ਬੰਬੇ ਦੇ ਝੁੱਗੀਆਂ ਝੌਂਪੜੀਆਂ/ਸਨਅਤੀ ਮਜ਼ਦੂਰਾਂ ਨੇ ਕਿਸਾਨ ਮੋਰਚੇ ਦੀ ਕੀਤੀ ਹਮਾਇਤ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 19 ਫਰਵਰੀ

ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਟਿਕਰੀ ਬਾਰਡਰ ਤੇ ਚੱਲ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਰਚੇ ਵਿੱਚ ਬੰਬੇ ਤੋਂ ਆਏ ਕਿਸਾਨਾਂ ਨੇ ਉਥੋਂ ਦੇ ਝੁੱਗੀਆਂ ਝੌਂਪੜੀਆਂ/ਸਨਅਤੀ ਮਜ਼ਦੂਰਾਂ ਵਲੋਂ ਕਿਸਾਨ ਮੋਰਚੇ ਦੀ ਹਮਾਇਤ ਵਿੱਚ ਦਸਤਖਤ ਕਰਵਾ ਕੇ ਲਿਆਂਦਾ ਪੁਲੰਦਾ ਪਕੌੜਾ ਚੌਂਕ ਨੇੜੇ ਲੱਗੀ ਸਟੇਜ ਤੇ ਆਗੂਆਂ ਨੂੰ ਸੌਂਪਿਆ।

ਸਟੇਜ ਤੋਂ ਸਸੀ ਯਾਦਵ ਬੰਬੇ ,ਰਾਮ ਵਿਲਾਸ ਰਾਮਭਰ ( ਬੰਗਾਲ )ਅਤੇ ਰਾਮ ਪਰਕਾਸ਼ ਕੋਇਲਰੀ ਨੇ ਕਿਹਾ ਕਿ ਬੰਬੇ ਦੇ ਸਨਅਤੀ ਮਜ਼ਦੂਰਾਂ  ਵਲੋਂ ਵੀ ਕਿਸਾਨ ਮੋਰਚੇ ਦੀ ਹਮਾਇਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬੰਬੇ ਦੀਆਂ ਗਰੀਬ ਬਸਤੀਆਂ ਵਿੱਚ ਕਿਸਾਨ ਘੋਲ ਦੀ ਹਮਾਇਤ ਵਿੱਚ ਦਸਤਖਤੀ ਮੁਹਿੰਮ ਚਲਾਈ ਗਈ ਸੀ ਜਿਸ ਵਿਚ ਉਥੋਂ ਦੇ ਲੋਕਾਂ ਨੇ ਦਸਤਖਤ ਕਰ ਕੇ ਕਿਸਾਨ ਘੋਲ ਦੀ ਜ਼ੋਰਦਾਰ ਹਮਾਇਤ ਕੀਤੀ।

ਬੀ ਕੇ ਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਨਵੇਂ ਖੇਤੀ ਵਿਰੋਧੀ ਕਾਨੂੰਨਾਂ ਦੇ ਲਾਗੂ ਹੋਣ  ਤੋਂ ਪਹਿਲਾਂ ਵੀ ਕਿਸਾਨਾਂ ਮਜ਼ਦੂਰਾਂ ਦੀ ਆਰਥਿਕ ਹਾਲਤ ਨਿੱਘਰ ਚੁੱਕੀ ਹੈ ਅਤੇ ਇਹਨਾਂ ਦੇ ਲਾਗੂ ਹੋਣ ਨਾਲ ਹੋਰ ਬਦਤਰ ਹੋ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨੀ ਦੀ ਪ੍ਰਫੁੱਲਤ ਕਰਨ ਲਈ ਖੇਤੀ ਖੇਤਰ ਵਿੱਚ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦਾ ਦਖਲ ਬੰਦ ਕਰ ਕੇ  ਦੇਸ਼ ਵਿੱਚ ਕਰੋੜਾਂ ਏਕੜ ਬਰਾਨੀ/ਬੰਜਰ ਜ਼ਮੀਨ ਸਰਕਾਰੀ ਖਰਚੇ ਤੇ ਵਾਹੀ ਯੋਗ ਬਣਾਉਣ ਦੀ ਲੋੜ ਹੈ ਅਤੇ ਜਮੀਨੀ ਸੁਧਾਰ ਕਾਨੂੰਨ ( ਲੈਂਡ ਸੀਲਿੰਗ ਐਕਟ) ਲਾਗੂ ਕਰ ਕੇ ਵਾਧੂ ਜਮੀਨ ਬੇਜਮੀਨੇ ਅਤੇ ਥੁੜ ਜਮੀਨੇ ਕਿਸਾਨਾਂ ਮਜ਼ਦੂਰਾਂ ਦੀ ਜਮੀਨ ਦੀ ਤੋਟ ਪੂਰੀ ਕਰਨ ਦੀ ਲੋੜ ਹੈ  । ਅੱਜ  ਇਫਟੂ ਚੜਿੱਕ ( ਮੋਗਾ) ਦੀ ਨਾਟਕ ਟੀਮ ਵੱਲੋਂ   ਨਾਟਕ   “ਡਰਨਾ ” ਪੇਸ ਕੀਤਾ ਗਿਆ। ਅੱਜ ਦੇ ਇਕੱਠ ਨੂੰ ਗੁਰਬਾਜ ਸਿੰਘ ਫਾਜਲਿਕਾ, ਬਾਬਾ ਨਾਨਕ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਜੇਜੀ,ਸੁਰਜੀਤ ਸਿੰਘ ਭੁਟਾਲ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਤਵੰਤ ਸਿੰਘ ਵਲਟੋਹਾ ਨੇ ਵੀ ਸੰਬੋਧਨ ਕੀਤਾ।

Jeeo Punjab Bureau

Leave A Reply

Your email address will not be published.