿੱਛੇ ਟਰਾਲੀਆਂ ਪਾਕੇ ਸਿੰਘਾਂ ਬਾਰਡਰ ਅਤੇ ਟਿੱਕਰੀ ਬਾਰਡਰ ਤੇ ਪਹੁੰਚਾ ਰਹੇ ਹਨ।ਇਹ ਵੀ ਕੁੱਝ ਲੋਕਾਂ ਲਈ ਮਾਨਸਿਕ ਦਬਾਅ ਪਾਉਂਦਾ ਹੈ ਅਤੇ ਪ੍ਰੇਸ਼ਾਨ ਦਾ ਕਾਰਨ ਵੀ ਹੈ।ਸਰਕਾਰ ਨੇ ਸੋਚਿਆ ਸੀ ਕਿ ਕੁੱਝ ਦਿਨ ਬੈਠਣਗੇ,ਰੋਟੀ ਪਾਣੀ ਦੀ ਤੋਟ ਆ ਜਾਏਗੀ ਤਾਂ ਚਲੇ ਜਾਣਗੇ ਪਰ ਉਨ੍ਹਾਂ ਨੇ ਪਾਣੀ ਦਾ ਬੋਰ ਲਗਾ ਲਿਆ।ਹਰਿਆਣਾ ਦੇ ਲੋਕ ਰਾਸ਼ਨ ਦੀ ਕੋਈ ਕਮੀ ਨਹੀਂ ਆਉਣ ਦਿੰਦੇ।ਦਿੱਲੀ ਦੇ ਲੋਕਾਂ ਨੇ ਦਿਲ ਖੋਲਕੇ ਮਦਦ ਕੀਤੀ। ਵਿਦੇਸ਼ਾਂ ਵਿੱਚ ਬੈਠੇ ਕਿਸਾਨਾਂ ਦੇ ਬੱਚਿਆਂ ਨੇ,ਭੈਣ ਭਰਾਵਾਂ ਨੇ ਮਾਲੀ ਮਦਦ ਦਿੱਲ ਖੋਲਕੇ ਕਰਨੀ ਸ਼ੁਰੂ ਕਰ ਦਿੱਤੀ। ਇਹ ਬਾਬੇ ਦਾ ਲੰਗਰ ਹੈ,ਜਿਸ ਵਿੱਚ ਕਿਥੋਂ ਅਤੇ ਕਿਵੇਂ ਸੇਵਾ ਆਉਂਦੀ ਹੈ ਕਿਸੇ ਨੂੰ ਸਮਝ ਨਹੀਂ ਆ ਸਕਦੀ।ਅੰਦੋਲਨ ਵਿੱਚ ਕਿਸੇ ਨੇ ਲੰਗਰ ਬਾਰੇ ਪੁੱਛਿਆ ਤਾਂ ਜਵਾਬ ਦੇਣ ਵਾਲੇ ਨੇ ਕਮਾਲ ਕਰ ਦਿੱਤੀ,ਕਹਿੰਦਾ ਪਿੱਛਲੇ ਸਾਢੇ ਪੰਜ ਸੌ ਸਾਲ ਤੋਂ ਬਾਬੇ ਨਾਨਕ ਦਾ ਵੀਹ ਰੁਪਏ ਦਾ ਲੰਗਰ ਚੱਲ ਰਿਹਾ ਹੈ ਅਤੇ ਇਵੇਂ ਹੀ ਚੱਲਦਾ ਰਹੇਗਾ। ਇਹ ਤਾਂ ਰਾਸ਼ਨ ਪਾਣੀ ਲੈਕੇ ਚੜ੍ਹੇ ਹੋਏ ਨੇ,ਦਿੱਲੀ ਸਰਕਾਰ ਨੂੰ ਇਸ ਅੰਦੋਲਨ ਅਤੇ ਅੰਦੋਲਨ ਦੀ ਤਾਸੀਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਹ ਢਿੱਡੋਂ  ਭੁੱਖੇ ਉਥੇ ਨਹੀਂ ਬੈਠੇ, ਇੰਨਾ ਕੋਲ ਖਾਣ ਪੀਣ ਦੀ ਕੋਈ ਘਾਟ ਨਹੀਂ।ਔਖੇ ਹਨ ਪਰ ਭੱਜਣ ਵਾਲੇ ਨਹੀਂ। ਸਮਝੋ,ਸਮਝੋ,ਇਹ ਰਾਸ਼ਨ ਪਾਣੀ ਲੈਕੇ ਦਿੱਲੀ ਸਰਕਾਰ ਤੇ ਚੜ੍ਹੇ ਹੋਏ ਹਨ।ਸੱਚੀਂ, ਇਸ ਅੰਦੋਲਨ ਨੇ ਰਾਸ਼ਨ ਪਾਣੀ ਹੋਣ ਅਤੇ ਰਾਸ਼ਨ ਪਾਣੀ ਲੈਕੇ ਚੜ੍ਹਨ ਦੇ ਮਾਇਨੇ ਸਮਝਾ ਦਿੱਤੇ।

ਪ੍ਰਭਜੋਤ ਕੌਰ ਢਿੱਲੋਂ (Prabhjot Kaur Dhillon) ਮੁਹਾਲੀ ਮੋਬਾਇਲ ਨੰਬਰ 9815030221 

Jeeo Punjab Bureau

Leave A Reply

Your email address will not be published.