ਝੂਲਦੇ ਝੰਡਿਆਂ ਦੀ ਰੁੱਤ

152

ਅੱਜ ਕੱਲ੍ਹ ਪੰਜਾਬ ਅੰਦਰ ਨਿਵੇਕਲੀ ਰੁੱਤ ਹੈ । ਇਹ ਲੋਕ ਸ਼ਕਤੀ ਦੇ ਝੰਡੇ ਝੂਲਣ ਦੀ ਰੁੱਤ ਹੈ। ਦਿੱਲੀ ਮੋਰਚਿਆਂ ਤੋਂ ਲੈ ਕੇ ਪੰਜਾਬ ਦੇ ਕੋਨੇ ਕੋਨੇ ਤਕ ਜਿੱਧਰ ਵੀ ਨਿਗ੍ਹਾ ਜਾਂਦੀ ਹੈ ਵੱਖ ਵੱਖ ਰੰਗਾਂ ਦੇ ਝੰਡੇ ਝੂਲਦੇ ਦਿਖਾਈ ਦਿੰਦੇ ਹਨ। ਹਰ ਪਾਸੇ ਝੂਲ ਰਹੇ ਇਹ ਝੰਡੇ ਚਾਹੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਝੰਡੇ ਹਨ ਪਰ ਹੁਣ ਇਸ ਵੇਲੇ ਜਥੇਬੰਦ ਬਣਤਰਾਂ ਨਾਲੋਂ ਜ਼ਿਆਦਾ ਿੲਹ ਲੋਕਾਂ ਦੀ ਸੰਘਰਸ਼ ਤਾਂਘ ਨੂੰ ਪ੍ਰਗਟਾ ਰਹੇ ਹਨ। ਕਾਰਪੋਰੇਟਸ਼ਾਹੀ ਨੂੰ ਲੋਕਾਂ ਕੋਲੋਂ ਮਿਲ ਰਹੀ ਚੁਣੌਤੀ ਨੂੰ ਦਿਖਾ ਰਹੇ ਹਨ। ਇਨ੍ਹਾਂ ਝੰਡਿਆਂ ਦੀ ਮੰਗ ਏਨੀ ਜ਼ਿਆਦਾ ਹੈ ਕਿ ਇਨ੍ਹਾਂ ਦੀ ਭਾਰੀ ਥੁੜ੍ਹ ਪੈ ਗਈ ਹੈ, ਜਥੇਬੰਦੀਆਂ ਤੋਂ ਲੋਕਾਂ ਦੀ ਮੰਗ ਪੂਰੀ ਨਹੀਂ ਕੀਤੀ ਜਾ ਰਹੀ। ਛੋਟੇ ਛੋਟੇ ਕਾਰੋਬਾਰੀਆਂ ਨੇ ਝੰਡੇ ਛਾਪ ਕੇ ਵੇਚਣ ‘ਚ ਹੀ ਕਮਾਈ ਦਾ ਜ਼ਰੀਆ ਤਲਾਸ਼ਣਾ ਸ਼ੁਰੂ ਕਰ ਦਿੱਤਾ ਹੈ। ਉਹ ਲੋਕਾਂ ਦੇ ਪਸੰਦੀਦਾ ਰੰਗਾਂ ‘ਚ ਮਜ਼ਦੂਰ ਕਿਸਾਨ ਏਕਤਾ ਲਿਖ ਕੇ ਛਪਵਾਏ ਝੰਡੇ ਵੇਚ ਰਹੇ ਹਨ। ਇਉ ਹੁਣ ਬਾਜ਼ਾਰ ਵੀ ਇਸ ਝੰਡੇ ਤੱਕ ਆਪਣੀ ਪਹੁੰਚ ਬਣਾਉਣ ਲੱਗਿਆ ਹੈ ਕਿਉਂਕਿ ਇਹ ਝੰਡੇ ਲੋਕਾਂ ਦੇ ਦਿਲਾਂ ਤੋਂ ਲੈ ਕੇ ਘਰਾਂ, ਟਰੈਕਟਰਾਂ, ਕਾਰਾਂ ਅਤੇ ਦੁਕਾਨਾਂ ਤੱਕ ਫੈਲ ਗਏ ਹਨ। ਬਰਾਤ ਚੜ੍ਹਨ ਵੇਲੇ ਵੀ ਝੰਡਾ ਫੜ ਕੇ ਤੁਰਨ ਵਿੱਚ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ । ਵੱਖ ਵੱਖ ਰੰਗਾਂ ਦੇ ਇਨ੍ਹਾਂ ਝੰਡਿਆਂ ‘ਚ ਲੋਕਾਂ ਦੀ ਸਮੂਹਿਕ ਹਸਤੀ ਦਾ ਮਾਣ ਇਨ੍ਹਾਂ ਦਾ ਸਾਂਝਾ ਰੰਗ ਹੈ। ਹੱਕ ਸੱਚ ਲਈ ਡਟਣ ਦੀ ਤਾਂਘ ਤੇ ਇਨਸਾਫ਼ਪਸੰਦੀ ਦੀ ਭਾਵਨਾ ਦੀ ਬੁਲੰਦੀ ਇਨ੍ਹਾਂ ਝੰਡਿਆਂ ਦਾ ਸਾਂਝਾ ਜਲੌਅ ਹੈ। ਲੋਕਾਂ ਦੇ ਦਿਲਾਂ ‘ਚ ਉੱਭਰ ਆਏ ਇਸ ਜਲੌਅ ਦਾ ਪ੍ਰਗਟਾਵਾ ਝੰਡਿਆਂ ਦੇ ਉੱਚੇ ਹੋ ਕੇ ਲਹਿਰਨ ਰਾਹੀਂ ਹੋ ਰਿਹਾ ਹੈ। ਇੱਕ ਦੂਜੇ ਦਾ ਮਾਣ ਵਧਾਉਣ ਲਈ ਭੇਂਟ ਕੀਤੇ ਜਾ ਰਹੇ ਝੰਡੇ ਸਾਡੀਆਂ ਰਵਾਇਤਾਂ ਅੰਦਰ ਉਸਾਰੂ ਅੰਸ਼ਾਂ ਦੇ ਵਧਾਰੇ ਦਾ ਸੰਕੇਤ ਵੀ ਬਣ ਰਹੇ ਹਨ। ਇਹ ਝੰਡੇ ਧਰਮਾਂ,ਜਾਤਾਂ ਤੇ ਇਲਾਕਿਆਂ ਦੀਆਂ ਵਿੱਥਾਂ ਦੇ ਉਪਰ ਫੈਲ ਗਏ ਹਨ, ਇਨ੍ਹਾਂ ਵਿੱਥਾਂ ਨੂੰ ਕਿਰਤਾਂ ਦੀਆਂ ਸਾਂਝੀਆਂ ਤੰਦਾਂ ਨੇ ਘਟਾ ਲਿਆ ਹੈ।
ਲੋਕਾਂ ਦੇ ਦਿਲਾਂ ‘ਚ ਉਤਰਨ ਲਈ ਇਨ੍ਹਾਂ ਝੰਡਿਆਂ ਨੇ ਇਕ ਲੰਮਾ ਸਫਰ ਤੈਅ ਕੀਤਾ ਹੈ। ਇਹ ਰੁੱਤ ਆਉਣ ਤਕ ਦਾ ਸਫ਼ਰ ਪਤਝੜਾਂ ਦੇ ਕਈ ਮੌਸਮਾਂ ‘ਚੋਂ ਗੁਜ਼ਰਿਆ ਹੈ। ਇੱਕ ਜ਼ਮਾਨਾ ਸੀ ਜਦੋਂ ਇਹ ਝੰਡਾ ਕਿਸੇ ਵਿਰਲੇ ਟਾਵੇਂ ਦੇ ਮੋਢੇ ‘ਤੇ ਹੀ ਦਿਖਾਈ ਦਿੰਦਾ ਸੀ। ਉਹ ਵਿਰਲਾ ਟਾਵਾਂ ਵੀ ਧਰਨੇ ‘ਤੇ ਜਾਣ ਲਈ ਜਦੋਂ ਘਰੋਂ ਤੁਰਦਾ ਸੀ ਤਾਂ ਸੱਥ ਤੱਕ ਜਾਣ ਵੇਲੇ ਉਸ ਝੰਡੇ ਨੂੰ ਮੋਢੇ ‘ਤੇ ਰੱਖਣਾ ਇੱਕ ਵੱ’ਡੀ ਜੁਅਰਤ ਦੀ ਗੱਲ ਜਾਪਦੀ ਸੀ। ਉਹ ਆਪਣੀ ਜਥੇਬੰਦੀ ਦੇ ਝੰਡੇ ਨੂੰ ਆਪਣੇ ਸਾਥੀਆਂ ਦੇ ਇਕੱਠ ਤੱਕ ਤਾਂ ਲਪੇਟ ਕੇ ਲੈ ਜਾਣਾ ਹੀ ਬਿਹਤਰ ਸਮਝਦਾ ਸੀ। ਕਿਉਂਕਿ ਉਸ ਨੂੰ ਅਜੇ ਆਪਣੇ ਭਾਈਚਾਰੇ ਅੰਦਰ ਇਹ ਝੰਡਾ ਉੱਚਾ ਲਹਿਰਾਉਣ ਦਾ ਦਾਅਵਾ ਕਰਨਾ ਬਹੁਤਾ ਮਾਣ ਭਰਿਆ ਕਾਰਜ ਨਹੀਂ ਸੀ ਜਾਪਦਾ, ਝੰਡਾ ਚੁੱਕਣ ਵਾਲੇ ਦੀ ਸੰਘਰਸ਼ ਨਿਹਚਾ ਵੀ ਅਜੇ ਡਾਵਾਂਡੋਲ ਹੁੰਦੀ ਸੀ। ਇਨ੍ਹਾਂ ਝੰਡਿਆਂ ਨੇ ਅਜੇ ਲੋਕਾਂ ਦੇ ਦਿਲਾਂ ਚ ਥਾਂ ਨਹੀਂ ਸੀ ਬਣਾਈ ਕਿਉਂਕਿ ਲੋਕਾਂ ਨੇ ਆਪਣੀ ਸਮੂਹਿਕ ਤਾਕਤ ਦੀ ਪਛਾਣ ਨਹੀਂ ਸੀ ਕੀਤੀ, ਕਿਉਂਕਿ ਅਜੇ ਸਾਂਝੇ ਹੱਕਾਂ ਦੀ ਪ੍ਰਾਪਤੀ ਦਾ ਮਾਰਗ ਦਿਖਾਈ ਨਹੀਂ ਸੀ ਦਿੱਤਾ। ਮੌਜੂਦਾ ਸੰਘਰਸ਼ ਰਾਹੀਂ ਇਹ ਪਛਾਣ ਗੂੜ੍ਹੀ ਹੋਣ ਦੇ ਵਰਤਾਰੇ ਨੇ ਜ਼ੋਰ ਫੜਿਆ ਹੈ। ਲੋਕਾਂ ਅੰਦਰ ਆਪਸੀ ਏਕੇ ਦੇ ਰਾਹ ਤੁਰਨ ਦਾ ਇਜ਼ਹਾਰ ਝੰਡਿਆਂ ਪ੍ਰਤੀ ਲਗਾਅ ਰਾਹੀਂ ਜ਼ਾਹਰ ਹੋ ਰਿਹਾ ਹੈ।
