ਵਿਧਾਨ ਸਭਾ 2022 ’ਚ ਹੋਣੇ ਨੇ ਅਮਲਾਂ ਦੇ ਨਬੇੜੇ….

ਪੰਜਾਬ ’ਚ ਹੋਈਆਂ ਨਗਰ ਨਿਗਮ ਤੇ ਮਿਉਂਸਿਪਲ ਚੋਣਾਂ ਦੇ ਮਾਅਨੇ

ਅਮ੍ਰਿਤਪਾਲ ਸਿੰਘ ਧਾਲੀਵਾਲ

ਚੰਡੀਗੜ੍ਹ, 17 ਫ਼ਰਵਰੀ

ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਦੀਆਂ ਚੋਣਾਂ ਦੇ ਨਤੀਜੇ ਸੂਬੇ ਦੀ ਰਾਜਨੀਤੀ ਲਈ ਬਹੁਤ ਅਹਿਮੀਅਤ ਰਖਦੇ ਹਨ। ਸੂਬੇ ਦੀਆਂ ਸ਼ਹਿਰੀ ਸੰਸਥਾਵਾਂ ਦੀਆਂ ਇਹ ਚੋਣਾਂ ਸੂਬੇ ਦੀਆਂ ਆਮ ਵਿਧਾਨ ਸਭਾ ਚੋਣਾਂ ਤੋਂ ਠੀਕ ਇੱਕ ਸਾਲ ਪਹਿਲਾਂ ਹੋਈਆਂ ਹਨ। ਇਸ ਲਈ ਸਾਰੀਆਂ ਸਿਆਸੀ ਧਿਰਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਇਨ੍ਹਾਂ ਚੋਣਾਂ ’ਚ ਪੂਰੀ ਸ਼ਕਤੀ ਝੋਕੀ ਹੋਈ ਸੀ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਸਿਆਸੀ ਧਿਰਾਂ ਵੱਲੋਂ ਆਪਣੇ ਕਾਡਰ ਤੇ ਵਰਕਰਾਂ ਨੂੰ ਇੱਕ ਸਾਲ ਪਹਿਲਾਂ ਹੀ ਚੁਣਾਵੀ ਗੇਅਰ ਵਿੱਚ ਪਾ ਦੇਣਾ। ਇਨ੍ਹਾਂ ਚੋਣਾਂ ਦੌਰਾਨ ਕੁੱਲ 9222 ਉਮੀਦਵਾਰਾਂ ਵੱਲੋਂ ਆਪਣੀ ਕਿਸਮਤ ਅਜਮਾਈ ਤੇ 2330 ਵਾਰਡਾਂ ’ਤੇ ਵੋਟਾਂ ਪਈਆਂ ਸਨ। ਸ਼ਹਿਰੀ ਚੋਣਾਂ ਦੌਰਾਨ ਕਾਂਗਰਸ ਨੇ 2037, ਸ਼੍ਰੋਮਣੀ ਅਕਾਲੀ ਦਲ ਨੇ 1569, ਭਾਰਤੀ ਜਨਤਾ ਪਾਰਟੀ ਨੇ 1003, ਆਮ ਆਦਮੀ ਪਾਰਟੀ ਨੇ 1006, ਬਹੁਜਨ ਸਮਾਜ ਪਾਰਟੀ ਨੇ 106, ਸੀਪੀਆਈ ਨੇ 2 ਅਤੇ 2832 ਆਜ਼ਾਦ ਉਮੀਦਵਾਰਾਂ ਸਮੇਤ ਹੋਰਨਾਂ ਪਾਰਟੀਆਂ ਨੇ ਵੀ ਕੁੱਝ ਥਾਵਾਂ ’ਤੇ ਆਪਣੇ ਉਮੀਦਵਾਰ ਖਡ਼੍ਹੇ ਕੀਤੇ ਸਨ। ਚੋਣ ਕਮਿਸ਼ਨ ਵੱਲੋਂ ਐਲਾਨੇ ਨਤੀਜਿਆਂ ਮੁਤਾਬਕ ਅਬੋਹਰ, ਬਟਾਲਾ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ ਤੇ ਬਠਿੰਡਾ ਨਗਰ ਨਿਗਮਾਂ ਉਪਰ ਕਾਂਗਰਸ ਨੇ ਕਬਜ਼ਾ ਕਰਨ ’ਚ ਕਾਮਯਾਬੀ ਹਾਸਲ ਕੀਤੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਜੀਠਾ, ਕਾਦੀਆਂ, ਨਵਾਂਗਾਓ, ਸੰਗਤ, ਅਜਨਾਲਾ ਕੌਂਸਲਾਂ ਵਿੱਚ ਆਪਣੇ ਪ੍ਰਧਾਨ ਬਣਾਏ ਜਾਣਗੇ। ਰਿਪੋਰਟਾਂ ਤੋਂ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਸ੍ਰੀ ਹਰਗੋਬਿੰਦਪੁਰ, ਨੂਰਮਹਿਲ, ਖਰਡ਼ ਅਤੇ ਹੋਰਨਾਂ ਕੁੱਝ ਥਾਵਾਂ ’ਤੇ ਵੀ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਕਾਂਗਰਸ ਦੇ ਜਿੱਤੇ ਹੋਏ ਉਮੀਦਵਾਰਾਂ ਨਾਲੋਂ ਵਧੇਰੇ ਹੈ। ਚੋਣ ਕਮਿਸ਼ਨ ਵੱਲੋਂ ਐਲਾਨੇ ਨਤੀਜਿਆਂ ਮੁਤਾਬਕ 7 ਨਗਰ ਨਿਗਮਾਂ ਅਤੇ ਅੰਮ੍ਰਿਤਸਰ ਨਗਰ ਨਿਗਮ ਦੇ ਇਕ ਵਾਰਡ ਦੀ ਜਿਮਨੀ ਚੋਣ ਸਣੇ ਕੁੱਲ 351 ਵਾਰਡਾਂ ਵਿੱਚੋਂ ਕਾਂਗਰਸ ਨੇ 271 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ। ਇਨ੍ਹਾਂ ਸੰਸਥਾਵਾਂ ’ਚ ਸ਼੍ਰੋਮਣੀ ਅਕਾਲੀ ਦਲ ਨੇ 33 ਵਾਰਡਾਂ, ਆਮ ਆਦਮੀ ਪਾਰਟੀ (ਆਪ) ਨੇ 9 ਵਾਰਡਾਂ, ਭਾਰਤੀ ਜਨਤਾ ਪਾਰਟੀ ਨੇ 20 ਵਾਰਡਾਂ ਅਤੇ 8 ਆਜ਼ਾਦ ਉਮੀਦਵਾਰ ਜੇਤੂ ਰਹੇ। ਪੰਜਾਬ ਦੀਆਂ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ 1078, ਸ਼੍ਰੋਮਣੀ ਅਕਾਲੀ ਦਲ ਦੇ 251 ਆਮ ਆਦਮੀ ਪਾਰਟੀ ਦੇ 50, ਭਾਜਪਾ ਦੇ 29, ਬਸਪਾ ਦੇ 5 ਅਤੇ 375 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਪੰਜਾਬ ਵਿੱਚ ਇਨ੍ਹਾਂ ਚੋਣਾਂ ਦੇ ਇਤਿਹਾਸ ’ਤੇ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਕਿ ਪਿਛਲੇ ਤਿੰਨ ਕੁ ਦਹਾਕਿਆਂ ਤੋਂ ਅਕਸਰ ਸ਼ਹਿਰੀ ਸੰਸਥਾਵਾਂ ਜਾਂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਵਿੱਚ ਹੁਕਮਰਾਨ ਧਿਰ ਦੀ ਝੰਡੀ ਰਹਿੰਦੀ ਹੈ। ਵਿਰੋਧੀ ਧਿਰਾਂ ਅਕਸਰ ਇਹ ਲਡ਼ਾਈ ਜ਼ਰੂਰ ਲਡ਼ਦੀ ਹੈ ਕਿ ਪਰ ਗੁਜ਼ਾਰੇ ਜੋਗੀ ਜਿੱਤ ਵੀ ਪੱਲੇ ਨਹੀਂ ਪੈਂਦੀ। ਇਨ੍ਹਾਂ ਸੰਸਥਾਵਾਂ ’ਤੇ ਹੁਣ ਤੱਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਦਬਦਬਾ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਪਹਿਲੀ ਵਾਰੀ ਇਨ੍ਹਾਂ ਚੋਣਾਂ ਦੌਰਾਨ ਆਪਣੇ ਉਮੀਦਵਾਰ ਖਡ਼੍ਹੇ ਕੀਤੇ ਗਏ ਸਨ। ਦੇਖਿਆ ਜਾਵੇ ਤਾਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਤੋਂ ਖੁੱਸੀ ਪਾਰਟੀ ਦੇ ਹੱਥ ਵੀਹ ਸੀਟਾਂ ਤਾਂ ਲੱਗ ਗਈਆਂ ਸਨ ਪਰ ਉਸ ਤੋਂ ਬਾਅਦ ਪੰਜਾਬ ਵਿੱਚ ਜਿੰਨੀਆਂ ਵੀ ਚੋਣਾਂ (ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ, 2019 ਦੀਆਂ ਲੋਕ ਸਭਾ ਚੋਣਾਂ ਅਤੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ) ਹੋਈਆਂ ਆਮ ਆਦਮੀ ਪਾਰਟੀ ਦੇ ਪੱਲੇ ਘੋਰ ਨਿਰਾਸ਼ਾ ਹੀ ਪਈ ਹੈ। ਪੰਜਾਬ ਦੀਆਂ ਦੋ ਵੱਡੀਆਂ ਸਿਆਸੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਲ 1997 ਤੋਂ ਲੈ ਕੇ ਸ਼ੁਰੂ ਕੀਤੀ ਸਿਆਸੀ ਭਾਈਵਾਲੀ ਤੋਂ ਬਾਅਦ ਸਾਰੀਆਂ ਚੋਣਾਂ ਗੱਠਜੋਡ਼ ਦੇ ਤਹਿਤ ਹੀ ਲਡ਼ੀਆਂ ਜਾਂਦੀਆਂ ਰਹੀਆਂ ਹਨ। ਪਿਛਲੇ ਕਰੀਬ ਢਾਈ ਦਹਾਕਿਆਂ ਤੋਂ ਬਾਅਦ ਇਨ੍ਹਾਂ ਦੋਹਾਂ ਪਾਰਟੀਆਂ ਨੇ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਆਪਣੇ ਦਮ ’ਤੇ ਲਡ਼ੀਆਂ। ਇਨ੍ਹਾਂ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਬਹੁਤ ਹੀ ਨਿਰਾਸ਼ਾਜਨਕ ਰਹੀ ਤੇ ਇੱਕ ਵੀ ਸ਼ਹਿਰੀ ਸੰਸਥਾ ’ਤੇ ਕਬਜ਼ਾ ਕਰਨ ’ਚ ਕਾਮਯਾਬੀ ਨਹੀਂ ਮਿਲੀ ਜਦੋਂ ਕਿ ਅਕਾਲੀ ਕਈ ਕੌਂਸਲਾਂ ’ਤੇ ਜਿੱਤ ਦਰਜ ਕਰਕੇ ਮੁੱਖ ਵਿਰੋਧੀ ਧਿਰ ਵਜੋਂ ਉਭਰੇ ਹਨ। ਪੰਜਾਬ ਦੀਆਂ ਜ਼ਿਆਦਾਤਰ ਸ਼ਹਿਰੀ ਸੰਸਥਾਵਾਂ ’ਤੇ ਕਿਉਂਕਿ ਕਾਂਗਰਸ ਨੇ ਕਬਜ਼ਾ ਕੀਤਾ ਹੈ। ਇਸ ਲਈ ਹਾਕਮ ਪਾਰਟੀ ਦੇ ਆਗੂ ਜੋਸ਼ ਵਿੱਚ ਹਨ। ਬੀਤੇ ਤੋਂ ਜੇਕਰ ਸਬਕ ਸਿੱਖਿਆ ਜਾਵੇ ਤਾਂ ਸਾਲ 2015 ’ਚ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ। ਉਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਮੁੱਖ ਵਿਰੋਧੀ ਧਿਰ ਦਾ ਰੁਤਬਾ ਹਾਸਲ ਕਰਨ ਵਿੱਚ ਵੀ ਕਾਮਯਾਬ ਨਹੀਂ ਸੀ ਹੋ ਸਕਿਆ ਤੇ ਭਾਜਪਾ ਨੂੰ ਮਹਿਜ਼ 3 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਇਸ ਲਈ 2020 ਦੀਆਂ ਚੋਣਾਂ ਦੌਰਾਨ ਮੁਡ਼ ਤੋਂ ਸਰਕਾਰ ਬਨਾਉਣ ਦੇ ਸੁਪਨੇ ਲੈਣ ਵਾਲੀ ਕਾਂਗਰਸ ਨੂੰ ਸੋਚਣਾ ਚਾਹੀਦਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਅਮਲਾਂ ਦੇ ਨਬੇਡ਼ੇ ਹੋਣੇ ਨੇ। ਕਾਂਗਰਸ ਨੇ ਸੱਤਾ ਹਥਿਆਉਣ ਲਈ ਸਾਲ 2017 ਦੀਆਂ ਚੋਣਾਂ ਤੋਂ ਪਹਿਲਾਂ ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਖ਼ਤਮ ਕਰਨ ਦੇ ਨਾਲ ਨਾਲ 4 ਹਫਤਿਆਂ ਵਿੱਚ ਚਿੱਟਾ ਖਤਮ ਕਰਨ, ਹਰ ਘਰ ਰੁਜ਼ਗਾਰ ਸਮੇਤ ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਸੀ। ਲੋਕਾਂ ਨੇ ਇਨ੍ਹਾਂ ਵਾਅਦਿਆਂ ਦਾ ਹਿਸਾਬ ਵੀ ਪੁੱਛਣਾ ਹੈ ਕਿ ਕੀ ਕੈਪਟਨ ਸਰਕਾਰ ਨੇ ਇਹ ਵਾਅਦੇ ਨਿਭਾਅ ਦਿੱਤੇ ਜਾਂ ਵਾਅਦਾ ਖਿਲਾਫੀ ਹੀ ਕੀਤੀ ਹੈ ਜਿਸ ਤਰ੍ਹਾਂ ਕਿ ਅਕਸਰ ਭਾਰਤ ਦੀਆਂ ਸਿਆਸੀ ਪਾਰਟੀਆਂ ਕਰਦੀਆਂ ਹਨ।

Jeeo Punjab Bureau

Leave A Reply

Your email address will not be published.