ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਤੀ ਘਾਟੇ ਦੀ ਪੂਰਤੀ ਦੀ ਮੰਗ ਲਈ ਕੈਬਨਿਟ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਨਾ ਦਾ ਐਲਾਨ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 26 ਫਰਵਰੀ

ਅੱਜ ਗਦਰ ਭਵਨ ਸੰਗਰੂਰ ਵਿਖੇ ਤਿੰਨ ਵਿਦਿਆਰਥੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ(ਸ਼ਹੀਦ ਰੰਧਾਵਾ),ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ)ਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਸਾਂਝੇ ਤੌਰ ‘ਤੇ ਮੀਟਿੰਗ ਕਰਕੇ ਤਹਿ ਕੀਤਾ ਕਿ ਪੰਜਾਬ ਸਰਕਾਰ ਦੁਆਰਾ ਪੇਸ ਕੀਤੇ ਜਾ ਰਹੇ ਬਜ਼ਟ ਦੇ ਮੱਦੇਨਜ਼ਰ ਸਰਕਾਰ ਦਾ ਧਿਆਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੰਭੀਰ ਵਿੱਤੀ ਸੰਕਟ ਵੱਲ ਦਿਵਾਉਣ ਅਤੇ ਯੂਨੀਵਰਸਿਟੀ ਦੇ ਕੁੱਲ ਵਿੱਤੀ ਮਾਮਲਿਆਂ ਦੀ ਜੁੰਮੇਵਾਰੀ ਸਰਕਾਰ ਵੱਲੋਂ ਚੁੱਕਣਾ ਯਕੀਨੀ ਬਣਵਾਉਣ ਇਸਦੀ ਲਈ 5 ਮਾਰਚ ਨੂੰ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ।

ਵਿਦਿਆਰਥੀ ਆਗੂਆਂ ਹੁਸ਼ਿਆਰ ਸਿੰਘ ਸਲੇਮਗੜ੍ਹ, ਰਸ਼ਪਿੰਦਰ ਜ਼ਿੰਮੀ ਅਤੇ ਜਸਵਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਮਾਲਵੇ ਖਿੱਤੇ ਦੀ ਸਿਰਮੌਰ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਡੇ ਆਰਥਿਕ ਸੰਕਟ ‘ਚ ਫਸੀ ਹੋਈ ਹੈ ਜਿਸਨੂੰ ਸਰਕਾਰ ਨਿੱਜੀ ਹੱਥਾਂ ਵਿੱਚ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਸਾਰੇ ਖਰਚੇ ਪੂਰੇ ਕਰਨ ਲਈ ਵਿਦਿਆਰਥੀਆਂ ਤੇ ਲਗਾਤਾਰ ਫੀਸਾਂ ਫੰਡਾਂ ਦਾ ਬੋਝ ਪਾਇਆ ਜਾ ਰਿਹਾ ਹੈ, ਕੋਈ ਵੀ ਭਰਤੀ ਰੈਗੂਲਰ ਆਧਾਰ ‘ਤੇ ਨਹੀਂ ਕੀਤੀ ਜਾ ਰਹੀ ਹੈ, ਵਿਦਿਅਕ ਸੰਸਥਾਵਾਂ ਦੀ ਹਾਲਤ ਦਿਨੋਂ-ਦਿਨ ਬਦਤਰ ਹੋ ਰਹੀ ਹੈ, ਦਲਿਤ ਵਿਦਿਆਰਥੀਆਂ ਤੋਂ ਸਿੱਖਿਆ ਦਾ ਹੱਕ ਖੋਹਿਆ ਜਾ ਰਿਹਾ ਹੈ, ਵਿਦਿਆਰਥੀ ਭਲਾਈ ਦੀਆਂ ਸਕੀਮਾਂ ਬੰਦ ਕੀਤੀਆਂ ਜਾ ਰਹੀਆਂ ਹਨ।

ਆਗੂਆਂ ਨੇ ਦੱਸਿਆ ਕਿ ਕੱਲ ਹੋਈ ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੀਟਿੰਗ ‘ਚ ਫ਼ੀਸ ਵਿਚ ਪ੍ਰਸਤਾਵਿਤ 10 ਫੀਸਦੀ ਵਾਧਾ ਸਰਕਾਰ ਦੁਆਰਾ ਅੱਗੇ ਵਧਾਈ ਜਾ ਰਹੀ ਨਿੱਜੀਕਰਨ ਦੀ ਨੀਤੀ ‘ਤੇ ਹੀ ਮੋਹਰ ਲਾਉਂਦਾ ਹੈ। ਕਾਲਜਾਂ ਨੂੰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦਾ ਕੋਈ ਧੇਲਾ ਜਾਰੀ ਨਹੀਂ ਕੀਤਾ ਜਾ ਰਿਹਾ ਤੇ ਕੇਂਦਰ-ਪੰਜਾਬ ਦੇ ਆਪਸੀ ਰੌਲੇ ‘ਚ ਵਿਦਿਆਰਥੀਆਂ ਤੋਂ ਸਿੱਖਿਆ ਦਾ ਹੱਕ ਖੋਹਿਆ ਜਾ ਰਿਹਾ ਹੈ।

ਵਿਦਿਆਰਥੀਆਂ ਜੱਥੇਬੰਦੀਆਂ ਵੱਲੋਂ ਮੀਟਿੰਗ ‘ਚ ਸਿੰਡੀਕੇਟ ਦੀ ਮੀਟਿੰਗ ‘ਚ 10 ਫੀਸਦੀ ਫੀਸਾਂ ਦੇ ਵਾਧੇ ਦੀ ਨਿਖੇਧੀ ਕਰਦੇ ਹੋਏ ਐਲਾਨ ਕੀਤਾ ਗਿਆ ਕਿ ਕਾਲਜਾਂ ‘ਚ ਹੇਠਲੀਆਂ ਮੰਗਾਂ ‘ਤੇ ਪ੍ਰਚਾਰ ਮੁਹਿੰਮ ਚਲਾਕੇ 5 ਮਾਰਚ ਨੂੰ ਕੈਬਨਿਟ ਮੰਤਰੀ ਦੀ ਕੋਠੀ ਅੱਗੇ ਮੁਜਾਹਰਾ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਦੀ ਟੀਰੀ ਅੱਖ ਨੂੰ ਸਿੱਖਿਆ ਵੱਲ ਘੁਮਾਇਆ ਜਾ ਸਕੇ।

ਕੈਬਨਿਟ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਕੇ ਇਹ ਮੰਗਾਂ ਕੀਤੀਆਂ ਜਾਣਗੀਆਂ, ਸਿੰਡੀਕੇਟ ਦੇ 10 ਫੀਸਦੀ ਫੀਸਾਂ ਦੇ ਵਾਧੇ ਦੇ ਪ੍ਰਸਤਾਵ ਨੂੰ ਰੱਦ ਕਰਕੇ ਸਰਕਾਰ ਫੌਰੀ ਯੂਨੀਵਰਸਿਟੀ ਨੂੰ ਲੋੜੀਂਦੀ ਗ੍ਰਾਂਟ ਜਾਰੀ ਕਰੇ ਅਤੇ ਅੱਗੇ ਤੋਂ ਯੂਨੀਵਰਸਿਟੀ ਦੀਆਂ ਸਾਰੀਆਂ ਵਿੱਤੀ ਜਿੰਮੇਵਾਰੀਆਂ ਆਪ ਚੁੱਕੇ,ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ. ਪਿਛਲੇ ਸਾਲਾਂ ਦੇ ਬਕਾਏ(ਕਾਲਜਾਂ ਤੇ ਵਿਦਿਆਰਥੀਆਂ) ਅਤੇ ਵਿਦਿਆਰਥੀ ਭੱਤੇ, ਵਜ਼ੀਫੇ ਫੌਰੀ ਜਾਰੀ ਕੀਤੇ ਜਾਣ,ਪੰਜਾਬ ਸਰਕਾਰ ਵੱਲੋਂ ਸਰਕਾਰੀ ਕਾਲਜਾਂ ਨੂੰ ਵਿਦਿਆਰਥੀਆਂ ਦੇ ਛੇ ਤਰ੍ਹਾਂ ਦੇ ਫੰਡਾਂ ਦਾ ਵਿਆਜ ਸਰਕਾਰੀ ਖਜਾਨੇ ‘ਚ ਜਮ੍ਹਾਂ ਕਰਵਾਉਣ ਦਾ ਫੈਸਲਾ ਵਾਪਸ ਲਿਆ ਜਾਵੇ,ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਦੀਆਂ ਖਾਲੀ ਪਈਆਂ ਅਸ਼ਾਮੀਆਂ ‘ਤੇ ਪੱਕੀ ਭਰਤੀ ਕੀਤੀ ਜਾਵੇ ਤੇ ਇਨ੍ਹਾਂ ਹੀ ਪੋਸਟਾਂ ‘ਤੇ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ,ਸਭ ਲਈ ਯੂਨੀਵਰਸਿਟੀ ਪੱਧਰ ਤੱਕ ਸਿੱਖਿਆ ਮੁਫਤ ਤੇ ਲਾਜਮੀ ਬਣਾਈ ਜਾਵੇ। ਮੀਟਿੰਗ ਵਿੱਚ ਰਮਨ, ਮਨਜੀਤ ਨਮੋਲ, ਗੁਰਪ੍ਰੀਤ ਸਿੰਘ ਚੰਗਾਲੀਵਾਲਾ, ਗੁਰਵਿੰਦਰ ਸਿੰਘ ਹਾਜ਼ਰ ਸਨ।

Jeeo Punjab Bureau

Leave A Reply

Your email address will not be published.