ਆਮ ਆਦਮੀ ਨੂੰ ਰਾਹਤ ਦੇਣ ਲਈ ਕੇਂਦਰ ਤੇ ਰਾਜ ਸਰਕਾਰਾਂ ਤੁਰੰਤ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 20 ਫਰਵਰੀ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰ ਸਰਕਾਰ ਤੇ ਨਾਲੋਂ ਨਾਲ ਸੂਬਿਆਂ ਦੀਆਂ ਕਾਂਗਰਸ ਸਰਕਾਰਾਂ ਨੂੰ ਆਖਿਆ ਕਿ ਉਹ ਇਸ ਸਾਲ ਪੈਟਰੋਲੀਅਮ ਪਦਾਰਥਾਂ ਦੀ ਕੀਮਤ ਵਿਚ ਅਣਕਿਆਸੇ ਵਾਧੇ ਤੋਂ ਬਾਅਦ ਆਮ ਆਦਮੀ  ਨੂੰ ਰਾਹਤ ਦੇਣ ਲਈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਤੁਰੰਤ ਕਟੌਤੀ ਕਰਨ।

ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਸਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ 24 ਫੀਸਦੀ ਵਾਧਾ ਕੀਤਾ ਗਿਆ ਹੈ ਤੇ ਸਿਰਫ ਪਿਛਲੇ 50 ਦਿਨਾਂ ਵਿਚ  ਪੈਟਰੋਲ ਦੀ ਕੀਮਤ ਵਿਚ 6.87 ਰੁਪਏ ਫੀ ਲੀਟਰ ਤੇ ਡੀਜ਼ਲ ਦੀ ਕੀਮਤ ਵਿਚ 7.10 ਰੁਪਏ ਫੀ ਲੀਟਰ ਵਾਧਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ ਜਦੋਂ ਕੌਮਾਂਤਰੀ ਬਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਪਿਛਲੇ ਇਕ ਹਫਤੇ ਤੋਂ 63 ਡਾਲਰ ਪ੍ਰਤੀ ਬੈਰਲ ਚਲ ਰਹੀ ਹੈ।

ਉਹਨਾਂ ਕਿਹਾ ਕਿ ਇਹ ਹਾਲਾਤ ਪ੍ਰਧਾਨ ਮੰਤਰੀ ਸਮੇਤ  ਸਰਵ ਉਚ ਪੱਧਰ ਤੋਂ ਤੁਰੰਤ ਦਖਲ ਦੀ ਮੰਗ ਕਰਦੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਚਿੰਤਾਜਨਕ ਹੈ ਕਿ ਜਦੋਂ ਤੇਲ ਕੀਮਤਾਂ ਡੀ ਰੈਗੂਲੇਟ ਕਰ ਦਿੱਤੀਆਂ ਗਈਆਂ ਹਨ ਤੇ ਇਹ ਕੌਮਾਂਤਰੀ ਕੀਮਤਾਂ ’ਤੇ ਨਿਰਭਰ ਹਨ, ਉਦੋਂ ਤੇਲ ਕੀਮਤਾਂ ਵਿਚ ਇਹ ਵਾਧਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤਰੀਕੇ ਆਮ ਆਦਮੀ ’ਤੇ ਬੋਝ ਪਾਉਣਾ ਠੀਕ ਨਹੀਂ ਹੈ। ਉਹਨਾਂ ਕਿਹਾ ਕਿ ਤੇਲ ਕੀਮਤਾਂ ਵਿਚ ਅਣਕਿਆਸੇ ਵਾਧੇ ਨਾਲ ਅਰਥਚਾਰੇ ’ਤੇ ਤਬਾਹਕੁੰਨ ਅਸਰ ਪਵੇਗਾ ਜਦਕਿ ਅਰਥਚਾਰਾ ਤਾਂ ਪਹਿਲਾਂ ਹੀ ਕੋਰੋਨਾ ਦੀ ਮਾਰ ਤੋਂ ਉਭਰਨ ਦਾ ਯਤਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜ਼ਰੂਰਤੀ ਵਸਤਾਂ ਦੀਆਂ ਕੀਮਤਾਂ ਅਸਮਾਨੀ ਛੂਹ ਰਹੀਆਂ ਹਨ ਤੇ ਹਾਲਾਤ ਦਿਨ ਬ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।

ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਰਾਹਤ ਦੇਵੇ। ਉਹਨਾਂ ਕਿਹਾ ਕਿ ਪੰਜਾਬ ਵਿਚ ਪੈਟਰੋਲ ’ਤੇ ਵੈਟ 19.72 ਰੁਪਏ ਪ੍ਰਤੀ ਲੀਟਰ ਹੈ ਜੋ ਕਿ 27.26 ਫੀਸਦੀ ਬਣਦੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਡੀਜ਼ਲ ’ਤੇ ਵੈਟ 12.41 ਰੁਪਏ ਪ੍ਰਤੀ ਲੀਟਰ ਹੈ  ਜੋ ਕਿ 17.53 ਫੀਸਦੀ ਬਣਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਪੈਟਰੋਲ ਇਸ ਵੇਲੇ 91.47 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 82.60 ਰੁਪਏ ਪ੍ਰਤੀ ਲੀਟਰ ਵਿਚ ਵਿਕ ਰਿਹਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਬਿਨਾਂ ਹੋਰ ਦੇਰੀ ਦੇ ਤੁਰੰਤ ਕਾਰਵਾਈ ਕਰਨ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਵੈਟ ਵਿਚ ਕਟੌਤੀ ਕਰ ਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ 10 ਰੁਪੲੋ ਪ੍ਰਤੀ ਲੀਟਰ ਦੀ ਕਟੌਤੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਸੀਂ ਇਹ ਮਾਮਲਾ ਬਜਟ ਸੈਸ਼ਨ ਵਿਚ ਵੀ  ਚੁੱਕਾਂਗੇ। ਉਹਨਾਂ ਕਿਹਾ ਕਿ ਪੰਜਾਬ  ਵਿਚ ਸਮਾਜ ਦਾ ਹਰ ਵਰਗ ਬਿਜਲੀ ਦਰਾਂ ਵਿਚ ਚੋਖੇਵਾਧੇ ਤੇ ਸਮਾਜ ਭਲਾਈ ਲਾਭਾਂ ਦੀ ਵੰਡ ਨਾ ਹੋਣ ਦਾ ਕੀਤੇ ਜਾਣ ਦਾ ਸੰਤਾਪ ਹੰਢਾ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਚੋਖਾ ਵਾਧਾ ਲੋਕਾਂ ਦੀਆਂ ਤਕਲੀਫਾਂ ਵਿਚ ਹੋਰ ਵਾਧਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਮੌਜੂਦਾ ਹਾਲਾਤ ਨਾਲ ਤੁਰੰਤ ਨਜਿੱਠਣਾ ਚਾਹੀਦਾ ਹੈ ਜਾਂ ਫਿਰ ਲੋਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮਸਮਲੇ ’ਤੇ ਪਾਰਟੀ ਦੀ ਕੋਰ ਕਮੇਟੀ ਦੀ ਆ ਰਹੀ ਮੀਟਿੰਗ ਵਿਚ ਵੀ ਚਰਚਾ ਕਰੇਗਾ ਤੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਤੇਲ ਕੀਮਤਾਂ ਵਿਚ ਵਾਧਾ ਵਾਪਸ ਲੈਣ ਲਈ ਮਜਬੂਰ ਕਰਨ ਵਾਸਤੇ ਪ੍ਰੋਗਰਾਮ ਦਾ ਐਲਾਨ ਕਰੇਗਾ।

Jeeo Punjab Bureau

Leave A Reply

Your email address will not be published.