ਸਾਮਰਾਜੀ ਕੰਪਨੀਆਂ ਦੇ ਸੁਪਰ ਮੁਨਾਫੇ ਲਈ ਲਿਆਂਦੇ ਹਨ ਖੇਤੀ ਕਾਨੂੰਨ-ਰਾਜੇਵਾਲ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ 16 ਫਰਵਰੀ

ਟਿੱਕਰੀ ਬਾਰਡਰ ‘ਤੇ ਪਕੌੜਾ ਚੌਂਕ ਨੇੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਅੱਜ ਭਾਰਤੀ ਕਿਸਾਨ ਯੂਨੀਅਨ ( ਰਾਜੇਵਾਲ ) ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸੀ-ਬਦੇਸ਼ੀ ਸਾਮਰਾਜੀ  ਕੰਪਨੀਆਂ ਦੇ ਸੁਪਰ ਮੁਨਾਫਿਆਂ ਦੀ ਗਰੰਟੀ ਲਈ ਹੀ  ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਲੇ ਕਨੂੰਨਾਂ ਲਿਆਂਦੇ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਕੰਪਨੀਆਂ ਵੱਲੋਂ  ਖੇਤੀ ਖੇਤਰ ‘ਤੇ ਮੁਕੰਮਲ ਗਲਬੇ ਲਈ ਨਿਵੇਸ਼ ਕਰਕੇ ਕੇ  ਲੰਮੇ ਸਮੇਂ ਤੱਕ ਮੁਨਾਫ਼ੇ ਕਮਾਉਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਦੀ ਖੇਤੀ ਚੋਂ ਵੱਡੀ ਪੱਧਰ ਤੇ ਅਨਾਜ, ਸਬਜ਼ੀਆਂ, ਫ਼ਲ, ਗੰਨਾ ਅਤੇ ਹੋਰ ਅਨੇਕਾਂ ਫਸਲਾਂ ਪੈਦਾ ਹੁੰਦੀਆਂ ਹਨ ਜੋ ਮਨੁੱਖੀ ਜ਼ਿੰਦਗੀ ਲਈ ਰਹਿਣ-ਸਹਿਣ ,ਖਾਣ-ਪੀਣ , ਪਹਿਨਣ ਅਤੇ ਹੋਰ ਜ਼ਰੂਰੀ ਵਸਤਾਂ ਦੀ ਪੂਰਤੀ ਕਰਦੀਆਂ ਹਨ ਜਿਸ ਉੱਤੇ ਕਾਰਪੋਰੇਟ ਘਰਾਣਿਆਂ ਵੱਲੋਂ ਆਪਣੇ ਕਬਜ਼ੇ ਵਿਚ ਲੈਣ ਲਈ ਅੱਖ ਰੱਖੀ ਹੋਈ ਹੈ ਤਾਂ ਜੋ ਇਸ ਨੂੰ ਵਪਾਰ ਦੇ ਤੌਰ ਤੇ ਲੰਮੇ ਸਮੇਂ ਦੇ ਮੁਨਾਫੇ ਲਈ ਵਰਤਣ ਦਾ ਸਾਧਨ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਮੋਦੀ ਹਕੂਮਤ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਤੇ ਕਬਜ਼ੇ ਦੇ ਵਿਉਂਤਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ । ਉਹਨਾਂ ਕਿਸਾਨ ਏਕਤਾ ਨੂੰ ਹੋਰ ਮਜ਼ਬੂਤ ਤੇ ਵਿਸ਼ਾਲ ਕਰਦੇ ਹੋਏ  ਸ਼ਾਂਤਮਈ ਸੰਘਰਸ਼ ਨਾਲ ਕਾਲੇ ਕਨੂੰਨਾਂ ਰੱਦ ਕਰਾਉਣ ਲਈ ਚੱਲ ਰਹੇ ਸੰਘਰਸ਼ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ ।

