700 ਤੋਂ ਵੱਧ ਪਿੰਡਾਂ ‘ਚੋਂ ਕਿਸਾਨਾਂ, ਮਜਦੂਰਾਂ, ਔਰਤਾਂ ਅਤੇ ਨੌਜਵਾਨਾਂ ਦੇ ਕਾਫਲੇ ਦਿੱਲੀ ਵੱਲ ਵਹੀਰਾਂ ਘੱਤ ਤੁਰੇ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 26 ਫਰਵਰੀ

ਸੰਯੁਕਤ ਕਿਸਾਨ ਮੋਰਚੇ ਦੇ ਮੁਲਕ ਪੱਧਰੇ ਸੱਦੇ ‘ਤੇ 27 ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਟਿੱਕਰੀ ਬਾਰਡਰ ਦਿੱਲੀ ਵਿਖੇ ਬੇਗਮਪੁਰਾ ਸਮਾਜ ਦੇ ਮੁਦੱਈ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਅਤੇ ਦੇਸ਼ ਦੀ ਆਜ਼ਾਦੀ ਲਹਿਰ ਵਿੱਚ ਅੰਗਰੇਜ਼ ਸਾਮਰਾਜ ਖਿਲਾਫ਼ ਜੂਝਕੇ ਜਾਨ ਵਾਰਨ ਵਾਲੇ ਇਨਕਲਾਬੀ ਜੁਝਾਰੂ ਚੰਦਰ ਸ਼ੇਖਰ ਆਜ਼ਾਦ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਅੱਜ 15 ਜਿਲ੍ਹਿਆਂ ਦੇ 700 ਤੋਂ ਵੱਧ ਪਿੰਡਾਂ ‘ਚੋਂ  ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਤੇ ਔਰਤਾਂ ਦੇ ਕਾਫ਼ਲੇ ਸੈਂਕੜੇ ਬੱਸਾਂ ਤੇ ਹੋਰ ਵਹੀਕਲਾਂ ਰਾਹੀਂ ਦਿੱਲੀ ਵੱਲ ਵਹੀਰਾਂ ਘੱਤ ਤੁਰੇ।

ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਮੋਰਚੇ ਤੋਂ ਇਲਾਵਾ ਪੰਜਾਬ ‘ਚ 42 ਥਾਵਾਂ ਉੱਤੇ ਚੱਲਦੇ ਪੱਕੇ ਮੋਰਚਿਆਂ ਵਿੱਚ ਵੀ ਇਹ ਦਿਹਾੜਾ ਭਗਤ ਰਵਿਦਾਸ ਤੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਸਮਰਪਿਤ ਕੀਤਾ ਜਾਵੇਗਾ।ਉਹਨਾਂ ਦੱਸਿਆ ਕਿ 27 ਫਰਵਰੀ ਦੇ ਇਸ ਦਿਹਾੜੇ ਲਈ ਕਿਸਾਨਾਂ ਮਜ਼ਦੂਰਾਂ ਔਰਤਾਂ ਨੌਜਵਾਨਾਂ ਵੱਲੋਂ ਮਿਲ ਰਿਹਾ ਜੋਸ਼ੀਲਾ ਹੁੰਗਾਰਾ ਕਾਲੇ ਖੇਤੀ ਕਾਨੂੰਨ ਧੱਕੇ ਨਾਲ਼ ਮੜ੍ਹਨ ਰਾਹੀਂ ਮੋਦੀ ਭਾਜਪਾ ਹਕੂਮਤ ਦੀ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨਾਲ ਗੂੜ੍ਹੀ ਵਫ਼ਾਦਾਰੀ ਅਤੇ ਕਿਸਾਨਾਂ ਪ੍ਰਤੀ ਦੁਸ਼ਮਣੀ ਵਾਲੇ ਰਵੱਈਏ ਵਿਰੁੱਧ ਦਿਨੋਂ ਦਿਨ ਪ੍ਰਚੰਡ ਹੋ ਰਹੇ ਰੋਹ ਦਾ ਪ੍ਰਗਟਾਵਾ ਹੋ ਨਿੱਬੜਿਆ। ਪਹਿਲਾਂ ਵੀ ਦਿੱਲੀ ਪੁਲਿਸ ਦੇ ਜਰਕਾਊ ਨੋਟਿਸਾਂ ਨੂੰ ਟਿੱਚ ਜਾਣਦਿਆਂ ਛੋਟੇ ਵੱਡੇ ਕਾਫ਼ਲੇ ਰੋਜ਼ਾਨਾ ਹੀ ਜਾ ਰਹੇ ਹਨ। ਅੱਜ ਦਿੱਲੀ ਸਮੇਤ ਪੰਜਾਬ ਦੇ ਸਾਰੇ ਧਰਨਿਆਂ ਵਿੱਚ ਦੇਸ਼ ਦੇ ਕ੍ਰੋੜਾਂ ਛੋਟੇ ਕਾਰੋਬਾਰੀਆਂ ਅਤੇ ਟ੍ਰਾਂਸਪੋਰਟਰਾਂ ਵੱਲੋਂ ਪੈਟ੍ਰੋਲ ਡੀਜ਼ਲ ਸਮੇਤ ਸਭ ਹੱਦਾਂ ਬੰਨੇ ਟੱਪ ਗਈ ਮਹਿੰਗਾਈ ਵਿਰੁੱਧ ਕੀਤੇ ਗਏ ਭਾਰਤ ਬੰਦ ਦੀ ਹਮਾਇਤ ਵਿੱਚ ਮਤੇ ਪਾਸ ਕੀਤੇ ਗਏ। ਬੁਲਾਰਿਆਂ ਵੱਲੋਂ ਤਿੰਨੇ ਕਾਲੇ ਖੇਤੀ ਕਾਨੂੰਨਾਂ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕਰਨ,ਪੂਰੇ ਮੁਲਕ ਚ ਘੱਟੋ-ਘੱਟ ਖਰੀਦ ਮੁੱਲ ‘ਤੇ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਕਾਨੂੰਨੀ ਗਾਰੰਟੀ ਕਰਨ, ਸਰਵਜਨਿਕ ਜਨਤਕ ਵੰਡ ਪ੍ਰਣਾਲੀ ਪੂਰੇ ਮੁਲਕ ‘ਚ ਲਾਗੂ ਕਰਨ; ਝੂਠੇ ਦੇਸ਼ਧ੍ਰੋਹੀ ਦੇ ਕੇਸ ਮੜ੍ਹ ਕੇ ਜੇਲ੍ਹੀਂ ਡੱਕੇ ਸਾਰੇ ਬੇਦੋਸ਼ੇ ਕਿਸਾਨਾਂ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਤੇ ਉਨ੍ਹਾਂ ਦੇ ਟ੍ਰੈਕਟਰ/ਵਹੀਕਲ ਵਾਪਸ ਕਰਨ; 26 ਜਨਵਰੀ ਮੌਕੇ ਲਾਲ ਕਿਲ੍ਹੇ ਵਿੱਚ ਰਚੀ ਗਈ ਸਰਕਾਰੀ ਸਾਜਿਸ਼ ਦੀ ਪੜਤਾਲ ਕਰਵਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਉਸ ਦਿਨ ਦਿੱਲੀ ਪੁਲਸ ਦੁਆਰਾ ਸ਼ਹੀਦ ਕੀਤੇ ਗਏ ਯੂ ਪੀ ਦੇ ਨਵਰੀਤ ਸਿੰਘ ਸਮੇਤ ਘੋਲ਼ ਦੇ ਸਮੂਹ ਸ਼ਹੀਦਾਂ ਦੇ ਵਾਰਸਾਂ ਨੂੰ ਯੋਗ ਮੁਆਵਜ਼ਾ ਦੇਣ ਅਤੇ ਕਿਸਾਨ ਘੋਲ਼ ਦੀ ਹਿਮਾਇਤ ਬਦਲੇ ਜੇਲ੍ਹੀਂ ਡੱਕੇ ਸਾਰੇ ਬੁੱਧੀਜੀਵੀਆਂ ਨੂੰ ਰਿਹਾਅ ਕਰਨ ਵਰਗੀਆਂ ਭਖਦੀਆਂ ਮੰਗਾਂ ਉੱਤੇ ਜ਼ੋਰ ਦਿੱਤਾ ਗਿਆ। ਪੰਜਾਬ ਵਿਚਲੇ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਨਕ ਸਿੰਘ ਭੁਟਾਲ,ਜਗਤਾਰ ਸਿੰਘ ਕਾਲਾਝਾੜ, ਚਮਕੌਰ ਸਿੰਘ ਨੈਣੇਵਾਲ,ਸਰੋਜ ਕੁਮਾਰੀ ਦਿਆਲਪੁਰਾ, ਹਰਪ੍ਰੀਤ ਕੌਰ ਜੇਠੂਕੇ, ਸੁਖਜੀਤ ਸਿੰਘ ਕੋਠਾਗੁਰੂ ਅਤੇ ਸੁਨੀਲ ਕੁਮਾਰ ਭੋਡੀਪੁਰਾ ਤੋਂ ਇਲਾਵਾ ਸਾਰੇ ਜਿਲ੍ਹਿਆਂ ਦੇ ਪ੍ਰਧਾਨ ਸਕੱਤਰ ਸ਼ਾਮਲ ਸਨ। ਉਹਨਾਂ ਨੇ ਐਲਾਨ ਕੀਤਾ ਕਿ ਸਾਰੇ ਧਰਨਿਆਂ ਨੂੰ ਹੋਰ ਮਜਬੂਤ ਕਰਦੇ ਹੋਏ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਮੌਕੇ  ਜਥੇਬੰਦੀ ਵੱਲੋਂ ਦਿੱਲੀ ਟਿਕਰੀ ਬਾਰਡਰ ਧਰਨੇ ਵਿੱਚ ਔਰਤਾਂ ਦੀ ਜ਼ੋਰਦਾਰ ਸ਼ਮੂਲੀਅਤ ਕਰਵਾਈ ਜਾਵੇਗੀ ਅਤੇ ਪੰਜਾਬ ਦੇ ਧਰਨੇ ਵੀ ਇਸ ਕੌਮਾਂਤਰੀ ਦਿਹਾੜੇ ਨੂੰ ਸਮਰਪਿਤ ਕੀਤੇ ਜਾਣਗੇ।

Jeeo Punjab Bureau

Leave A Reply

Your email address will not be published.