ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 22 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ

ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਲਈ ਵਿਸ਼ੇਸ਼ ਮੁਹਿੰਮ ਕੀਤੀ ਸ਼ੁਰੂ

6.65 ਲੱਖ ਲਾਭਪਾਤਰੀਆਂ ਨੇ 631 ਕਰੋੜ ਰੁਪਏ ਦੀਆਂ ਇਲਾਜ ਸੇਵਾਵਾਂ ਦਾ ਲਿਆ ਲਾਭ

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 10,000 ਦਿਲ ਦੇ ਆਪ੍ਰੇਸ਼ਨ, 3800 ਤੋਂ ਵੱਧ ਜੋੜਾਂ ਦੇ ਆਪ੍ਰੇਸ਼ਨ ਅਤੇ 10,000 ਤੋਂ ਵੱਧ ਕੈਂਸਰ ਦੇ ਮਰੀਜ਼ਾਂ ਦਾ ਕੀਤਾ ਗਿਆ ਇਲਾਜ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 19 ਫਰਵਰੀ:

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 22 ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ  ਪੰਜਾਬ ਸਰਕਾਰ ਹਰ ਸਾਲ ਸੂਬੇ ਦੇ ਲਗਭਗ 40 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਸਿਹਤ ਬੀਮਾ ਅਧੀਨ ਇਲਾਜ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ, ਜਿਸ ਵਿੱਚ ਬੀਪੀਐਲ ਪਰਿਵਾਰ, ਸਮਾਰਟ ਰਾਸ਼ਨ ਕਾਰਡ ਧਾਰਕ, ਕਿਸਾਨ ਅਤੇ ਵਪਾਰੀ ਆਦਿ ਸ਼ਾਮਲ ਹਨ। ਇਹ ਵੈਨਾਂ ਯੋਜਨਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਾਰੇ ਜ਼ਿਲਿਆਂ ਦੇ ਦੂਰ-ਦੁਰਾਡੇ ਦੇ ਇਲਾਕਿਆਂ ਅਤੇ ਪਿੰਡਾਂ ਦਾ ਦੌਰਾ ਕਰਨਗੀਆਂ ਅਤੇ ਯੋਗ ਲਾਭਪਾਤਰੀਆਂ ਦੇ ਈ-ਕਾਰਡ ਵੀ ਉਥੇ ਹੀ ਤਿਆਰ ਕੀਤੇ ਜਾਣਗੇ।ਇਸ ਦੀ ਮਾਈਕਰੋ-ਪਲਾਨਿੰਗ ਅਤੇ ਵੈਨਾਂ ਦੀ ਰੋਜ਼ਾਨਾ ਰਿਪੋਰਟਿੰਗ ਦੀ ਨਿਗਰਾਨੀ ਵੀ ਕੀਤੀ ਜਾਵੇਗੀ।    

ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸੂਬੇ ਦੇ ਲਗਭਗ 60 ਫ਼ੀਸਦੀ ਪਰਿਵਾਰਾਂ ਦੇ ਈ-ਕਾਰਡ ਬਣਾਏ ਗਏ ਹਨ। ਈ-ਕਾਰਡ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਗਈ ਅਤੇ ਇੱਥੇ ਲਗਭਗ 13000 ਕਾਮਨ ਸਰਵਿਸ ਸੈਂਟਰ, 516 ਸੇਵਾ ਕੇਂਦਰ ਅਤੇ 154 ਮਾਰਕੀਟ ਕਮੇਟੀਆਂ ਹਨ ਜਿਥੇ ਇਹ ਈ-ਕਾਰਡ ਬਣਾਏੇ ਜਾ ਰਹੇ ਹਨ। ਉਨਾਂ ਸਮੂਹ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਤਹਿਤ ਆਪਣੇ ਈ-ਕਾਰਡ ਬਣਵਾਉਣ ਲਈ ਨਜ਼ਦੀਕੀ ਈ-ਕਾਰਡ ਕੇਂਦਰ ਤੱਕ ਜਲਦ ਪਹੁੰਚ ਕਰਨ। 

ਸਿਹਤ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਇਸ ਸਕੀਮ ਤਹਿਤ 631 ਕਰੋੜ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ 6.65 ਲੱਖ ਤੋਂ ਵੱਧ ਲੋਕਾਂ ਨੇ ਇਲਾਜ ਸੇਵਾਵਾਂ ਦਾ ਲਾਭ ਲਿਆ ਜਿਸ ਵਿੱਚ 10,000 ਤੋਂ ਵੱਧ ਦਿਲ ਦੇ ਆਪ੍ਰੇਸ਼ਨ, 3800 ਤੋਂ ਵੱਧ ਜੋੜਾਂ ਦੇ ਆਪ੍ਰੇਸ਼ਨ ਅਤੇ 10,000 ਤੋਂ ਵੱਧ ਕੈਂਸਰ ਮਰੀਜ਼ਾਂ ਦਾ ਇਲਾਜ ਕੀਤਾ ਗਿਆ।

Jeeo Punjab Bureau

Leave A Reply

Your email address will not be published.