ਬੀ ਕੇ ਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸੰਗਰੂਰ ਦੇ ਆਗੂ ਦਰਬਾਰਾ ਸਿੰਘ ਛਾਜਲਾ ਨੇ ਵਾਤਾਵਰਨ ਕਾਰਕੁੰਨ ਦਿਸ਼ਾ ਰਵੀ ਨੂੰ ਸੰਗੀਨ ਧਾਰਾਵਾਂ ਲਾ ਕੇ ਗ੍ਰਿਫਤਾਰ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ।  ਉਹਨਾਂ ਕਿਹਾ ਕਿ ਦਿਸ਼ਾ ਰਵੀ ਨੂੰ  ਕੌਮਾਂਤਰੀ ਟੂਲਕਿੱਟ ਸਾਜਿਸ਼ ਝੂਠੇ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ ਅਤੇ ਹੋਰਨਾਂ ਦੀ ਤਿਆਰੀ ਹੈ।ਉਨ੍ਹਾਂ ਕਿਹਾ ਕਿ  ਮੋਦੀ ਦੀ ਫਾਸ਼ੀਵਾਦੀ ਹਕੂਮਤ ਵੱਲੋਂ ਕਿਸਾਨ ਸੰਘਰਸ਼ ਨੂੰ ਮਿਲ ਰਹੀ ਕੌਮਾਂਤਰੀ ਹਮਾਇਤ ਨੂੰ  ਸਾਜਿਸ਼ ਵਜੋਂ ਪੇਸ਼ ਕਰਕੇ  ਲੋਕਾਂ ਦੇ ਲਿਖਣ ,ਬੋਲਣ ਅਤੇ ਵਿਚਾਰਾਂ ਦੀ ਆਜ਼ਾਦੀ ‘ਤੇ ਹਮਲਾ ਹੈ ਬੋਲ ਰੱਖਿਆ ਹੈ । ਉਹਨਾਂ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਕਿਸਾਨ ਸੰਘਰਸ਼ ਦੇ ਹੱਕ ‘ਚ ਬੋਲਣ ਨੂੰ ਦੇਸ਼ ਦੇ ਵਿਰੋਧੀ ਦੱਸਣ ਤੇ ਕਾਨੂੰਨਾਂ ਦੇ ਹੱਕ :ਚ ਬੋਲਣ ਵਾਲਿਆਂ ਦੀ ਪ੍ਰਸੰਸਾ ਕਰਨ ਰਾਹੀਂ ਮੋਦੀ ਸਰਕਾਰ ਦੋਹਰੇ ਮਾਪਦੰਡ ਅਪਣਾ ਰਹੀ ਹੈ।

ਇਸ ਤੋਂ ਇਲਾਵਾ ਅੱਜ ਸਰ ਛੋਟੂ ਰਾਮ ਦੇ ਜਨਮ ਦਿਹਾੜੇ ਮੌਕੇ ਸਾਂਪਲਾ ਵਿਖੇ ਹੋਈ ਕਿਸਾਨ ਪੰਚਾਇਤ ਵਿੱਚ ਸ਼ਾਮਲ ਹੋਣ ਲਈ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਕਾਫ਼ਲਾ ਰਵਾਨਾ ਹੋਇਆ। ਅੱਜ ਦੇ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਬਰਨਾਲਾ, ਅਮਰੀਕ ਸਿੰਘ ਸਿਵੀਆਂ,ਬੀ ਕੇ ਯੂ ਹਰਿਆਣਾ ਤੋਂ ਜੋਗਿੰਦਰ ਘਾਸੀ ਰਾਮ ਨੋਨ, ਮੁਕੇਸ਼ ਖਾਸਾ , ਸੁਸ਼ੀਲਾ ਕੁਮਾਰੀ, ਪਰੇਮ ਸ਼ਰਮਾ ਅਤੇ ਇਨਕਲਾਬੀ ਕੇਂਦਰ ਉੱਤਰਾਖੰਡ ਮਹਾਂ ਅਜੀਬ ਤੋਂ ਖੀਮਾਂ ਨੰਦ ਨੇ ਵੀ ਸੰਬੋਧਨ ਕੀਤਾ।

Jeeo Punjab Bureau

Leave A Reply

Your email address will not be published.