ਕਸ਼ਮੀਰੀ ਕੌਮ ਦੇ ਸਵੈ ਨਿਰਣੇ ਦੇ ਹੱਕ ਨੂੰ ਬੁਲੰਦ ਕਰੋ !

89

ਪੁਲਵਾਮਾ ਘਟਨਾਕ੍ਰਮ 2019 ਵਿੱਚ ਉਸ ਸਮੇਂ ਵਾਪਰਿਆ ਸੀ ਜਦੋਂ ਮੋਦੀ ਹਕੂਮਤ ਪੂਰੀ ਤਰ੍ਹਾਂ ਲੋਕ ਰੋਹ ਦੀ ਸ਼ਿਕਾਰ ਸੀ ਅਤੇ ਲੋਕ ਸਭਾ ਚੋਣਾਂ ਸਿਰ ਤੇ ਸਨ।

ਇਹ ਘਟਨਾ ਅਤੇ ਇਸ ਨਾਲ ਜੁੜਕੇ ਕੀਤੇ ਗਏ ਬਾਲਾਕੋਟ ਹਮਲੇ ਰਾਹੀਂ ਸਿਰਜੀ ਗਈ ਕੌਮੀ ਸ਼ਾਵਨਵਾਦੀ ਲਹਿਰ ਦੀਆਂ ਛੱਲਾਂ ਤੇ ਸਵਾਰ ਹੋ ਕੇ ਮੋਦੀ ਹਕੂਮਤ ਦੂਜੀ ਵਾਰ ਸੱਤਾ ਵਿੱਚ ਆਈ ਸੀ। ਤੇ ਇਨ੍ਹਾਂ ਛੱਲਾਂ ਨੂੰ ਹਵਾ ਦਿੰਦਿਆਂ ਹੀ ਉਹਨੇ ਅਗਲੇ ਸਮੇਂ ਵਿੱਚ ਕਸ਼ਮੀਰ ਦੀ ਧਰਤੀ ਤੇ ਸੰਗੀਨਾਂ ਦੀ ਛਾਂ ਹੇਠ ਧਾਰਾ ਤਿੱਨ ਸੌ ਸੱਤਰ ਰੱਦ ਕੀਤੀ ਸੀ ।

ਪੁਲਵਾਮਾ ਹਮਲੇ ਦੌਰਾਨ ਮਾਰੇ ਗਏ ਫੌਜੀ ਸੈਨਿਕ ਭਾਰਤ ਦੀ ਧਰਤ ਦੇ ਉਹਨਾਂ ਲੱਖਾਂ ਜਾਇਆਂ ਵਿੱਚੋਂ ਸਨ ਜਿਹਨਾਂ ਨੂੰ ਭਾਰਤੀ ਹਕੂਮਤ ਆਪਣੇ ਹੀ ਲੋਕਾਂ ਖ਼ਿਲਾਫ਼ ਵਰਤਦੀ ਰਹੀ ਹੈ।ਜਿਵੇਂ ਕਿ ਸੁਰਜੀਤ ਪਾਤਰ ਦੀਆਂ ਲਾਈਨਾਂ ਹਨ “ਕੀ ਮੋੜ ਮੁੜ ਗਏ ਆਂ, ਗ਼ੈਰਾਂ ਨਾ’ ਜੁੜ ਗਏ ਆਂ, ਜੀਹਦੇ ਗਲ ਸੀ ਹਾਰ ਹੋਣਾ,ਓਹਦੀ ਹਿੱਕ ‘ਚ ਪੁੜ ਗਏ ਆਂ….”।

ਲੋਕਾਂ ਦੀ ਸਾਂਝੀ ਦੁਸ਼ਮਣ ਭਾਰਤੀ ਹਕੂਮਤ ਇਨ੍ਹਾਂ ਰੁਜ਼ਗਾਰ ਬੱਧੇ ਭਾਰਤ ਦੇ ਜਾਇਆਂ ਨੂੰ ਆਪਣੇ ਕਸ਼ਮੀਰੀ ਭਰਾਵਾਂ ਦੀ ਹਿੱਕ ਵਿਚ ਪੁੜ੍ਹਨ ਲਈ ਲਿਜਾ ਰਹੀ ਸੀ।

ਅੱਜ ਦਾ ਦਿਨ ਭਾਰਤ ਦੀ ਸਿਆਸਤ ਦੇ ਲੋਕ ਲਹੂ ਤੇ ਖਡ਼੍ਹੇ ਹੋਣ ਦੀ ਤਸਵੀਰ ਪੇਸ਼ ਕਰਦਾ ਦਿਨ ਹੈ,ਇਸ ਦੇ ਭਰਾ ਮਾਰੂ ਅਤੇ ਪਾਟਕ ਪਾਊ ਖਾਸੇ ਨੂੰ ਉਜਾਗਰ ਕਰਦਾ ਦਿਨ ਹੈ,ਘੱਟ ਗਿਣਤੀ ਕੌਮੀਅਤਾਂ ਪ੍ਰਤੀ ਇਹਦੇ ਦੁਸ਼ਮਣਾਨਾ ਰਿਸ਼ਤੇ ਦੀ ਪਛਾਣ ਗੂੜ੍ਹੀ ਕਰਦਾ ਦਿਨ ਹੈ।ਇਹ ਦਿਨ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੇ ਹੱਕ ਨੂੰ ਹੋਰ ਵਧੇਰੇ ਬੁਲੰਦ ਕਰਨ ਦਾ ਦਿਨ ਬਣਨਾ ਚਾਹੀਦਾ ਹੈ।ਕਸ਼ਮੀਰ ਅੰਦਰੋਂ ਭਾਰਤੀ ਫੌਜਾਂ ਦੀ ਵਾਪਸੀ ਦੀ ਮੰਗ ਬੁਲੰਦ ਕਰਨ ਦਾ ਦਿਨ ਬਣਨਾ ਚਾਹੀਦਾ ਹੈ। ਅੰਧ ਰਾਸ਼ਟਰਵਾਦ ਨੂੰ ਰੱਦ ਕਰਨ ਅਤੇ ਖਰੀ ਦੇਸ਼ ਭਗਤੀ ਨੂੰ ਉਭਾਰਨ ਦਾ ਦਿਨ ਬਣਨਾ ਚਾਹੀਦਾ ਹੈ।ਭਾਰਤੀ ਮਾਵਾਂ ਦੇ ਪੁੱਤਾਂ ਨੂੰ ਹਕੂਮਤ ਦੇ ਸੌੜੇ ਸਿਆਸੀ ਮੰਤਵਾਂ ਦੀ ਭੇਟ ਚਾੜ੍ਹੇ ਜਾਣ ਖ਼ਿਲਾਫ਼ ਆਵਾਜ਼ ਉਠਾਉਣ ਦਾ ਦਿਨ ਬਣਨਾ ਚਾਹੀਦਾ ਹੈ ।

Jeeo Punjab Bureau

Leave A Reply

Your email address will not be published.