ਸੰਯੁਕਤ ਕਿਸਾਨ ਮੋਰਚਾ ਵੱਲੋਂ 23 ਫਰਵਰੀ ਨੂੰ ‘ਪਗੜੀ ਸੰਭਾਲ’ ਦਿਵਸ ਮਨਾਉਣ ਦਾ ਸੱਦਾ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 19 ਫਰਵਰੀ

ਸੰਯੁਕਤ ਕਿਸਾਨ ਮੋਰਚਾ ਨੇ 23 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਅਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਅਜੀਤ ਸਿੰਘ ਦੇ ਜਨਮਦਿਨ ਨੂੰ ‘ਪਗੜੀ ਸੰਭਾਲ’ ਦਿਵਸ ਦੇ ਤੌਰ ‘ਤੇ ਮਨਾਉਣ ਦਾ ਸੱਦਾ ਦਿੱਤਾ ਹੈ।

ਕਾਲੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦਾ ਘੇਰਾ ਪਾਈ ਬੈਠੇ ਕਿਸਾਨਾਂ ਦੇ ਇਕੱਠਾਂ ਵਿਚ ‘ਪਗੜੀ ਸੰਭਾਲ ਜੱਟਾ’ ਗੀਤ ਖੂਬ ਗੂੰਜ ਰਿਹਾ ਹੈ। ਹਫਤਾਵਾਰ ਝੰਗ ਸਿਆਲ ਦੇ ਐਡੀਟਰ ਬਾਂਕੇ ਦਿਆਲ ਵੱਲੋਂ ਲਿਖਿਆ ਇਹ ਗੀਤ ਬ੍ਰਿਟਿਸ਼ ਰਾਜ ਦੇ 1906 ਦੇ ਖੇਤੀ ਕਾਨੂੰਨਾਂ ਖਿਲਾਫ ਉੱਠੀ ਕਿਸਾਨ ਲਹਿਰ ਦਾ ਮੁਖੜਾ ਬਣ ਗਿਆ ਸੀ। ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਅਗਵਾਈ ਵਿਚ ਚੱਲੀ ‘ਪਗੜੀ ਸੰਭਾਲ ਜੱਟਾ’ ਲਹਿਰ ਦਾ ਝਲਕਾਰਾ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੀ ਲਹਿਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਨੌਜਵਾਨ ਅਜੀਤ ਸਿੰਘ ਦੇ ਪੋਸਟਰ ਅਤੇ ਬੈਨਰ ਟਰੈਕਟਰਾਂ ‘ਤੇ ਲਾ ਕੇ ਅਤੇ ਹਿੱਕਾਂ ‘ਤੇ ਬੈਜ ਸਜਾ ਕੇ ਸ਼ਾਮਲ ਹੋਏ ਹਨ।

ਸੰਯੁਕਤ ਕਿਸਾਨ ਮੋਰਚਾ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਸਲਾਮ ਕੀਤਾ। ਸ਼ਿਵਾਜੀ ਮਹਾਰਾਜ ਇਕ ਮਹਾਨ ਯੋਧਾ ਅਤੇ ਕੁਸ਼ਲ ਰਣਨੀਤੀਕਾਰ ਵਜੋਂ ਜਾਣੇ ਜਾਂਦੇ ਹਨ, ਉਹਨਾਂ ਦਾ ਸ਼ਾਸਨ ਅਤੇ ਪ੍ਰਸ਼ਾਸਨ   ਹਮੇਸ਼ਾਂ ਲੋਕ ਹਿੱਤ ਵਿਚ ਰਿਹਾ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਸ਼ਿਵਾਜੀ ਸਾਡੇ ਲਈ ਅਦਭੁੱਤ ਬਹਾਦਰੀ ਅਤੇ ਦਲੇਰੀ ਦਾ ਪ੍ਰਤੀਕ ਹਨ। ਸੰਯੁਕਤ ਕਿਸਾਨ ਮੋਰਚਾ ਮੱਧ-ਪ੍ਰਦੇਸ਼  ਦੇ ਖੇਤੀਬਾੜੀ ਮੰਤਰੀ ਕਮਲ ਪਟੇਲ ਵੱਲੋਂ ਕਿਸਾਨਾਂ ਖ਼ਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਸਖ਼ਤ ਨਿਖੇਧੀ ਕਰਦਾ ਹੈ।

ਕਿਸਾਨ ਆਗੂਆਂ ਨੇ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਵਿੱਚ ਬੀਤੇ ਦਿਨੀਂ ਖੇਤ ਵਿੱਚ ਤਿੰਨ ਵਿੱਚੋਂ ਦੋ ਦਲਿਤ ਭੈਣਾਂ ਦੀ ਭੇਦਭਰੀ ਮੌਤ ਤੋਂ ਬਾਅਦ ਪੀੜਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉੱਤਰ ਪ੍ਰਦੇਸ਼ ਦੀ ਸ਼ਾਸਨ-ਪ੍ਰਸ਼ਾਸਨ ਪ੍ਰਣਾਲੀ ਇਕ ਵਾਰ ਫਿਰ ਸ਼ੱਕ ਦੇ ਘੇਰੇ ਵਿਚ ਹੈ, ਜਿਥੇ ਔਰਤਾਂ ਲਈ ਕੋਈ ਸੁਰੱਖਿਅਤ ਜਗ੍ਹਾ ਨਹੀਂ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਘਟਨਾ ਦੀ ਉੱਚ ਪੱਧਰੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।                

ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਕਿਸਾਨਾਂ ਦੀ ਆਮਦ ਲਗਾਤਾਰ ਜਾਰੀ ਹੈ ਅਤੇ ਹੋਰਨਾਂ ਸੂਬਿਆਂ ‘ਚ ਲਗਾਤਾਰ ਹੋ ਰਹੇ ਵੱਡੇ ਇਕੱਠਾਂ ‘ਚ ਦਿੱਲੀ ਪਹੁੰਚਣ ਦੇ ਅਹਿਦ ਲਏ ਜਾ ਰਹੇ ਹਨ, ਜਿਸਤੋਂ ਸਪੱਸ਼ਟ ਹੈ ਕਿ ਆਉਣ ਵਾਲੇ ਦਿਨਾਂ ‘ਚ ਇਕੱਠ ਲਗਾਤਾਰ ਵਧਣਗੇ।

Jeeo Punjab Bureau

Leave A Reply

Your email address will not be published.