ਤਿੱਖੇ ਹੋ ਰਹੇ ਸੰਕਟ ਦਰਮਿਆਨ ਮੋਦੀ ਹਕੂਮਤ ਵੱਲੋਂ ਕਾਰਪੋਰੇਟਾਂ ਨੂੰ ਸੁਨੇਹਾ – ਸਾਡੇ ਤੋਂ ਵੱਧ ਵਫ਼ਾਦਾਰ ਕੋਈ ਨਹੀਂ

107

ਜੀਓ ਪੰਜਾਬ ਬਿਊਰੋ

ਦੇਸ਼ ਵਿੱਚ ਖੇਤੀ ਕਾਨੂੰਨਾਂ ਨਾਲ ਜੁੜ ਕੇ ਮੋਦੀ ਹਕੂਮਤ ਵੱਲੋੰ ਅੰਬਾਨੀ ਅਡਾਨੀ ਵਰਗੇ ਕਾਰਪੋਰੇਟਾਂ ਨੂੰ ਸਭ ਕੁਝ ਲੁਟਾਉਣ ਦੀਆਂ ਨੀਤੀਆਂ ਲੋਕਾਂ ਦੇ ਨਿਸ਼ਾਨੇ ਤੇ ਆ ਰਹੀਆਂ ਹਨ।

ਏਸ ਲੋਕ ਰੋਹ ਦੀ ਤਾਬ ਹੇਠ ਅਨੇਕਾਂ ਪਾਰਲੀਮਾਨੀ ਸਿਆਸੀ ਪਾਰਟੀਆਂ ਨੂੰ ਵੀ ਆਪਣੇ ਹਕੀਕੀ ਏਜੰਡੇ ਤੋਂ ਉਲਟ ਜਾ ਕੇ ਕਾਰਪੋਰੇਟ ਵਿਰੋਧੀ ਲੋਕ ਸੁਰ ਵਿੱਚ ਆਪਣੀ ਸੁਰ ਮਿਲਾਉਣੀ ਪੈ ਰਹੀ ਹੈ।

ਪਰ ਭਾਜਪਾ ਹਕੂਮਤ   ਇਨ੍ਹਾਂ ਨੀਤੀਆਂ ਖ਼ਿਲਾਫ਼ ਉੱਠ ਰਹੀਆਂ ਆਵਾਜ਼ਾਂ ਦੇ ਭਖੇ ਮਾਹੌਲ ਦਰਮਿਆਨ ਵੀ ਵਾਰ ਵਾਰ ਸਾਮਰਾਜੀਆਂ ਕਾਰਪੋਰੇਟਾਂ ਨੂੰ ਆਪਣੀ ਵਫ਼ਾਦਾਰੀ ਦੀਆਂ ਯਕੀਨਦਹਾਨੀਆਂ ਕਰ ਰਹੀ ਹੈ ਤੇ ਭਾਰਤੀ ਸਿਆਸਤ ਅੰਦਰ ਹੁਣ ਦੇ ਸਮੇਂ ਕਾਰਪੋਰੇਟਾਂ ਦੇ ਹਿੱਤਾਂ ਨੂੰ ਸਭ ਤੋਂ ਵੱਧ ਮਾਫ਼ਕ ਸਰਕਾਰ ਵਜੋਂ ਆਪਣਾ ਰੋਲ ਨਿਭਾਅ ਰਹੀ ਹੈ।

ਬੀਤੇ ਦਿਨੀਂ ਲੋਕ ਸਭਾ ਵਿੱਚ ਭਾਸ਼ਨ ਦੌਰਾਨ ਮੋਦੀ ਨੇ ਇਕ ਵਾਰ ਫਿਰ ਤੋਂ ਨਿੱਜੀ ਖੇਤਰ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ ਅਤੇ ਸਿਰਫ਼ ਅੰਬਾਨੀ ਅਡਾਨੀ ਦਾ ਵਿਕਾਸ ਕਰਨ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ  “ਹੁਣ ਨਿੱਜੀ ਖੇਤਰ ਨੂੰ ਨਿੰਦ ਕੇ ਵੋਟਾਂ ਹਾਸਲ ਕਰਨ ਦਾ ਸਮਾਂ ਨਹੀਂ ਰਿਹਾ।ਭਾਰਤ ਵਾਸਤੇ ਜਾਇਦਾਦ ਪੈਦਾ ਕਰਨ ਵਾਲੇ ਲੋਕ ਜ਼ਰੂਰੀ ਹਨ।

ਜੇ ਕੋਈ ਆਈਏਐੱਸ ਅਫ਼ਸਰ ਹੈ ਤਾਂ ਕੀ ਉਹ ਖਾਦਾਂ-ਰਸਾਇਣਾਂ ਦੀਆਂ ਫੈਕਟਰੀਆਂ ਤੇ ਏਅਰਲਾਈਨਾਂ ਚਲਾ ਸਕਦਾ ਹੈ?ਅਸੀਂ ਕੌਮ ਨੂੰ ਬਾਬੂਆਂ ਦੇ ਹਵਾਲੇ ਕਰਕੇ ਕੀ ਹਾਸਿਲ ਕਰ ਲਵਾਂਗੇ?” ਪ੍ਰਧਾਨ ਮੰਤਰੀ ਨੇ ਸਾਫ ਸ਼ਬਦਾਂ ਵਿਚ ਕਾਰਪੋਰੇਟਾਂ ਸਾਮਰਾਜੀਆਂ ਨੂੰ ਹੀ ਮੁਲਕ ਦੇ ਸਾਰੇ ਖੇਤਰ ਚਲਾਉਣ ਵਾਲੇ ਯੋਗ ਵਿਅਕਤੀਆਂ ਵਜੋਂ ਪੇਸ਼ ਕੀਤਾ ਹੈ।

