ਫ਼ਸਲਾਂ ਦੇ ਭਾਅ ਅਤੇ ਮਜ਼ਦੂਰ ਦੀ ਮਿਹਨਤ ਪੂਰੀ ਨਾਂ ਮਿਲਣ ਦਾ ਕਾਰਨ ਕਿਸਾਨਾਂ ਮਜ਼ਦੂਰਾਂ ਸਿਰ ਚੜਿਆ ਕਰਜਾ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ 22 ਫਰਵਰੀ 

ਫ਼ਸਲਾਂ ਦੇ ਭਾਅ ਅਤੇ ਮਜ਼ਦੂਰ ਦੀ ਮਿਹਨਤ ਪੂਰੀ ਨਾਂ ਮਿਲਣ  ਕਾਰਨ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ੇ ਚੜ੍ਹੇ ਹਨ ।1966 ਤੋਂ ਲੈ ਕੇ ਹੁਣ ਤਕ ਮੁਲਾਜ਼ਮਾਂ ਮੰਤਰੀਆਂ ਦੀਆਂ ਤਨਖ਼ਾਹਾਂ  ਤਿੱਨ ਸੌ ਗੁਣਾਂ ਤੋਂ ਵੀ ਵੱਧ ਦਾ ਵਾਧਾ ਹੋਇਆ ਹੈ ਜਦੋਂ ਕਿ ਫਸਲਾਂ ਦੀਆਂ ਕੀਮਤਾਂ ਵਿੱਚ ਸਿਰਫ਼ ਤੀਹ ਫ਼ੀਸਦੀ ਹੀ ਵਾਧਾ ਹੋਇਆ । ਸਾਰੀ ਉਮਰ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਕੁਝ ਕੁ ਕਿਰਤੀ ਲੋਕਾਂ ਨੂੰ ਨਾਮਾਤਰ ਪੈਨਸ਼ਨ ਮਿਲਦੀ ਹੈ ਜਦੋਂ ਕਿ ਵਿਧਾਇਕਾਂ ਸੰਸਦ ਮੈਂਬਰਾਂ ਨੂੰ ਇੱਕ ਵਾਰ ਚੁਣੇ ਜਾਣ ਤੇ ਵੱਡੀਆਂ ਪੈਨਸ਼ਨਾਂ ਮਿਲਦੀਆਂ ਹਨ ਅਤੇ ਦੁਬਾਰਾ ਚੁਣੇ ਜਾਣ ਤੇ ਉਨ੍ਹਾਂ ਵਿੱਚ ਦੁੱਗਣੇ ਵਾਧੇ ਹੋ ਜਾਂਦੇ ਹਨ ।

ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਟਿਕਰੀ ਬਾਰਡਰ ਤੇ ਪਕੌੜਾ ਚੌਕ ਨੇੜੇ ਲੱਗੀ ਬੀਕੇਯੂ ਏਕਤਾ ਉਗਰਾਹਾਂ ਦੀ ਸਟੇਜ ਤੋਂ ਹਰਿਆਣਾ ਦੇ ਆਗੂ ਨਫੇ ਸਿੰਘ ਜੀਂਦ ਨੇ ਸੰਬੋਧਨ ਕਰਦਿਆਂ ਕੀਤਾ ਅਜਿਹੇ ਵਿਤਕਰੇ ਖ਼ਿਲਾਫ਼ ਹਰਿਆਣਾ ਵਿਚ ਵੀ ਵੱਖ-ਵੱਖ ਹਕੂਮਤਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਜਾਰੀ ਹਨ । ਉਨ੍ਹਾਂ ਕਿਹਾ ਕਿ ਅਜਿਹੀ ਹਕੀਕਤ ਲੋਕਾਂ ਸਾਹਮਣੇ ਪੇਸ਼ ਕਰਨ ਵਾਲੇ ਆਗੂਆਂ ਨੂੰ ਭੜਕਾਊ ਭਾਸ਼ਣ ਦਾ ਨਾਂ ਦੇ ਕੇ ਉਨ੍ਹਾਂ ਤੇ ਦੇਸ਼ ਧ੍ਰੋਹ ਦੇ ਪਰਚੇ ਦਰਜ ਕੀਤੇ ਜਾ ਰਹੇ ਹਨ ।ਉਨ੍ਹਾਂ ਕਿਹਾ ਕਿ  ਸਰਕਾਰ ਅਜਿਹੀਆਂ ਦਹਿਸ਼ਤ ਪਾਊ ਕਾਰਵਾਈਆਂ ਕਰ ਕੇ  ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ ਪਰ ਕਿਸਾਨਾਂ ਦੇ ਇਕੱਠ ਅੱਗੇ ਸਰਕਾਰ ਦੀਆਂ  ਜੇਲ੍ਹਾਂ ਛੋਟੀਆਂ ਰਹਿ ਜਾਣਗੀਆ। ਉਨ੍ਹਾਂ  ਹਰਿਆਣਾ ਵਿੱਚ ਖੱਟਰ ਦੀ ਭਾਜਪਾ ਸਰਕਾਰ ਦੇ ਮੰਤਰੀਆਂ ਦਾ ਵਿਰੋਧ ਜਾਰੀ ਰੱਖਦਿਆਂ ਹਰਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੋਰਚੇ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਆਗੂਆਂ ਦੇ ਵਿਚਾਰ ਸੁਣਨ ।

ਜਥੇਬੰਦੀ ਦੇ ਸੂਬਾ  ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ  ਕੱਲ ਬਰਨਾਲਾ ਵਿਖੇ ਹੋਈ ਕਿਸਾਨ ਮਜ਼ਦੂਰ ਏਕਤਾ ਮਹਾਂਰੈਲੀ ਵਿਚ ਪਹੁੰਚੇ ਪਰਿਵਾਰਾਂ ਸਮੇਤ ਲੱਖਾਂ ਦੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਮਜ਼ਦੂਰਾਂ ਨੂੰ ਸਲਾਮ ਕਰਦਿਆਂ ਕਿਹਾ ਕਿ  ਤੁਸੀਂ ਫ਼ਾਸ਼ੀ  ਕਦਮਾਂ ਤੇ ਚੱਲਣ ਵਾਲੀ ਮੋਦੀ ਹਕੂਮਤ  ਦਾ ਹੰਕਾਰ ਤੋੜ ਦਿੱਤਾ ਹੈ ਜੋ  ਸੋਚਦੀ ਹੈ   ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਲੋਕਾਂ ਦਾ ਰੋਹ ਘਟ ਗਿਆ ਹੈ ।ਉਨ੍ਹਾਂ  ਦਿੱਲੀ ਮੋਰਚੇ ਵਿੱਚ ਬੈਠੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੱਲ੍ਹ ਨੂੰ ਪਗੜੀ ਸੰਭਾਲ ਲਹਿਰ ਜੱਟਾ  ਦੇ ਬਾਨੀ ਚਾਚਾ ਅਜੀਤ ਸਿੰਘ ਦੇ ਜਨਮ ਦਿਹਾਡ਼ੇ ਮੌਕੇ ਪਗੜੀ ਸੰਭਾਲ ਜੱਟਾ ਦੇ ਦਿਹਾੜੇ ਵਜੋਂ ਮਨਾਉਂਦੇ ਹੋਏ ਵੱਧ ਤੋਂ ਵੱਧ ਦਿੱਲੀ ਮੋਰਚੇ   ਦੀਆਂ ਸਟੇਜਾਂ ਤੇ ਹਾਜ਼ਰੀ ਭਰਨ  ।ਉਨ੍ਹਾਂ ਟਿਕਰੀ ਬਾਰਡਰ ਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਤੇ ਪੁਲਸ ਵਲੋਂ ਕਿਸਾਨਾਂ ਦੇ  ਸ਼ਾਂਤਮਈ ਅੰਦੋਲਨ ਨੂੰ ਖਤਮ ਨਾ ਕਰਨ ਤੇ ਕਾਰਵਾਈ ਕਰਨ ਦੇ   ਲਾਏ ਬੈਨਰਾਂ ਦੀ ਜ਼ੋਰਦਾਰ ਨਿਖੇਧੀ ਕੀਤੀ   

ਔਰਤ ਜੱਥੇਬੰਦੀ ਦੇ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ  8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਮੌਕੇ ਇੱਥੇ ਸਟੇਜ ਤੋਂ ਔਰਤ ਦਿਹਾੜਾ ਮਨਾਇਆ ਜਾਵੇਗਾ ।ਉਨ੍ਹਾਂ ਕਿਹਾ ਕਿ ਜਿੱਥੇ ਜਗੀਰੂ ਸੋਚ ਤੇ ਔਰਤਾਂ ਨੂੰ ਦਾਬੇ ਵਿਚ ਰੱਖਿਆ ਜਾਂਦਾ ਹੈ ਉੱਥੇ ਉਸ ਦਾ ਆਰਥਿਕ ਸ਼ੋਸ਼ਣ ਵੀ ਸਭ ਤੋਂ ਵੱਧ ਹੁੰਦਾ ਹੈ  ।ਆਰਥਿਕ ਤੰਗੀ ਵਿੱਚ ਸਭ ਤੋਂ ਵੱਧ ਔਰਤਾਂ  ਦੀਆਂ ਲੋੜਾਂ ਤੇ ਕੱਟ ਲੱਗਦਾ ਹੈ ਅਤੇ ਸਭ ਤੋਂ ਪਹਿਲਾਂ ਔਰਤਾਂ ਦੇ ਗਹਿਣੇ ਹੀ ਵਿਕਦੇ ਹਨ   । ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਣ ਸਨਮਾਨ ਦੀ ਬਹਾਲੀ ਲਈ ਅੱਠ ਮਾਰਚ ਨੂੰ ਮੋਰਚਿਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ  । ਅੱਜ ਦੇ ਧਰਨੇ ਨੂੰ ਉਪਰੋਕਤ ਬੁਲਾਰਿਆਂ ਤੋਂ ਇਲਾਵਾ  ਗੁਰਭਗਤ ਸਿੰਘ ਭਲਾਈਆਣਾ  ,ਭਗਤ ਸਿੰਘ ਛੰਨਾ  ,ਜਸਵੰਤ ਸਿੰਘ ਤੋਲਾਵਾਲ  ,ਗੁਰਦੇਵ ਸਿੰਘ ਕਿਸ਼ਨਪੁਰਾ  ,ਹਰਿਆਣਾ ਤੋਂ ਸੋਹਣ ਸਿੰਘ ਸਰਪੰਚ ਸਰਸਾ   ,ਵਰਿੰਦਰ ਸਿੰਘ ਅਤੇ ਅਸ਼ੋਕ ਪੋਨੀਆ ਨੇ ਵੀ ਸੰਬੋਧਨ ਕੀਤਾ ।

Jeeo Punjab Bureau

Leave A Reply

Your email address will not be published.