ਝੂਲਦੇ ਝੰਡਿਆਂ ਦੀ ਇਹ ਰੁੱਤ ਲਿਆਉਣ ਲਈ ਪੰਜਾਬ ਦੇ ਹਜ਼ਾਰਾਂ ਚੇਤਨ ਜੁਝਾਰਾਂ ਨੇ ਆਪਣਾ ਲਹੂ ਇਸ ਮਿੱਟੀ ‘ਚ ਡੋਲ੍ਹਿਆ ਹੈ। ਅਣਗਿਣਤ ਜ਼ਿੰਦਗੀਆਂ ਨੇ ਆਪਣੀ ਜਵਾਨੀਆਂ ਦੇ ਕੀਮਤੀ ਸਾਲ ਇਸ ਰੁੱਤ ਦੀ ਸਿਰਜਣਾ ਲਈ ਨੀਹਾਂ ‘ਚ ਚਿਣੇ ਹਨ। ਆਪਣੇ ਈਮਾਨ ਦੀ ਸੁੱਚਤਾ ਨਾਲ ਇਨ੍ਹਾਂ ਝੰਡਿਆਂ ਦੀ ਸ਼ਾਨ ਨੂੰ ਉੱਚਾ ਕੀਤਾ ਹੈ। ਉਹਨਾਂ ਸਭਨਾਂ ਦਾ ਲਹੂ ਤੇ ਮੁੜਕਾ ਇਹਨਾਂ ਦੀ ਸ਼ਾਨ ‘ਚ ਸਮੋਇਆ ਹੋਇਆ ਹੈ। ਜਿਵੇਂ ਪੰਜਾਬੀ ਲੋਕਾਂ ਦੇ ਇਕ ਗੀਤਕਾਰ ਨੇ ਕਿਰਤੀ ਲੋਕਾਂ ਦੇ ਝੰਡੇ ਨੂੰ ਸੰਬੋਧਨ ਹੁੰਦਿਆਂ ਕਿਹਾ ਸੀ
ਉੱਚਾ ਹੋ ਕੇ ਝੰਡਿਆਂ ਤੂੰ ਮਾਣ ਨਾਲ ਝੁੱਲ ਓਏ
ਲੱਖਾਂ ਹੀ ਸ਼ਹੀਦਾਂ ਦਿੱਤੀ ਜਾਨ ਤੇਰਾ ਮੁੱਲ ਓਏ
ਅੱਜ ਲੋਕਾਈ ਦੇ ਹੱਥਾਂ ‘ਚ ਫੈਲ ਗਏ ਇਹ ਝੰਡੇ ਉਨ੍ਹਾਂ ਸ਼ਹਾਦਤਾਂ ਦੇ ਅਰਥ ਵੀ ਉਘਾੜ ਰਹੇ ਹਨ।

ਇਹ ਝੰਡੇ ਜਥੇਬੰਦ ਹੋਈ ਲੋਕ ਸ਼ਕਤੀ ਦੇ ਉੱਭਰ ਆਉਣ ਦਾ ਪ੍ਰਤੀਕ ਹਨ। ਇਹ ਝੰਡੇ ਪੰਜਾਬ ਦੇ ਲੋਕਾਂ ਅੰਦਰ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੇ ਵਿਚਾਰ ਦੀ ਵਧ ਰਹੀ ਹਰਮਨਪਿਆਰਤਾ ਦਾ ਪ੍ਰਗਟਾਵਾ ਹਨ। ਝੰਡਿਆਂ ਦਾ ਏਨੇ ਵਿਆਪਕ ਪੈਮਾਨੇ ‘ਤੇ ਝੂਲਣਾ ਦੱਸਦਾ ਹੈ ਕਿ ਲੋਕਾਂ ਅੰਦਰ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਦੀ ਚੇਤਨਾ ਡੂੰਘੀਆਂ ਜੜ੍ਹਾਂ ਜਮਾ ਰਹੀ ਹੈ। ਇਸ ਚੇਤਨਾ ਦੇ ਸਿਰ ‘ਤੇ ਜਥੇਬੰਦ ਹੋਣ ਦੇ ਰਾਹ ਪਏ ਲੋਕਾਂ ਦੇ ਮਨਾਂ ‘ਚ ਆਪਣੀ ਤਾਕਤ ਦਾ ਅਹਿਸਾਸ ਜਾਗ ਰਿਹਾ ਹੈ। ਇਨ੍ਹਾਂ ਝੂਲਦੇ ਝੰਡਿਆਂ ਨੇ ਮੌਕਾਪ੍ਰਸਤ ਸਿਆਸਤਦਾਨਾਂ ਦੀਆਂ ਵੰਡੀਆਂ ਪਾਉਂਦੀਆਂ ਝੰਡੀਆਂ ਨੂੰ ਪੂਰੀ ਤਰ੍ਹਾਂ ਮਧੋਲ ਦਿੱਤਾ ਹੈ। ਇਨ੍ਹਾਂ ਝੰਡੀਆਂ ਦੀ ਲੋਰ ‘ਚੋਂ ਬਾਹਰ ਲੈ ਆਂਦਾ ਹੈ। ਲੋਕਾਂ ਨਾਲ ਵਫ਼ਾ ਦੇ ਵਾਅਦੇ ਕਰਕੇ ਮੁੱਕਰ ਜਾਣ ਵਾਲੀਆਂ ਪਾਰਟੀਆਂ ਦੀਆਂ ਝੰਡੀਆਂ ਲੋਕਾਂ ਦੇ ਨੱਕੋਂ-ਬੁਲ੍ਹੋਂ ਲਹਿ ਗਈਆਂ ਹਨ । ਇਨ੍ਹਾਂ ਪਾਰਟੀਆਂ ਦੀ ਮੌਕਾਪ੍ਰਸਤ ਸਿਆਸਤ ਤੋਂ ਛੁਟਕਾਰੇ ਦੀ ਤੇਜ਼ ਹੋਈ ਤਾਂਘ ਦਾ ਝਲਕਾਰਾ ਵੀ ਇਨ੍ਹਾਂ ਝੰਡਿਆਂ ਦੇ ਘਰ ਘਰ ਦੀ ਛੱਤ ਉੱਪਰ ਲੱਗੇ ਹੋਣ ਤੋਂ ਮਿਲਦਾ ਹੈ। ਇਸ ਸਿਆਸਤ ਦੇ ਖਰੇ ਬਦਲ ਦੀ ਤਲਾਸ਼ ਦਰਮਿਆਨ ਹਕੀਕੀ ਬਦਲ ਦਾ ਝਲਕਾਰਾ ਦੇਖ ਲੈਣ ਦਾ ਪ੍ਰਗਟਾਵਾ ਵੀ ਹੁੰਦਾ ਹੈ।
ਕਿਸਾਨੀ ਸੰਘਰਸ਼ ਦਾ ਝੰਡਾ ਲੋਕਾਂ ਦੀ ਅਧਿਕਾਰ ਸ਼ਕਤੀ ਦਾ ਇਕ ਸਾਂਝਾ ਚਿੰਨ੍ਹ ਬਣ ਕੇ ਉੱਭਰਿਆ ਹੈ। ਅੱਜ ਕੱਲ੍ਹ ਪੰਜਾਬ ਤੇ ਹਰਿਆਣੇ ਅੰਦਰ ਦਰਜਨਾਂ ਟੋਲ ਪਲਾਜ਼ਿਆਂ ‘ਤੇ ਲੱਗੇ ਹੋਏ ਝੰਡਿਆਂ ਨੇ ਲੋਕਾਂ ਨੂੰ ਟੋਲ ਪਲਾਜ਼ਿਆਂ ਦੀ ਪਰਚੀ ਤੋਂ ਮੁਕਤ ਕੀਤਾ ਹੋਇਆ ਹੈ। ਹੁਣ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਫਰੀ ਕਰਨ ਲਈ ਉਥੇ ਹਜ਼ਾਰਾਂ ਦੀ ਤਦਾਦ ‘ਚ ਲੋਕਾਂ ਦਾ ਹੋਣਾ ਜ਼ਰੂਰੀ ਨਹੀਂ ਹੈ। ਲੋਕ ਤਾਕਤ ਦੇ ਚਿੰਨ੍ਹ ਵਜੋਂ ਝੂਲ ਰਿਹਾ ਝੰਡਾ ਹੀ ਕਾਫ਼ੀ ਹੈ। ਜਿਵੇਂ ਰਾਜ ਭਾਗ ਦੀ ਸ਼ਕਤੀ ਦੇ ਚਿੰਨ੍ਹ ਵਜੋਂ ਪੁਲੀਸ ਦੇ ਇਕ ਸਿਪਾਹੀ ਦਾ ਖੜ੍ਹੇ ਹੋਣਾ ਹੀ ਕਾਫ਼ੀ ਹੁੰਦਾ ਹੈ ਕਿਉਂਕਿ ਲੋਕ ਮਨਾਂ ਚ ਰਾਜਭਾਗ ਦੀ ਸ਼ਕਤੀ ਦਾ ਖ਼ੌਫ਼ ਬੈਠਿਆ ਹੁੰਦਾ ਹੈ। ਪਰ ਹੁਣ ਲੋਕ ਮਨਾਂ ‘ਚੋਂ ਇਸ ਖ਼ੌਫ਼ ਦਾ ਹਨੇਰਾ ਛਟ ਰਿਹਾ ਹੈ। ਝੂਲਦੇ ਝੰਡੇ ਲੋਕ ਮਨਾਂ ਅੰਦਰ ਆਪਣੇ ਏਕੇ ਦੀ ਤਾਕਤ ਦੇ ਫੈਲ ਰਹੇ ਚਾਨਣ ਦਾ ਪ੍ਰਤੀਕ ਬਣ ਕੇ ਉੱਭਰੇ ਹਨ।
ਲੋਕਾਂ ਵੱਲੋਂ ਇਹ ਝੰਡੇ ਕਿਸਾਨ ਸੰਘਰਸ਼ ਦਾ ਸਮਰਥਨ ਕਰਨ ਲਈ ਵੀ ਲਾਏ ਜਾ ਰਹੇ ਹਨ, ਸੰਘਰਸ਼ ਕਰ ਰਹੇ ਵੱਡੇ ਭਾਈਚਾਰੇ ਦਾ ਅੰਗ ਹੋਣ ਦੀ ਭਾਵਨਾ ਨਾਲ ਵੀ ਲਾਏ ਜਾ ਰਹੇ ਹਨ। ਸਫ਼ਰ ‘ਤੇ ਤੁਰਨ ਵੇਲੇ ਸੁਰੱਖਿਆ ਦੇ ਅਹਿਸਾਸ ਵਜੋਂ ਵੀ ਲਾਏ ਜਾ ਰਹੇ ਹਨ। ਇਹ ਸੁਰੱਖਿਆ ਲੋਕਾਂ ਨੂੰ ਰਾਜ ਭਾਗ ਦੀਆਂ ਸ਼ਕਤੀਆਂ ਤੋਂ ਲੋੜੀਂਦੀ ਹੈ, ਲੋਕਾਂ ਦੀ ਸੁਰੱਖਿਆ ਦਾ ਦਾਅਵਾ ਕਰਨ ਵਾਲੇ ਸੜਕਾਂ ‘ਤੇ ਮਿਲਦੇ ਪੁਲੀਸ ਬਲਾਂ ਤੋਂ ਲੋੜੀਂਦੀ ਹੈ। ਸਮਾਜ ਅੰਦਰ ਦਨਦਨਾਉਂਦੇ ਫਿਰਦੇ ਗੁੰਡਾ-ਗਰੋਹਾਂ ਤੇ ਕਾਕਾਸ਼ਾਹੀ ਤੋਂ ਲੋੜੀਂਦੀ ਹੈ। ਥਾਣਿਆਂ ਕਚਹਿਰੀਆਂ ਦੇ ਅੰਦਰ ਮਾਣ ਸਨਮਾਨ ਵਾਲਾ ਵਿਹਾਰ ਹਾਸਲ ਕਰਨ ਲਈ ਵੀ ਇਹ ਝੰਡਾ ਲੋਕਾਂ ਦੀ ਜ਼ਰੂਰਤ ਬਣਦਾ ਹੈ। ਪੰਜਾਬ ਦੀ ਜਥੇਬੰਦ ਹੋ ਰਹੀ ਕਿਸਾਨੀ ਨੇ ਪਿਛਲੇ ਡੇਢ ਦੋ ਦਹਾਕਿਆਂ ਦੌਰਾਨ ਆਪਣੀ ਜਥੇਬੰਦੀਆਂ ਦੇ ਪ੍ਰਭਾਵ ਵਾਲੀਆਂ ਪੱਟੀਆਂ ਅੰਦਰ ਛਾਤੀ ‘ਤੇ ਚਿਪਕਾਏ ਬੈਜ ਅਤੇ ਮੋਢੇ ‘ਤੇ ਰੱਖੇ ਝੰਡੇ ਦੀਆਂ ਬਰਕਤਾਂ ਦੇਖੀਆਂ ਹੋਈਆਂ ਹਨ। ਨਿਆਸਰੀ ਲੋਕਾਈ ਨੂੰ ਇਸ ਝੰਡੇ ਦਾ ਆਸਰਾ ਲੈਂਦਿਆਂ ਦੇਖਿਆ ਹੈ। ਪੇਂਡੂ ਸਮਾਜ ਅੰਦਰ ਆਰਥਿਕ ਸਮਾਜਿਕ ਪੌੜੀ ਦੇ ਹੇਠਲੇ ਡੰਡੇ ‘ਤੇ ਵਿਚਰਦੇ ਇਹ ਹਿੱਸੇ ਆਪਣੀ ਜਥੇਬੰਦ ਤਾਕਤ ਦੇ ਜ਼ੋਰ ਕਚਹਿਰੀਆਂ ਤੇ ਸਰਕਾਰੀ ਦਫ਼ਤਰਾਂ ਅੰਦਰ ਆਪਣੀ ਸੁਣਵਾਈ ਹੋਣ ਦਾ ਹੱਕ ਹਾਸਲ ਕਰਦੇ ਆ ਰਹੇ ਹਨ। ਸਦੀਆਂ ਤੋਂ ਬੇਵੁੱਕਤੇ ਤੁਰੇ ਆ ਰਹੇ ਲੋਕਾਂ ਨੇ ਇਨ੍ਹਾਂ ਝੰਡਿਆਂ ਰਾਹੀਂ ਆਪਣੀ ਵੁੱਕਤ ਦਾ ਅਹਿਸਾਸ ਹੰਢਾਇਆ ਹੈ। ਇਹ ਅਹਿਸਾਸ ਸੰਘਰਸ਼ਾਂ ਦੀਆਂ ਅਟੁੱਟ ਲੜੀਆਂ ਰਾਹੀਂ ਹੋਰ ਡੂੰਘਾ ਹੁੰਦਾ ਤੁਰਿਆ ਗਿਆ ਹੈ। ਸਰਕਾਰੇ ਦਰਬਾਰੇ ਆਪਣੀ ਸੁਣਵਾਈ ਖ਼ਾਤਰ ਪੇਂਡੂ ਧਨਾਢ ਚੌਧਰੀਆਂ ਦੀ ਮੁਥਾਜਗੀ ਦੀ ਥਾਂ ਲੋਕਾਂ ਦੀ ਟੇਕ ਆਪਣੀ ਜਥੇਬੰਦ ਤਾਕਤ ‘ਤੇ ਵਧਦੀ ਤੁਰੀ ਗਈ ਹੈ। ਹਰ ਧੱਕੇ ਵਿਤਕਰੇ ਖ਼ਿਲਾਫ਼ ਸੰਘਰਸ਼ ਦਾ ਝੰਡਾ ਗੱਡ ਦੇਣ ਦਾ ਰੁਝਾਨ ਜ਼ੋਰ ਫੜਦਾ ਗਿਆ ਹੈ ਜਿਹੜਾ ਇਸ ਸੰਘਰਸ਼ ਦੌਰਾਨ ਅਗਲੇ ਸਿਖਰ ‘ਤੇ ਪੁੱਜਿਆ ਹੈ। ਇਹ ਝੰਡੇ ਨਿਓਟਿਆਂ ਦੀ ਓਟ ਤੇ ਨਿਤਾਣਿਆਂ ਦਾ ਤਾਣ ਬਣਦੇ ਦਿਖਣ ਲੱਗੇ ਹਨ। ਪਰ ਇਹ ਓਟ ਸ਼ਕਤੀ ਕੋਈ ਪਰਾਈ ਸ਼ਕਤੀ ਨਹੀਂ ਹੈ ਲੋਕਾਂ ਦੇ ਆਪਣੀ ਅੰਦਰਲੀ ਸ਼ਕਤੀ ਹੈ।
ਵਰ੍ਹਿਆਂ ਬੱਧੀ ਸੰਘਰਸ਼ ਚੇਤਨਾ ਤੋਂ ਬੇਮੁੱਖ ਹੋਈ ਰਹੀ ਪੰਜਾਬ ਦੀ ਜਵਾਨੀ ਦੇ ਹੱਥਾਂ ‘ਚ ਇਨ੍ਹਾਂ ਝੰਡਿਆਂ ਦਾ ਲਹਿਰਦੇ ਹੋਣਾ ਪੰਜਾਬ ਲਈ ਬਹੁਤ ਹੀ ਸੁਲੱਖਣਾ ਸਮਾਂ ਹੈ। ਸੰਘਰਸ਼ ਦੌਰਾਨ ਲੱਖਾਂ ਦੁਸ਼ਵਾਰੀਆਂ ਦੇ ਬਾਵਜੂਦ ਵੀ ਇਹ ਸੁਲੱਖਣਾ ਸਮਾਂ ਹੈ ਕਿਉਂਕਿ ਜ਼ਿੰਦਗੀ ਦੀ ਬਿਹਤਰੀ ਦਾ ਮਾਰਗ ਸਾਂਝੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਇਨ੍ਹਾਂ ਝੰਡਿਆਂ ਦੇ ਹੋਰ ਉੱਚਾ ਝੂਲਣ ਨਾਲ ਹੀ ਪੰਜਾਬ ਦੀ ਜਵਾਨੀ ਦਾ ਭਵਿੱਖ ਜੁਡ਼ਿਆ ਹੋਇਆ ਹੈ। ਸ਼ਾਲਾ! ਇਹ ਝੰਡੇ ਹੋਰ ਜ਼ਿਆਦਾ ਹੱਥਾਂ ‘ਚ ਫੈਲਣ, ਦਿਲਾਂ ‘ਚ ਹੋਰ ਡੂੰਘੇ ਉੱਤਰਨ ਤੇ ਹੋਰ ਉੱਚੇ ਝੂਲਣ।

-ਪਾਵੇਲ ਕੁੱਸਾ

Jeeo Punjab Bureau

Leave A Reply

Your email address will not be published.