ਉਸ ਤੋਂ ਦੋ ਦਿਨ ਬਾਅਦ ਨਿਰਮਲਾ ਸੀਤਾਰਮਨ ਨੇ ਕਾਰਪੋਰੇਟੀ ਸੁਧਾਰਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰੇ ਜ਼ੋਰ ਨਾਲ ਫਿਰ ਐਲਾਨਿਆ ਹੈ।ਉਸ ਅਨੁਸਾਰ 1991 ਅੰਦਰ ਸੁਧਾਰ ਤਾਂ ਕਾਂਗਰਸ ਨੇ ਦਬਾਅ ਹੇਠ ਕੀਤੇ ਸਨ ਤੇ ਬਾਅਦ ਚ ਉਹ ਇਨ੍ਹਾਂ ਨੂੰ ਲਾਗੂ ਕਰਨ ਵਿੱਚ  ਡਾਵਾਂ ਡੋਲ ਰਹੀ ਹੈ, ਪਰ ਭਾਜਪਾ ਜਨਸੰਘ ਦੇ ਸਮੇਂ ਤੋਂ ਹੀ ਇਨ੍ਹਾਂ ਸੁਧਾਰਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸਦੀਆਂ ਇਹ ਸੁਧਾਰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲਗਾਤਾਰਤਾ ਹੈ।

ਉਸ ਨੇ ਕਿਹਾ ਹੈ ਕਿ 1948 ਤੋਂ ਬਾਅਦ ਲਾਗੂ ਕੀਤੀਆਂ  ਸੰਸਥਾਵਾਂ ਦੇ ਕੌਮੀਕਰਨ ਦੀਆਂ ਤੇ ਮਿਸ਼ਰਤ ਸਮਾਜਵਾਦੀ ਨੀਤੀਆਂ ਨੇ ਭਾਰਤੀ ਕਾਰੋਬਾਰਾਂ ਦਾ ਨਿਘਾਰ ਕੀਤਾ ਅਤੇ ਕਾਰੋਬਾਰ ਬੇਹੱਦ ਮੁਸ਼ਕਿਲ ਬਣਾ ਦਿੱਤੇ। ਜਿੰਨਾ ਚਿਰ ਧਨ ਬਣਾਉਣ   ਵਾਲੇ ਧਨ ਨਹੀਂ ਬਣਾਉੰਦੇ, ਓਨਾ ਚਿਰ ਅਰਥਚਾਰੇ ਦਾ ਵਿਕਾਸ ਨਹੀਂ ਹੋ ਸਕਦਾ।ਹੁਣ ਦੇ ਸਮੇਂ ਪਬਲਿਕ ਖੇਤਰ ਵਿੱਚੋਂ ਨਿਵੇਸ਼ ਵਾਪਸ ਖਿੱਚਣ ਦੀ ਜ਼ੋਰਦਾਰ ਵਕਾਲਤ ਕਰਦਿਆਂ ਉਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਮਾੜੀ ਮੋਟੀ ਜਾਂ ਸਤਹੀ ਪਹੁੰਚ ਨਾਲ ਕੰਮ ਨਹੀਂ ਚੱਲ ਸਕਦਾ।ਮਹਾਂਮਾਰੀ ਦੀ ਸਥਿਤੀ ਵੀ ਸਾਨੂੰ ਇਹ ਸੁਧਾਰ ਕਰਨੋੰ ਨਹੀਂ ਰੋਕ ਸਕਦੀ।

ਖੇਤੀ ਬਿੱਲਾਂ ਖ਼ਿਲਾਫ਼ ਵਧਦੇ ਜਾ ਰਹੇ ਮੁਲਕ ਪੱਧਰੀ  ਅਤੇ ਅੰਤਰਰਾਸ਼ਟਰੀ  ਦਬਾਅ ਦਾ ਸਾਹਮਣਾ ਕਰਕੇ ਵੀ ਮੋਦੀ ਹਕੂਮਤ ਵੱਲੋੰ ਕਾਰਪੋਰੇਟੀ ਸਾਮਰਾਜੀ ਹਿੱਤਾਂ ਪ੍ਰਤੀ ਵਚਨਬੱਧਤਾ ਦਾ ਇਹ ਸੁਨੇਹਾ ਇਹੋ ਸੰਕੇਤ ਕਰਦਾ ਹੈ ਕਿ ਹਕੂਮਤੀ ਨੀਤੀਆਂ ਖਿਲਾਫ਼ ਲੋਕ ਸੰਘਰਸ਼ ਹੋਰ ਵਧੇਰੇ ਦ੍ਰਿੜ੍ਹਤਾ,ਚੇਤਨਾ, ਲੰਬੇ ਸਬਰ ਅਤੇ ਹੋਰ ਤਿੱਖੀ  ਤਿਆਰੀ ਦੀ ਮੰਗ ਕਰਦੇ ਹਨ।

– ਲੋਕ ਮੋਰਚਾ ਪੰਜਾਬ

Jeeo Punjab Bureau

1 Comment
  1. ਜੁਲਿਫਕਾਰ ਅਲੀ ਵਕੀਲ says

    ਸਹੀ ਲਿਖਿਆ ਹੈ । ਕੋਈ ਸੱਕ ਨਹੀ ਇਸ ਵਿੱਚ। ਇਹ ਸਘੰਰਸ਼ ਲੰਬਾ ਚੱਲੇਗਾ । ਇਸ ਫਾਸੀਵਾਦੀ ਸਰਕਾਰ ਦੇ ਕਾਫਿਨ ਵਿੱਚ ਆਖਰੀ ਕਿਲ ਹੋਵੇਗਾ । ਰੱਬ ਨੇ ਚਾਹਿਆ।

Leave A Reply

Your email address will not be published.